ਵੇਈਂ ਨੂੰ ਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਮੰਗੀ
ਪੱਤਰ ਪ੍ਰੇਰਕ
ਫਗਵਾੜਾ, 6 ਫਰਵਰੀ
ਸੈੱਲਾ ਖੁਰਦ ਗੱਤਾ ਮਿਲ ਦੇ ਮਾਲਕਾਂ ਵੱਲੋਂ ਬਿਨਾਂ ਫਿਲਟਰ ਕੀਤਾ ਪਾਣੀ ਵੇਈਂ ਵਿੱਚ ਪਾਉਣ ਦਾ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਰਾਏ ਤੇ ਮੀਤ ਪ੍ਰਧਾਨ ਹਰਭਜਨ ਸਿੰਘ ਨੇ ਸਖ਼ਤ ਵਿਰੋਧ ਕੀਤਾ ਹੈ ਤੇ ਉਕਤ ਮਿੱਲ ਮਾਲਕਾਂ ਖ਼ਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਸੈਲਾ ਖੁਰਦ ਵੱਲੋਂ ਆਉਣ ਵਾਲੀ ਮਲਕਪੁਰ-ਰਾਵਲਪਿੰਡੀ ਵੇਈਂ ਦੇ ਨਾਲ ਨਾਲ ਲੱਗਦੇ ਪਿੰਡਾਂ ਚੈਹਿੜ, ਵਾਹਦ, ਮੇਹਲੀਆਣਾ, ਮਾਣਕ, ਮਲਕਪੁਰ, ਲੱਖਪੁਰ, ਰਾਵਲਪਿੰਡੀ, ਬੇਗਮਪੁਰ, ਸੰਗਤਪੁਰ, ਸੀਕਰੀ ਆਦਿ ਦੇ ਵਾਸੀਆਂ ਦੀ ਸ਼ਿਕਾਇਤ ‘ਤੇ ਵੇਈਂ ਦਾ ਨਿਰੀਖਣ ਕਰਨ ਉਪਰੰਤ ਐੱਸਡੀਐੱਮ ਫਗਵਾੜਾ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਸੀ ਕਿ ਇਸ ਵੇਈਂ ਵਿੱਚ ਮਿੱਲ ਮਾਲਕਾਂ ਵੱਲੋਂ ਬਿਨਾਂ ਫਿਲਟਰ ਕੀਤਾ ਗੰਦਾ ਪਾਣੀ ਪਾਇਆ ਜਾ ਰਿਹਾ ਹੈ। ਇਸ ਕਾਰਨ ਪਿੰਡਾਂ ਦੇ ਲੋਕ ਬਦਬੂਦਾਰ ਪਾਣੀ ਤੇ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੇ ਹਨ ਅਤੇ ਵੇਈਂ ਦੇ ਨੇੜੇ ਤੇੜੇ ਰਹਿਣ ਵਾਲੇ ਤੇ ਗੁਜ਼ਰਨ ਵਾਲੇ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਗਿਆ ਹੈ।
ਵੇਈਂ ਦੇ ਪਾਣੀ ‘ਚ ਪਲ ਰਹੇ ਜੀਵ ਜੰਤੂ ਅਤੇ ਮੱਛੀਆਂ ਤੜਫ-ਤੜਫ ਕੇ ਮਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਿੱਲ ਵੱਲੋਂ ਕਈ ਸਾਲ ਪਹਿਲਾਂ ਵੀ ਗੰਦਾ ਪਾਣੀ ਵੇਈਂ ਵਿੱਚ ਪਾਇਆ ਗਿਆ ਸੀ ਜਿਸ ਦੀ ਸ਼ਿਕਾਇਤ ਹੋਣ ਤੇ ਮਿੱਲ ਮਾਲਕਾਂ ਨੇ ਵਾਅਦਾ ਕੀਤਾ ਸੀ ਕਿ ਦੁਬਾਰਾ ਗੰਦਾ ਪਾਣੀ ਨਹੀਂ ਪਾਵਾਂਗੇ ਤੇ ਫਿਲਟਰ ਕਰਕੇ ਪਾਣੀ ਪਾਇਆ ਜਾਵੇਗਾ।