ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਨੂੰ ਸਕਾਰਪੀਓ ਨੇ ਮਾਰੀ ਟੱਕਰ, ਇਕ ਦੀ ਮੌਤ
ਪੱਤਰ ਪ੍ਰੇਰਕ
ਮਾਨਸਾ, 3 ਜਨਵਰੀ
ਸ਼ਹਿਰ ਦੇ ਤਿੰਨਕੋਣੀ ਚੌਕ ਵਿੱਚ ਬੀਤੀ ਰਾਤ ਮੋਟਰਸਾਈਕਲ ਸਵਾਰ ਦੋ ਭਰਾਵਾਂ ਨੂੰ ਸਕਾਰਪੀਓ ਗੱਡੀ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਅਮਰੀਕ ਸਿੰਘ ਵਾਸੀ ਵਾਰਡ ਨੰਬਰ ਚਾਰ ਮਾਨਸਾ ਵਜੋਂ ਹੋਈ। ਉਹ ਟਾਈਰ ਮੁਰੰਮਤ ਦਾ ਕੰਮ ਕਰਦਾ ਸੀ। ਘਟਨਾ ਤੋਂ ਬਾਅਦ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਅਤੇ ਕੁਲਵੰਤ ਸਿੰਘ ਸਕੇ ਭਰਾ ਹਨ ਤੇ ਉਹ ਆਪਣੇ ਮੋਟਰਸਾਈਕਲ ’ਤੇ ਵੀਰਵਾਰ ਰਾਤ ਘਰ ਪਰਤ ਰਹੇ ਹਨ। ਜਦੋਂ ਉਹ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਤਿੰਨਕੋਣੀ ਚੌਕ ਵਿੱਚ ਪੁੱਜੇ ਤਾਂ ਇੱਕ ਸਕਾਰਪੀਓ ਗੱਡੀ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਅਮਰੀਕ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਕੁਲਵੰਤ ਸਿੰਘ ਦੇ ਸੱਟਾਂ ਲੱਗੀਆਂ, ਜਿਸ ਨੂੰ ਸਿਵਲ ਹਸਪਤਾਲ ਮਾਨਸਾ ਵਿੱਚ ਦਾਖ਼ਲ ਕਰਵਇਆ ਗਿਆ ਜਿਥੋਂ ਉਸ ਨੂੰ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਗਿਆ। ਹਾਦਸੇ ਵਿੱਚ ਸਕਾਰਪੀਓ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ, ਜਿਸ ਨੂੰ ਪੁਲੀਸ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਥਾਣਾ ਸਿਟੀ-2 ਮਾਨਸਾ ਦੇ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਗੱਡੀ ਚਾਲਕ ਰੋਤਾਸ਼ ਵਾਸੀ ਹਰਿਆਣਾ ਦੇ ਖ਼ਿਲਾਫ਼ ਪੁਲੀਸ ਕਾਰਵਾਈ ਕਰ ਰਹੀ ਹੈ। ਮ੍ਰਿਤਕ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ। ਪੀੜਤ ਪਰਿਵਾਰਕ ਮੈਂਬਰਾਂ ਅਤੇ ਕੌਸਲਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਪਰਿਵਾਰ ਵੱਲੋਂ ਕਸੂਰਵਾਰ ਵਿਅਕਤੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ।