ਸੜਕ ਹਾਦਸਾ: ਟੈਕਸ, ਇੰਸੋਰੈਂਸ, ਪ੍ਰ੍ਰਦੂਸ਼ਣ ਤੇ ਫਿਟਨੈਸ ਸਰਟੀਫਿਕੇਟ ਤੋਂ ਬਿਨਾਂ ਚੱਲ ਰਿਹਾ ਸੀ ਟਿੱਪਰ
ਪਟਿਆਲਾ, 9 ਮਈ
ਇੱਥੇ ਸਮਾਣਾ ਰੋਡ ’ਤੇ ਸਕੂਲੀ ਬੱਚਿਆਂ ਵਾਲ਼ੀ ਇਨੋਵਾ ਨਾਲ ਵਾਪਰੇ ਸੜਕ ਹਾਦਸੇ ਦਾ ਕਾਰਨ ਬਣਿਆ ਟਿੱਪਰ ਕਈ ਊਣਤਾਈਆਂ ਦੇ ਬਾਵਜੂਦ ਸੜਕਾਂ ’ਤੇ ਦੌੜ ਰਿਹਾ ਸੀ। ‘ਪੰਜਾਬੀ ਟ੍ਰਿਬਿਊਨ’ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਿਕ ਇਸ ਟਿੱਪਰ ਸਬੰਧੀ ਜਿਥੇ ਟੈਕਸ ਨਹੀਂ ਸੀ ਭਰਿਆ ਹੋਇਆ, ਉਥੇ ਹੀ ਮੌਜੂਦਾ ਸਮੇਂ ਇਸ ਦੀ ਇੰਸੋਰੈਂਸ ਵੀ ਨਹੀਂ ਸੀ ਕਰਵਾਈ ਹੋਈ। ਇਸੇ ਤਰ੍ਹਾਂ ਇਸ ਟਿੱਪਰ ਦਾ ਫਿਟਨੈਸ ਸਰਟੀਫਿਕੇਟ ਅਤੇ ਪ੍ਰ੍ਰਦੂਸ਼ਨ ਸਰਟੀਫਿਕੇਟ ਵੀ ਨਹੀਂ ਸੀ। ਇਸ ਤੋਂ ਇਲਾਵਾ ਇਸ ਟਿੱਪਰ ਦਾ ਇੱਕ ਪੰਜਾਬ ’ਚ ਅਤੇ ਇੱਕ ਹਰਿਆਣਾ ’ਚ ਚਲਾਣ ਵੀ ਹੋ ਚੁੱਕਿਆ ਹੈ। ਸਰਕਾਰ ਵਿਰੋਧੀ ਧਿਰਾਂ ਦੇ ਆਗੂਆਂ ਨੇ ਕਿਹਾ ਕਿ ਰਾਜ ਅੰਦਰ ਬਹੁਤੇ ਟਿੱਪਰ ਪੰਜਾਬ ਦੇ ਕੁਝ ਮੰਤਰੀਆਂ ਤੇ ਵਿਧਾਇਕਾਂ ਦੇ ਹਨ, ਜਿਸ ਕਰਕੇ ਅਧਿਕਾਰੀਆਂ ਦੀ ਇਨ੍ਹਾਂ ਨੂੰ ਰੋਕਣ ਦੀ ਜੁਰਅਤ ਹੀ ਨਹੀਂ ਪੈਂਦੀ। ਭਾਜਪਾ ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਜੈਇੰਦਰ ਕੌਰ ਨੇ ਕਿਹਾ ਕਿ ਟਿੱਪਰ ਸਬੰਧੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਕਿ ਇਹ ਕਿਸ ਲਈ ਅਤੇ ਕਿਸ ਦੀ ਸ਼ਹਿ ’ਚ ਇਸ ਕਦਰ ਚੱਲਦਾ ਹੈ।
ਪਟਿਆਲਾ ਦੇ ਰਿਜਨਲ ਟਰਾਂਸਪੋਰਟ ਅਫਸਰ (ਆਰਟੀਓ) ਨਮਨ ਮੜਕਣ (ਪੀਸੀਐਸ) ਨੇ ਇਸ ਟਿੱਪਰ ਦੇ ਦਸਤਾਵੇਜ਼ਾਂ ਦੀ ਤੋਟ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ ਇਸ ਟਿੱਪਰ ਦੇ ਟੈਕਸ ਦੇ ਬਕਾਏ ਸਮੇਤ ਇੰਸੋਰੈਂਸ, ਫਿਟਨੈਸ ਸਰਟੀਫਿਕੇਟ ਅਤੇ ਪ੍ਰ੍ਰਦੂਸ਼ਣ ਸਰਟੀਫਿਕੇਟ ਨਾ ਹੋਣ ਕਰਕੇ ਚਲਾਨ ਕੀਤੇ ਗਏ ਹਨ।