ਵਿਧਾਇਕ ਵੱਲੋਂ ਮਸਜਿਦ ਵਿੱਚ ਦਾਖ਼ਲ ਹੋ ਕੇ ਨਾਅਰੇਬਾਜ਼ੀ
ਜੈਪੁਰ, 26 ਅਪਰੈਲ
ਜੈਪੁਰ ਵਿੱਚ ਭਾਜਪਾ ਦੇ ਵਿਧਾਇਕ ਬਾਲਮੁਕੁੰਦ ਆਚਾਰੀਆ ਵੱਲੋਂ ਇੱਕ ਮਸਜਿਦ ਵਿੱਚ ਇੱਕ ਖਾਸ ਭਾਈਚਾਰੇ ਖ਼ਿਲਾਫ਼ ਕਥਿਤ ਨਾਅਰੇਬਾਜ਼ੀ ਕਰਨ ਤੇ ਪੋਸਟਰ ਲਗਾਉਣ ਮਗਰੋਂ ਵਿਵਾਦ ਖੜ੍ਹਾ ਹੋ ਗਿਆ। ਇੱਥੋਂ ਦੇ ਜੌਹਰੀ ਬਾਜ਼ਾਰ ਇਲਾਕੇ ਵਿੱਚ ਸ਼ੁੱਕਰਵਾਰ ਦੇਰ ਰਾਤ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਨੂੰ ਲੈ ਕੇ ਵਿਧਾਇਕ ਖ਼ਿਲਾਫ਼ ਪ੍ਰਦਰਸ਼ਨ ਕੀਤਾ, ਜਿਸ ਕਾਰਨ ਤਣਾਅਪੂਰਨ ਸਥਿਤੀ ਬਣ ਗਈ। ਹਾਲਾਂਕਿ, ਪੁਲੀਸ ਨੇ ਸਖਤੀ ਕਰਦਿਆਂ ਭੀੜ ਨੂੰ ਖਿੰਡਾ ਦਿੱਤੀ ਅਤੇ ਸਥਿਤੀ ’ਤੇ ਕਾਬੂ ਪਾ ਲਿਆ। ਇਸ ਦੌਰਾਨ, ਵਿਧਾਇਕ ਬਾਲਮੁਕੁੰਦ ਆਚਾਰੀਆ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਵਿਧਾਇਕ ਨੇ ਕਿਹਾ ਕਿ ਉਸ ਨੇ ਪਹਿਲਗਾਮ (ਜੰਮੂ-ਕਸ਼ਮੀਰ) ਵਿੱਚ ਹੋਏ ਅਤਿਵਾਦੀ ਹਮਲੇ ਦੇ ਵਿਰੋਧ ਵਿੱਚ ਦਿਨ ਸਮੇਂ ਸਰਵ ਹਿੰਦੂ ਸਮਾਜ ਵੱਲੋਂ ਬੁਲਾਈ ਜਨਤਕ ਰੋਸ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਟ ਦਿੱਤੀ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਉੱਤਰੀ) ਰਾਸ਼ੀ ਡੋਗਰਾ ਨੇ ਅੱਜ ਕਿਹਾ, ‘‘ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਸਨ ਅਤੇ ਭਾਜਪਾ ਵਿਧਾਇਕ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕਰ ਰਹੇ ਸਨ। ਸਥਿਤੀ ਨੂੰ ਸ਼ਾਂਤੀਪੂਰਵਕ ਢੰਗ ਨਾਲ ਕਾਬੂ ਕੀਤਾ ਗਿਆ।’’ ਵਿਰੋਧ ਪ੍ਰਦਰਸ਼ਨ ਸ਼ੁਰੂ ਹੁੰਦਿਆਂ ਕਿਸ਼ਨਪੋਲ ਤੋਂ ਕਾਂਗਰਸੀ ਵਿਧਾਇਕ ਅਮੀਨ ਕਾਗਜ਼ੀ ਅਤੇ ਆਦਰਸ਼ ਨਗਰ ਤੋਂ ਕਾਂਗਰਸੀ ਵਿਧਾਇਕ ਰਫੀਕ ਖਾਨ ਵੀ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਦੇਣ ਲਈ ਮੌਕੇ ’ਤੇ ਪਹੁੰਚ ਗਏ। ਦੋਸ਼ ਹੈ ਕਿ ਵਿਧਾਇਕ ਆਚਾਰੀਆ ਅਤੇ ਉਨ੍ਹਾਂ ਦੇ ਸਮਰਥਕ ਰਾਤ ਦੀ ਨਮਾਜ਼ ਦੌਰਾਨ ਮਸਜਿਦ ਵਿੱਚ ਦਾਖ਼ਲ ਹੋਏ ਅਤੇ ਇੱਕ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦਿਆਂ ਨਾਅਰੇਬਾਜ਼ੀ ਕੀਤੀ, ਮਸਜਿਦ ਦੀਆਂ ਪੌੜੀਆਂ ’ਤੇ ਇਤਰਾਜ਼ਯੋਗ ਪੋਸਟਰ ਚਿਪਕਾਏ ਅਤੇ ਧਮਕੀਆਂ ਦਿੱਤੀਆਂ। -ਪੀਟੀਆਈ