ਸੜਕਾਂ ’ਤੇ ਘੁੰਮਦੇ ਲਾਵਾਰਿਸ ਪਸ਼ੂ ਬਣੇ ਜਾਨ ਦਾ ਖੌਅ
ਲੁਧਿਆਣਾ ਸ਼ਹਿਰ ਅਤੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਘੁੰਮਦੇ ਲਾਵਾਰਿਸ ਪਸ਼ੂਆਂ ਨੇ ਰਾਹਗੀਰਾਂ ਲਈ ਸਮੱਸਿਆ ਖੜ੍ਹੀ ਕੀਤੀ ਹੋਈ ਹੈ। ਇੱਥੋਂ ਦੇ ਤਾਜਪੁਰ ਰੋਡ, ਹੈਬੋਵਾਲ ਕਲਾਂ ਜੋਧੇਵਾਲ ਬਸਤੀ ਨੇੜੇ ਪੈਂਦੀਆਂ ਸੜਕਾਂ ’ਤੇ ਅਜਿਹੇ ਲਾਵਾਰਿਸ ਪਸ਼ੂ ਆਮ ਹੀ ਸੜਕਾਂ ’ਤੇ ਘੁੰਮਦੇ ਰਹਿੰਦੇ ਹਨ। ਸਮਾਰਟ ਸ਼ਹਿਰ ਲੁਧਿਆਣਾ ਵਿੱਚ ਲਾਵਾਰਿਸ ਪਸ਼ੂਆਂ ਦੀ ਗਿਣਤੀ ਅੱਜ ਕੱਲ੍ਹ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੇ ਤਾਜਪੁਰ ਰੋਡ ’ਤੇ ਡੇਅਰੀ ਕੰਪਲੈਕਸ ਹੋਣ ਕਰਕੇ ਇਨ੍ਹਾਂ ਲਾਵਾਰਿਸ ਪਸ਼ੂਆਂ ਦੀ ਗਿਣਤੀ ਤਾਜਪੁਰ ਰੋਡ ਅਤੇ ਆਲੇ-ਦੁਆਲੇ ਪੈਂਦੀਆਂ ਸੜਕਾਂ ’ਤੇ ਹੋਰ ਜ਼ਿਆਦਾ ਵੱਧ ਜਾਂਦੀ ਹੈ।
ਕਈ ਪਸ਼ੂ ਤਾਂ ਸੜਕਾਂ ਦੇ ਵਿਚਕਾਰ ਹੀ ਕਈ-ਕਈ ਘੰਟੇ ਖੜ੍ਹੇ ਜਾਂ ਬੈਠੇ ਰਹਿੰਦੇ ਹਨ ਜਿਸ ਕਰਕੇ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਸਗੋਂ ਪੈਦਲ ਲੰਘਣ ਵਾਲਿਆਂ ਦਾ ਵੀ ਲੰਘਣਾ ਔਖਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸਮਰਾਲਾ ਚੌਕ ਤੋਂ ਜਮਾਲਪੁਰ ਵੱਲ ਜਾਂਦੀ ਸੜਕ ’ਤੇ ਵੀ ਸਵੇਰੇ-ਸ਼ਾਮ ਅਜਿਹੇ ਲਾਵਾਰਿਸ ਪਸ਼ੂਆਂ ਦੀ ਗਿਣਤੀ ਕਾਫ਼ੀ ਹੁੰਦੀ ਹੈ। ਇਸ ਸੜਕ ’ਤੇ ਵੱਡੇ ਵਾਹਨਾਂ ਦੀ ਆਵਾਜਾਈ ਵੱਧ ਹੋਣ ਕਰਕੇ ਕਈ ਵਾਰ ਇਹ ਪਸ਼ੂ ਗੰਭੀਰ ਹਾਦਸਿਆਂ ਦੇ ਕਾਰਨ ਵੀ ਬਣਦੇ ਹਨ। ਇਸ ਤੋਂ ਇਲਾਵਾ ਲੁਧਿਆਣਾ-ਫਿਰੋਜ਼ਪੁਰ ਰੋਡ, ਸਮਰਾਲਾ ਚੌਕ ਤੋਂ ਜੋਧੇਵਾਲ ਬਸਤੀ, ਆਰੀਆ ਕਾਲਜ ਰੋਡ ਤੋਂ ਹੈਬੋਵਾਲ ਵਾਲੇ ਪਾਸੇ ਵੀ ਲਾਵਾਰਿਸ ਪਸ਼ੂ ਘੁੰਮਦੇ ਰਹਿੰਦੇ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਲਾਵਾਰਿਸ ਪਸ਼ੂਆਂ ਤੋਂ ਰਾਹਤ ਦਿਵਾਉਣ ਲਈ ਇਨ੍ਹਾਂ ਨੂੰ ਨੇੜੇ ਦੀਆਂ ਗਊਸ਼ਾਲਾਵਾਂ ਵਿੱਚ ਵੀ ਭੇਜਿਆ ਜਾਂਦਾ ਹੈ ਪਰ ਕਈ ਡੇਅਰੀਆਂ ਵਾਲੇ ਅਕਸਰ ਨਾਕਾਰਾ ਹੋਏ ਪਸ਼ੂਆਂ ਨੂੰ ਇੰਜ ਲਾਵਾਰਿਸ ਛੱਡ ਜਾਂਦੇ ਹਨ।
ਅਜਿਹੇ ਵਰਤਾਰੇ ਨੂੰ ਰੋਕਣ ਲਈ ਭਾਵੇਂ ਡੇਅਰੀਆਂ ਵਿੱਚ ਰੱਖੇ ਕਈ ਪਸ਼ੂਆਂ ਦੀ ਟੈਗਿੰਗ ਵੀ ਕੀਤੀ ਗਈ ਹੈ ਪਰ ਕਈ ਟੈਗ ਲੱਗੇ ਪਸ਼ੂ ਵੀ ਸੜਕਾਂ ’ਤੇ ਘੁੰਮਦੇ ਦਿਖਦੇ ਹਨ। ਜੇਕਰ ਪ੍ਰਸ਼ਾਸਨ ਅਜਿਹੇ ਟੈਗ ਵਾਲੇ ਪਸ਼ੂਆਂ ਦੀ ਪਛਾਣ ਕਰਕੇ ਸਬੰਧਤ ਡੇਅਰੀ ਵਾਲਿਆਂ ’ਤੇ ਕਾਰਵਾਈ ਕਰੇ ਤਾਂ ਨਾਸਿਰਫ ਅਜਿਹੇ ਵਰਤਾਰੇ ਨੂੰ ਠੱਲ੍ਹ ਪਵੇਗੀ ਸਗੋਂ ਲੋਕਾਂ ਨੂੰ ਵੀ ਲਾਵਾਰਿਸ ਪਸ਼ੂਆਂ ਤੋਂ ਰਾਹਤ ਮਿਲ ਸਕੇਗੀ।