ਸੜਕ ਹਾਦਸੇ ’ਚ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਅੰਮ੍ਰਿਤਸਰ (ਟਨਸ): ਅੰਮ੍ਰਿਤਸਰ-ਮਹਿਤਾ ਰੋਡ ’ਤੇ ਸਥਿਤ ਪਿੰਡ ਜੀਵਨ ਪੰਧੇਰ ਨੇੜੇ ਅੱਜ ਟਿੱਪਰ ਤੇ ਕਾਰ ਵਿਚਾਲੇ ਟੱਕਰ ਹੋਣ ਕਾਰਨ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਦੇਵ ਸਿੰਘ (65) ਅਤੇ ਮਲਕੀਤ ਕੌਰ (60), ਧਰਮਿੰਦਰ ਸਿੰਘ (30) ਤਿੰਨੇ ਵਾਸੀ ਪਿੰਡ ਬੋਜਾ ਅਤੇ ਪਰਮਜੀਤ ਕੌਰ (35) ਵਾਸੀ ਬਾਲਪੁਰੀਆ ਵਜੋਂ ਹੋਈ। ਇਹ ਸਾਰੇ ਮ੍ਰਿਤਕ ਗੁਰਦੇਵ ਸਿੰਘ ਦੇ ਪੋਤੇ ਦਿਲਪ੍ਰੀਤ ਸਿੰਘ ਨੂੰ ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਇੰਗਲੈਂਡ ਦਾ ਜਹਾਜ਼ ਚੜ੍ਹਾਉਣ ਬਾਅਦ ਘਰ ਪਰਤ ਰਹੇ ਸਨ। ਮਾਮਲੇ ਦੇ ਜਾਂਚ ਅਧਿਕਾਰੀ ਤਰਸਿੱਕਾ ਥਾਣੇ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਘਟਨਾ ਜੀਵਨ ਪੰਧੇਰ ਪਿੰਡ ਦੇ ਨੇੜੇ ਵਾਪਰੀ ਹੈ। ਉਨ੍ਹਾਂ ਕਿਹਾ ਕਿ ਚਾਰਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ। ਦਿਲਪ੍ਰੀਤ ਸਿੰਘ ਦੇ ਮਾਪਿਆਂ ਸਣੇ ਉਨ੍ਹਾਂ ਦੇ ਰਿਸ਼ਤੇਦਾਰ ਦੂਜੀ ਕਾਰ ਵਿੱਚ ਸਫ਼ਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਟਿੱਪਰ ਚਾਲਕ ਹਾਦਸੇ ਮਗਰੋਂ ਫ਼ਰਾਰ ਹੋ ਗਿਆ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਸਮੇਂ ਹਾਜ਼ਰ ਇੱਕ ਜਣੇ ਨੇ ਪੁਲੀਸ ਨੂੰ ਦੱਸਿਆ ਕਿ ਟਿੱਪਰ ਚਾਲਕ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ। ਪੁਲੀਸ ਨੇ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ।