ਵਿਰੋਧੀ ਧਿਰ ਦੀ ਆਗੂ ਆਤਿਸ਼ੀ ਵੱਲੋਂ ਸਪੀਕਰ ਨੂੰ ਪੱਤਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਮਾਰਚ
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਆਪਣੇ ਖੇਤਰ ਵਿੱਚ ਵੱਧ ਰਹੇ ਅਪਰਾਧਾਂ ਦਾ ਮੁੱਦਾ ਉਠਾਉਣ ਲਈ ਵਿਧਾਨ ਸਭਾ ਵਿੱਚ ਸਵਾਲ ਉਠਾਏ ਸਨ, ਜਿਨ੍ਹਾਂ ਨੂੰ ਸਪੀਕਰ ਨੇ ਇਹ ਕਹਿ ਕੇ ਹਟਾ ਦਿੱਤਾ ਹੈ ਕਿ ‘ਕਾਨੂੰਨ ਵਿਵਸਥਾ’ ਵਿਧਾਨ ਸਭਾ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੀ। ਇਸ ਲਈ ਇਸ ਬਾਰੇ ਚਰਚਾ ਨਹੀਂ ਕੀਤੀ ਜਾ ਸਕਦੀ। ਸਪੀਕਰ ਦੇ ਇਸ ਫੈਸਲੇ ‘ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਸਪੀਕਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਦਿੱਲੀ ਵਿੱਚ ਬਲਾਤਕਾਰ ਅਤੇ ਗੋਲੀਆਂ ਚੱਲਦੀਆਂ ਹਨ, ਤਾਂ ਕੀ ਇਸ ’ਤੇ ਵਿਧਾਨ ਸਭਾ ਵਿੱਚ ਚਰਚਾ ਨਹੀਂ ਹੋਵੇਗੀ। ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਅਪਰਾਧਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਲਈ ਉਹ ਇਸ ’ਤੇ ਚਰਚਾ ਨਹੀਂ ਕਰਨਾ ਚਾਹੁੰਦੀ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਤਿਸ਼ੀ ਨੇ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਅੱਜ ਵਿਧਾਨ ਸਭਾ ਸੈਸ਼ਨ ਵਿੱਚ ਨਿਯਮ 280 ਤਹਿਤ ਵਿਸ਼ੇਸ਼ ਜ਼ਿਕਰ ਲਈ ਸਮਾਂ ਤੈਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ ਆਪਣੇ ਖੇਤਰਾਂ ਵਿੱਚ ਵੱਧ ਰਹੇ ਅਪਰਾਧਾਂ ਦਾ ਮੁੱਦਾ ਵਿਧਾਨ ਸਭਾ ਦਫ਼ਤਰ ਵਿੱਚ ਵਿਸ਼ੇਸ਼ ਤੌਰ ’ਤੇ ਉਠਾਇਆ ਸੀ, ਪਰ ਬੁੱਧਵਾਰ ਦੇਰ ਸ਼ਾਮ ਮੈਨੂੰ ਵਿਧਾਨ ਸਭਾ ਸਕੱਤਰੇਤ ਤੋਂ ਫੋਨ ਆਇਆ ਅਤੇ ਦੱਸਿਆ ਗਿਆ ਕਿ ਤੁਸੀਂ (ਸਪੀਕਰ) ਨੇ ਪੰਜ ਵਿਧਾਇਕਾਂ ਦੇ ਵਿਸ਼ੇਸ਼ ਜ਼ਿਕਰ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਉਹ ਵਧ ਰਹੇ ਅਪਰਾਧ ਦੇ ਮੁੱਦਿਆਂ ‘ਤੇ ਹਨ ਅਤੇ ‘ਲਾਅ ਐਂਡ ਆਰਡਰ’ ਦਿੱਲੀ ਵਿਧਾਨ ਸਭਾ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਹੈ। ਆਤਿਸ਼ੀ ਨੇ ਸਪੀਕਰ ਨੂੰ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਹੈਰਾਨੀਜਨਕ ਫੈਸਲਾ ਹੈ। ਜਦੋਂ ਤੋਂ ਦਿੱਲੀ ਵਿਧਾਨ ਸਭਾ ਬਣੀ ਹੈ, ਵਿਧਾਇਕਾਂ ਨੇ ਆਪਣੇ ਖੇਤਰਾਂ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਦੇ ਮੰਚ ’ਤੇ ਉਠਾਇਆ ਹੈ। ਵਿਧਾਨ ਸਭਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਹਾ ਜਾ ਰਿਹਾ ਹੈ ਕਿ ਜੇ ਦਿੱਲੀ ਵਿੱਚ ਕੋਈ ਬਲਾਤਕਾਰ ਹੁੰਦਾ ਹੈ ਤਾਂ ਦਿੱਲੀ ਵਿਧਾਨ ਸਭਾ ਇਸ ਬਾਰੇ ਗੱਲ ਨਹੀਂ ਕਰ ਸਕਦੀ, ਜੇ ਦਿੱਲੀ ਦੀਆਂ ਗਲੀਆਂ ਵਿੱਚ ਗੋਲੀਆਂ ਚਲਾਈਆਂ ਜਾਂਦੀਆਂ ਹਨ ਤਾਂ ਵਿਧਾਇਕ ਇਸ ਬਾਰੇ ਗੱਲ ਨਹੀਂ ਕਰਨਗੇ, ਜੇ ਔਰਤਾਂ ਨਾਲ ਹਿੰਸਾ ਹੁੰਦੀ ਹੈ ਤਾਂ ਵਿਧਾਨ ਸਭਾ ਇਸ ਬਾਰੇ ਚੁੱਪ ਰਹੇਗੀ। ਆਤਿਸ਼ੀ ਨੇ ਸਵਾਲ ਕੀਤਾ ਕਿ ਦਿੱਲੀ ਵਿਧਾਨ ਸਭਾ ਵਿੱਚ ਬੈਠੇ 70 ਮੈਂਬਰ ਆਪਣੇ ਇਲਾਕੇ ਦੇ ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਹਨ, ਜੇ ਉਹ ਆਪਣੇ ਇਲਾਕੇ ਵਿੱਚ ਵਧ
ਰਹੇ ਅਪਰਾਧ ਦਾ ਮੁੱਦਾ ਨਹੀਂ ਉਠਾਉਣਗੇ ਤਾਂ ਕੌਣ ਉਠਾਏਗਾ।