ਵਿਧਾਇਕਾਂ ਨਾਲ ‘ਆਪ’ ਦੇ ਨਵੇਂ ਕੌਂਸਲਰ ਵੀ ਕਰਨਗੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਪ੍ਰਚਾਰ
ਚੋਣ ਕਮਿਸ਼ਨ ਵੱਲੋਂ ਕਿਸੇ ਵੀ ਵੇਲੇ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ, ਜਿਸ ਸਬੰਧ ਵਿੱਚ ਹੁਣ ਦਿੱਲੀ ਵਿੱਚ ਪ੍ਰਚਾਰ ਸ਼ੁਰੂ ਹੋ ਗਿਆ ਹੈ। ਪ੍ਰਚਾਰ ਲਈ ‘ਆਪ’ ਨੇ ਪੂਰੀ ਤਿਆਰੀ ਕਰ ਲਈ ਹੈ। ਨਗਰ ਨਿਗਮ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀ ‘ਆਪ’ ਹੁਣ ਆਪਣੇ ਨਵੇਂ ਚੁਣੇ ਕੌਂਸਲਰਾਂ ਨੂੰ ਚੋਣ ਪ੍ਰਚਾਰ ਲਈ ਦਿੱਲੀ ਬੁਲਾਉਣ ਦੀ ਤਿਆਰੀ ਵਿੱਚ ਹੈ। ‘ਆਪ’ ਵਿਧਾਇਕਾਂ ਅਤੇ ਮੰਤਰੀਆਂ ਸਣੇ ਨਵੇਂ ਚੁਣੇ ਕੌਂਸਲਰ ਵੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਦਿੱਲੀ ਜਾਣਗੇ।
ਹਾਲਾਂਕਿ ਲੁਧਿਆਣਾ ਵਿੱਚ ਮੇਅਰ ਬਣਾਉਣ ਲਈ ‘ਆਪ’ ਜੋੜ-ਤੋੜ ਕਰ ਰਹੀ ਹੈ ਪਰ ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਕੋਈ ਖਤਰਾ ਨਹੀਂ ਲੈਣਾ ਚਾਹੁੰਦੀ। ਦਿੱਲੀ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਧ ਪ੍ਰਭਾਵ ਅਤੇ ਵਰਕਰ ਹਨ। ‘ਆਪ’ ਨੇ ਇਤਿਹਾਸਕ ਜਿੱਤ ਦਰਜ ਕਰਕੇ ਪੰਜਾਬ ਵਿੱਚ ਸਰਕਾਰ ਬਣਾਈ ਹੈ ਤੇ ਹੁਣ ਨਗਰ ਨਿਗਮ ਚੋਣਾਂ ’ਚ ਵੀ ’ਆਪ’ ਨੂੰ ਪਿਛਲੀ ਵਾਰ ਨਾਲੋਂ ਵੱਧ ਸੀਟਾਂ ਮਿਲੀਆਂ ਹਨ। ਪੰਜਾਬ ਦੀਆਂ ਚਾਰ ਨਗਰ ਨਿਗਮਾਂ ਵਿੱਚ ‘ਆਪ’ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ‘ਆਪ’ ਹਾਈਕਮਾਂਡ ਨੇ ਪੰਜਾਬ ਦੇ ਪਾਰਟੀ ਸੰਗਠਨ ਅਤੇ ਵਿਧਾਇਕਾਂ ਤੋਂ ਵੱਖ-ਵੱਖ ਨਾਵਾਂ ਦੀ ਸੂਚੀ ਮੰਗੀ ਸੀ। ਜਿਸ ਦੇ ਆਧਾਰ ’ਤੇ ਪਾਰਟੀ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ’ਚ ਚੋਣ ਪ੍ਰਚਾਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ।
ਇਹ ਵੀ ਚਰਚਾ ਹੈ ਕਿ ‘ਆਪ’ ਦੇ ਕਈ ਵਾਲੰਟੀਅਰਾਂ ਨੇ ਚੋਣ ਪ੍ਰਚਾਰ ਲਈ ਦਿੱਲੀ ਜਾਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਦਾ ਕਾਰਨ ਇਹ ਹੈ ਕਿ ਉਹ ਨਗਰ ਨਿਗਮ ਚੋਣਾਂ ’ਚ ਟਿਕਟਾਂ ਦੀ ਮੰਗ ਕਰ ਰਹੇ ਸਨ ਪਰ ਵਿਧਾਇਕਾਂ ਦੀ ਸਿਫ਼ਾਰਸ਼ ’ਤੇ ਉਨ੍ਹਾਂ ਦੇ ਚਹੇਤਿਆਂ ਨੂੰ ਹੀ ਟਿਕਟਾਂ ਦਿੱਤੀਆਂ ਗਈਆਂ। ਜਿਹੜੇ ਵਾਲੰਟੀਅਰ ਟਿਕਟਾਂ ਦੀ ਮੰਗ ਦੇ ਬਾਵਜੂਦ ਟਿਕਟ ਨਹੀਂ ਮਿਲੀ, ਉਹ ਹੁਣ ਪ੍ਰਚਾਰ ਲਈ ਦਿੱਲੀ ਜਾਣ ਤੋਂ ਵੀ ਇਨਕਾਰੀ ਹਨ।
‘ਆਪ’ ਵੱਲੋਂ ਮੇਅਰ ਬਣਾਉਣ ਲਈ ਜੋੜ-ਤੋੜ ਜਾਰੀ
ਸ਼ਹਿਰ ਵਿੱਚ ਮੇਅਰ ਬਣਾਉਣ ਲਈ ‘ਆਪ’ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ। ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ ਤੇ ਛੇਤੀ ਤੋਂ ਛੇਤੀ ਮੇਅਰ ਬਣਾਉਣ ਲਈ ਲੋੜੀਂਦਾ ਬਹੁਮਤ ਹਾਸਲ ਕਰਨ ਲਈ ਜ਼ੋਰ ਲਾਇਆ ਜਾ ਰਿਹਾ ਹੈ।