ਸਟੱਡਾਂ ’ਚ ਕੰਢੀ ਦੀਆਂ ਖੱਡਾਂ ਦੇ ਪੱਥਰ ਵਰਤਣ ਦਾ ਦਾਅਵਾ
ਜਗਜੀਤ ਸਿੰਘ
ਮੁਕੇਰੀਆਂ, 25 ਦਸੰਬਰ
ਕੰਢੀ ਦੇ ਜੰਗਲਾਂ ’ਚ ਜ਼ਮੀਨੀ ਖੋਰਾ ਰੋਕਣ ਲਈ ਜੰਗਲਾਤ ਵਲੋਂ ਬਣਾਏ ਜਾ ਰਹੇ ਸਟੱਡਾਂ ’ਚ ਮੋਟੇ ਦਰਿਆਈ ਪੱਥਰਾਂ ਦੀ ਥਾਂ ਕਥਿਤ ਨੇੜਲੀਆਂ ਖੱਡਾਂ ਦੇ ਮਗਨਰੇਗਾ ਵਰਕਰਾਂ ਰਾਹੀਂ ਇਕੱਤਰ ਪੱਥਰ ਵਰਤੇ ਜਾਣ ਦਾ ਖੁਲਾਸਾ ਹੋਇਆ ਹੈ। ਕਾਂਗਰਸੀ ਆਗੂ ਅਨਿਲ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਜੰਗਲਾਤ ਵਿਭਾਗ ਸਟੱਡ ਬਣਾਉਣ ਲਈ ਮਨਰੇਗਾ ਵਰਕਰਾਂ ਕੋਲੋਂ ਇਕੱਤਰ ਕਰਵਾਏ ਪੱਥਰ ਵਰਤ ਕੇ ਇਸ ਦੇ ਕਥਿਤ ਜਾਅਲੀ ਖਰੀਦ ਬਿੱਲ ਪਾਸ ਕਰਵਾ ਕੇ ਸਰਕਾਰ ਨੂੰ ਚੂਨਾ ਲਗਾ ਰਹੇ ਹਨ। ਉੱਧਰ ਡੀਐਫਓ ਨੇ ਮਾਮਲੇ ਤੋਂ ਅਣਜਾਣਤਾ ਪ੍ਰਗਟਾਈ ਹੈ ਅਤੇ ਰੇਂਜ ਅਫਸਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਕਾਂਗਰਸੀ ਆਗੂ ਅਨਿਲ ਬਿੱਟੂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮਗਨਰੇਗਾ ਵਰਕਰ ਹੀਰ ਬਹਿ ਤੇ ਸ੍ਰੀ ਪੰਡਾਇਣ ਦੀ ਖੱਡ ਸਮੇਤ ਹੋਰ ਖੱਡਾਂ ਵਿੱਚੋਂ ਮੋਟੇ ਪੱਥਰ ਇਕੱਠੇ ਕਰ ਰਹੇ ਸਨ। ਇਨ੍ਹਾਂ ਵਰਕਰਾਂ ਕੋਲੋਂ ਪੁੱਛਣ ’ਤੇ ਪਤਾ ਲੱਗਿਆ ਕਿ ਇਹ ਪੱਥਰ ਜੰਗਲਾਤ ਵਿਭਾਗ ਵਲੋਂ ਬਣਾਏ ਜਾ ਰਹੇ ਸਟੱਡਾਂ ’ਚ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਸਟੱਡਾਂ ਵਿੱਚ ਕਥਿਤ ਮੋਟੇ ਦਰਿਆਈ ਪੱਥਰ ਵਰਤਣੇ ਹੁੰਦੇ ਹਨ ਕਿਉਂਕਿ ਖੱਡਾਂ ਦੇ ਪੱਥਰਾਂ ਦੀ ਗੁਣਵੱਤਾ ਕਮਜ਼ੋਰ ਹੋਣ ਕਾਰਨ ਇਹ ਪੱਥਰਾਂ ਦੇ ਬਣਾਏ ਸਟੱਡ ਜ਼ਿਆਦਾਤਰ ਟਿਕਦੇ ਨਹੀਂ ਹਨ। ਜਦੋਂ ਉਨ੍ਹਾਂ ਬਣਾਏ ਜਾ ਰਹੇ ਸਟੱਡ ਖੇਤਰ ਸ੍ਰੀ ਪੰਡਾਇਣ, ਬਨਕਰਨਪੁਰ, ਸਾਂਡਪੁਰ ਆਦਿ ਖੇਤਰ ਦਾ ਦੌਰਾ ਕੀਤਾ ਤਾਂ ਮਗਨਰੇਗਾ ਵਰਕਰਾਂ ਵਲੋਂ ਦੱਸੀ ਗੱਲ ਸਹੀ ਸਾਬਤ ਹੋਈ। ਬਿੱਟੂ ਨੇ ਕਿਹਾ ਕਿ ਇਲਾਕੇ ਅੰਦਰ ਭੂਮੀ ਰੱਖਿਆ ਵਿਭਾਗ ਵਲੋਂ ਬਣਾਏ ਜਾ ਰਹੇ ਸਟੱਡਾਂ ਅਤੇ ਜੰਗਲਾਤ ਵਿਭਾਗ ਦੇ ਸਟੱਡਾਂ ਵਿੱਚ ਵਰਤੇ ਜਾ ਰਹੇ ਪੱਥਰਾਂ ’ਚ ਜ਼ਮੀਨ ਅਸਮਾਨ ਦਾ ਅੰਤਰ ਹੈ। ਉਨ੍ਹਾਂ ਜੰਗਲਾਤ ਮੰਤਰੀ ਅਤੇ ਡਿਪਟੀ ਕਮਿਸ਼ਨਰ ਤੋਂ ਇਸ ਘੁਟਾਲੇ ਦੀ ਜਾਂਚ ਦੀ ਮੰਗ ਕੀਤੀ।
ਡੀਐਫਓ ਅੰਜਨ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਇਹ ਰੇਂਜ ਪੱਧਰ ਦੇ ਅਧਿਕਾਰੀ ਤੋਂ ਜਾਣਕਾਰੀ ਹਾਸਲ ਕਰਕੇ ਸਥਿਤੀ ਸਪੱਸ਼ਟ ਕਰਨਗੇ। ਵਿਭਾਗ ਦੇ ਰੇਂਜ ਅਫਸਰ ਲਖਵਿੰਦਰ ਸਿੰਘ ਨੇ ਅਨਿਲ ਬਿੱਟੂ ਵਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ।