ਵਿਰੋਧ ਮਗਰੋਂ ਵਿਧਾਇਕ ਨੇ ਚਮਕੀਲੇ ਬਾਰੇ ਪੋਸਟ ਹਟਾਈ
ਮੋਹਿਤ ਸਿੰਗਲਾ
ਨਾਭਾ, 16 ਮਾਰਚ
ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੀ ਸਮਾਧ ਅੱਗੇ ਖੜ੍ਹ ਕੇ ਖਿਚਵਾਈ ਤਸਵੀਰ ਫੇਸਬੁੱਕ ਉੱਪਰ ਸਾਂਝੀ ਕਰਨ ’ਤੇ ਲੋਕਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਪੋਸਟ ਵਿੱਚ ਲਿਖਿਆ ਸੀ ਕਿ ਇਸ ਸਮਾਧ ਨੂੰ ਹੋਰ ਸੁੰਦਰ ਬਣਾਇਆ ਜਾਵੇਗਾ ਤਾਂ ਕਿ ਚਮਕੀਲਾ ਦੇ ਪ੍ਰਸ਼ੰਸਕਾਂ ਨੂੰ ਮੱਥਾ ਟੇਕਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ। ਹੁਣ ਇਹ ਪੋਸਟ ਵਿਧਾਇਕ ਦੇਵ ਮਾਨ ਦੇ ਪੇਜ ਤੋਂ ਡਿਲੀਟ ਹੋ ਚੁੱਕੀ ਹੈ।
ਲੋਕਾਂ ਨੇ ਰੋਸ ਜਤਾਇਆ ਕਿ ਪੰਜਾਬ ਦੀ ਵਿਰਾਸਤ, ਹਸਪਤਾਲਾਂ ਤੇ ਸਕੂਲਾਂ ਆਦਿ ਦੇ ਵਿਕਾਸ ਕਰਨ ਦੀ ਲੋੜ ਹੈ। ਕਈਆਂ ਨੇ ਚਮਕੀਲੇ ਦੇ ਗੀਤਾਂ ਵਿੱਚ ਅਸ਼ਲੀਲਤਾ ਦੀ ਗੱਲ ਆਖਦਿਆਂ ਇਸ ਪੋਸਟ ਦੀ ਆਲੋਚਨਾ ਕੀਤੀ। ਇਸੇ ਮਹੀਨੇ ਲੁਧਿਆਣਾ ਵਿੱਚ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੀ 37ਵੀਂ ਬਰਸੀ ਸਮਾਗਮ ਵਿੱਚ ਵਿਧਾਇਕ ਦੇਵ ਮਾਨ ਨੇ ਹਿੱਸਾ ਲਿਆ ਸੀ। ਉਨ੍ਹਾਂ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਕਈ ਵਾਰੀ ਅਪੀਲ ਕੀਤੀ ਅਤੇ ਆਪਣੇ ਫੇਸਬੁੱਕ ਪੇਜ ਉੱਪਰ ਸਮਾਗਮ ਦੇ ਕੁਝ ਹਿੱਸੇ ਦਾ ਲਾਈਵ ਪ੍ਰਸਾਰਨ ਵੀ ਕੀਤਾ। ਦੇਵ ਮਾਨ ਖੁਦ ਵੀ ਗਾਇਕ ਹਨ। ਇਸ ਬਾਬਤ ਵਿਧਾਇਕ ਦੇਵ ਮਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਅਤੇ ਸੁਨੇਹੇ ਦਾ ਜਵਾਬ ਨਾ ਦਿੱਤਾ।