ਵਿਅਕਤੀ ਵੱਲੋਂ ਪਤਨੀ ਦੇ ਕਤਲ ਮਗਰੋਂ ਖ਼ੁਦਕੁਸ਼ੀ
ਸੁਰਜੀਤ ਮਜਾਰੀ
ਬੰਗਾ, 13 ਅਪਰੈਲ
ਪਿੰਡ ਰਟੈਂਡਾ ਵਿੱਚ ਇੱਕ ਵਿਅਕਤੀ ਨੇ ਪਤਨੀ ਦੇ ਕਥਿਤ ਕਤਲ ਮਗਰੋਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਮਨਪ੍ਰੀਤ ਕੌਰ (36) ਹਾਲ ਵਾਸੀ ਰਟੈਂਡਾ ਥਾਣਾ ਮੁਕੰਦਪੁਰ ਤੇ ਗੁਰਵਿੰਦਰ ਸਿੰਘ (38) ਵਾਸੀ ਰਾਜਪੁਰਾ ਥਾਣਾ ਗੁਰਾਇਆ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਤੇ ਮਨਪ੍ਰੀਤ ਕੌਰ ਵਿਚਾਲੇ ਲੰਮੇ ਸਮੇਂ ਤੋਂ ਕਲੇਸ਼ ਚੱਲਦਾ ਸੀ ਜਿਸ ਕਾਰਨ ਮਨਪ੍ਰੀਤ ਆਪਣੇ ਪੇਕੇ ਪਿੰਡ ਰਟੈਂਡਾ ਵਿੱਚ ਰਹਿ ਰਹੀ ਸੀ। ਅੱਜ ਗੁਰਵਿੰਦਰ ਸਿੰਘ ਅਚਾਨਕ ਆਪਣੇ ਸਹੁਰੇ ਘਰ ਆਇਆ ਤੇ ਕੁਝ ਸਮਾਂ ਗੱਲਬਾਤ ਕਰਨ ਮਗਰੋਂ ਉਸ ਨੇ ਆਪਣੀ ਪਤਨੀ ’ਤੇ ਗੋਲੀਆਂ ਚਲਾ ਦਿੱਤੀਆਂ। ਪਤਨੀ ਦੇ ਦਮ ਤੋੜਨ ਮਗਰੋਂ ਉਹ ਉਥੋਂ ਚਲਾ ਗਿਆ ਅਤੇ ਕੁਝ ਦੂਰੀ ’ਤੇ ਜਾ ਕੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੇ ਦੋ ਬੱਚੇ ਹਨ।
ਮਿਤ੍ਰਕ ਮਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਵਿੰਦਰ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਕਾਰਨ ਉਹ ਬੱਚਿਆਂ ਸਣੇ ਉਨ੍ਹਾਂ ਕੋਲ ਹੀ ਰਹਿ ਰਹੀ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਬੰਗਾ ਦੇ ਡੀਐੱਸਪੀ ਹਰਜੀਤ ਸਿੰਘ ਅਤੇ ਥਾਣਾ ਮੁਕੰਦਪੁਰ ਦੇ ਮੁਖੀ ਮਹਿੰਦਰ ਸਿੰਘ ਮੌਕੇ ’ਤੇ ਪੁੱਜ ਗਏ। ਉਨ੍ਹਾਂ ਨੇ ਦੋਵੇਂ ਲਾਸ਼ਾਂ ਨੂੰ ਮੁਕੰਦਪੁਰ ਦੇ ਸਿਵਲ ਹਸਪਤਾਲ ਪੁੱਜਦਾ ਕਰ ਕੇ ਵਿਭਾਗੀ ਕਾਰਵਾਈ ਆਰੰਭ ਦਿੱਤੀ। ਪੁਲੀਸ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਪਿਸਤੌਲ, ਅੱਠ ਕਰਤੂਸ ਅਤੇ ਤਿੰਨ ਖੋਲ ਬਰਾਮਦ ਕਰ ਲਏ ਗਏ ਹਨ।