ਵਿਦੇਸ਼ ਭੇਜਣ ਬਹਾਨੇ ਢਾਈ ਲੱਖ ਰੁਪਏ ਠੱਗੇ
05:33 AM Dec 12, 2024 IST
ਪੱਤਰ ਪ੍ਰੇਰਕ
ਕਾਲਾਂਵਾਲੀ, 11 ਦਸੰਬਰ
ਪਿੰਡ ਨੂਹੀਆਂਵਾਲੀ ਵਾਸੀ ਰਜਿੰਦਰ ਕੁਮਾਰ ਪੁੱਤਰ ਰਾਮ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਔਢਾਂ ਪੁਲੀਸ ਨੇ ਵੈੱਟ ਹਾਊਸ ਐਜੂਕੇਸ਼ਨ ਕੰਸਲਟੈਂਟ ਚੰਡੀਗੜ੍ਹ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੇ ਵੈੱਟ ਹਾਊਸ ਐਜੂਕੇਸ਼ਨ ਕੰਸਲਟੈਂਟ ਚੰਡੀਗੜ੍ਹ ਨਾਲ ਮਾਲਟਾ ਯੂਰੋਪ ਦਾ ਵੀਜ਼ਾ ਲਗਵਾਉਣ ਲਈ 3.5 ਲੱਖ ਰੁਪਏ ਵਿੱਚ ਸੌਦਾ ਕੀਤਾ ਸੀ। ਉਸ ਨੇ 1.5 ਲੱਖ ਰੁਪਏ ਆਨਲਾਈਨ ਅਦਾ ਕੀਤੇ। ਉਨ੍ਹਾਂ ਨੇ ਉਸ ਨੂੰ ਤਿੰਨ ਮਹੀਨਿਆਂ ਵਿੱਚ ਵੀਜ਼ਾ ਲਗਵਾਉਣ ਦਾ ਵਾਅਦਾ ਕੀਤਾ ਸੀ। ਮੁਲਜ਼ਮਾਂ ਨੇ ਕਦੇ ਆਫਰ ਲੈਟਰ ਲੈਣ ਦੀ ਗੱਲ ਕੀਤੀ ਤੇ ਕਦੇ ਮੈਡੀਕਲ ਕਰਵਾਉਣ ਦੀ। ਉਸ ਤੋਂ ਵਾਰ-ਵਾਰ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ। ਪਿਛਲੇ 7 ਮਹੀਨਿਆਂ ਦੌਰਾਨ ਮੁਲਜ਼ਮਾਂ ਨੇ ਉਸ ਤੋਂ 2 ਲੱਖ 35 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ਪਰ ਉਸ ਦਾ ਵੀਜ਼ਾ ਨਹੀਂ ਆਇਆ। ਜਦੋਂ ਉਸ ਨੇ ਕਾਗਜ਼ਾਂ ਦੀ ਜਾਂਚ ਕੀਤੀ ਤਾਂ ਉਹ ਸਾਰੇ ਫਰਜ਼ੀ ਨਿਕਲੇ।
Advertisement
Advertisement