ਵਿਆਹੁਤਾ ਵੱਲੋਂ ਸਹੁਰਾ ਪਰਿਵਾਰ ’ਤੇ ਜ਼ਹਿਰ ਦੇਣ ਦੇ ਦੋਸ਼
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 4 ਅਪਰੈਲ
ਸ਼ਹਿਰ ਦੇ ਨਾਲ ਲੱਗਦੀ ਸ਼ੇਰਗੜ੍ਹ ਢਾਣੀ ਦੀ ਵਿਆਹੁਤਾ ਨੇ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਦੇ ਹੋਰਾਂ ’ਤੇ ਕਥਿਤ ਤੌਰ ’ਤੇ ਕੁੱਟਮਾਰ ਕਰਨ ਤੇ ਜ਼ਹਿਰ ਪਿਲਾਉਣ ਦਾ ਦੋਸ਼ ਲਗਾਇਆ ਹੈ। ਉਸ ਨੂੰ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਵਿਆਹੁਤਾ ਮੋਨਿਕਾ ਪੁੱਤਰੀ ਆਤਮਾ ਸਿੰਘ ਵਾਸੀ ਕਲੋਠਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਵਿਆਹ 19 ਜਨਵਰੀ 2020 ਨੂੰ ਪਿੰਡ ਸ਼ੇਰਗੜ੍ਹ ਢਾਣੀ ਦੇ ਕੁਲਦੀਪ ਉਰਫ ਗੋਲਡੀ ਨਾਲ ਹੋਇਆ ਸੀ।
ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਉਨ੍ਹਾਂ ਦੋਵਾਂ ’ਚ ਝਗੜਾ ਰਹਿਣ ਲੱਗਿਆ ਸੀ। ਉਨ੍ਹਾਂ ਦਾ ਝਗੜਾ ਕਈ ਵਾਰ ਥਾਣੇ ਅਤੇ ਪੰਚਾਇਤਾਂ ਤਕ ਪੁੱਜ ਚੁੱਕਾ ਹੈ। ਪੀੜਤਾ ਨੇ ਦੋਸ਼ ਲਗਾਇਆ ਕਿਸੇ ਗੱਲ ਤੋਂ ਉਨ੍ਹਾਂ ਦੋਵਾਂ ’ਚ ਝਗੜਾ ਹੋ ਗਿਆ। ਇਸ ਦੌਰਾਨ ਘਰ ’ਚ ਮੌਜੂਦ ਉਸ ਦੇ ਸਹੁਰਾ ਗੁਰਜੰਟ ਸਿੰਘ ਤੇ ਭੂਆ ਸੱਸ ਗੁਰਦਿਆਲ ਕੌਰ ਨੇ ਉਸ ਦੇ ਹੱਥ ਫੜ ਲਏ ਜਦੋਂਕਿ ਉਸ ਦੇ ਪਤੀ ਨੇ ਜਬਰਨ ਉਸ ਦੇ ਮੂੰਹ ’ਚ ਜ਼ਹਿਰੀਲੀ ਦਵਾਈ ਪਾਉਣ ਲਈ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਉਸ ਵੱਲੋਂ ਵਿਰੋਧ ਕਰਨ ’ਤੇ ਥੋੜ੍ਹੀ ਜਿਹੀ ਦਵਾਈ ਉਸ ਦੇ ਮੂੰਹ ’ਚ ਚਲੀ ਗਈ। ਇਸ ਮਗਰੋਂ ਉਹ ਰੌਲਾ ਪਾਉਂਦੀ ਹੋਈ ਘਰ ਤੋਂ ਬਾਹਰ ਭੱਜ ਗਈ ਅਤੇ ਬੇਹੋਸ਼ ਹੋ ਕੇ ਡਿੱਗ ਗਈ।
ਦੂਜੇ ਪਾਸੇ, ਮਹਿਲਾ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਵਿੱਚ ਇਲਾਜ ਅਧੀਨ ਵਿਆਹੁਤਾ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਇਸੇ ਦੌਰਾਨ ਇਹ ਵੀ ਪਤਾ ਚੱਲਿਆ ਕਿ ਆਪਸੀ ਕੁੱਟਮਾਰ ਦੌਰਾਨ ਔਰਤ ਦੇ ਪਤੀ ਕੁਲਦੀਪ ਦੀ ਵੀ ਹਾਲਤ ਵਿਗੜ ਗਈ ਹੈ ਅਤੇ ਉਸ ਦੇ ਬਿਆਨ ਲੈਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਉਸ ਦੇ ਬਿਆਨਾਂ ਮਗਰੋਂ ਦੋਵੇਂ ਧਿਰਾਂ ਵਲੋਂ ਕਾਰਵਾਈ ਕੀਤੀ ਜਾਵੇਗੀ।