ਵਾਈਲਡ ਲਾਈਫ ਸੈਂਕਚੁਰੀ ਤੋਂ 500 ਮੀਟਰ ਦੀ ਦੂਰੀ ’ਤੇ ਗੈਰ-ਕਾਨੂੰਨੀ ਮਾਈਨਿੰਗ
ਪਠਾਨਕੋਟ (ਪੱਤਰ ਪ੍ਰੇਰਕ): ਭੋਆ ਹਲਕੇ ਵਿੱਚ ਮਾਈਨਿੰਗ ਮਾਫ਼ੀਆ ਨੇ ਵਾਈਲਡ ਲਾਈਫ ਸੈਂਕਚੁਰੀ ਤੋਂ ਸਿਰਫ਼ 500 ਮੀਟਰ ਦੀ ਦੂਰੀ ’ਤੇ ਗੈਰ-ਕਾਨੂੰਨੀ ਮਾਈਨਿੰਗ ਕਰ ਕੇ 7 ਫੁੱਟ ਡੂੰਘੇ ਟੋਏ ਪੁੱਟ ਦਿੱਤੇ ਹਨ। ਜਿਉਂ ਹੀ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਵਿਭਾਗ ਦੇ ਅਧਿਕਾਰੀਆਂ ਨੇ ਰਾਤ 11.30 ਵਜੇ ਦੇ ਕਰੀਬ ਉਸ ਜਗ੍ਹਾ ’ਤੇ ਛਾਪਾ ਮਾਰਿਆ ਅਤੇ ਮੌਕੇ ਤੋਂ 2 ਟਿੱਪਰ ਅਤੇ ਇੱਕ ਜੇਸੀਬੀ ਕਾਬੂ ਕਰਕੇ ਨਰੋਟ ਜੈਮਲ ਸਿੰਘ ਥਾਣੇ ਦੀ ਪੁਲੀਸ ਦੇ ਹਵਾਲੇ ਕਰ ਦਿੱਤਾ। ਅੱਜ ਸਵੇਰੇ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਨਰੋਟ ਜੈਮਲ ਸਿੰਘ ਥਾਣੇ ਦੇ ਇੰਚਾਰਜ ਵਿਜੇ ਕੁਮਾਰ ਇਸ ਮਾਮਲੇ ਵਿੱਚ ਕੋਈ ਠੋਸ ਜਵਾਬ ਨਹੀਂ ਦੇ ਸਕੇ। ਜਦੋਂ ਥਾਣਾ ਇੰਚਾਰਜ ਨਾਲ ਗੱਲ ਕਰਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਮਾਈਨਿੰਗ ਵਿਭਾਗ ਦੇ ਜੇਈ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ ਨੂੰ ਸੂਚਨਾ ਮਿਲੀ ਸੀ ਅਤੇ ਜਦੋਂ ਉਹ ਪਿੰਡ ਮੰਝੀਰੀ ਜੱਟਾਂ ਪਹੁੰਚੇ ਤਾਂ ਟਿੱਪਰ ਅਤੇ ਜੇਸੀਬੀ ਚਾਲਕ ਮੌਕੇ ਤੋਂ ਭੱਜ ਗਏ। ਇਸ ਦੌਰਾਨ ਪਤਾ ਲੱਗਾ ਕਿ ਮਾਫ਼ੀਆ ਨੇ ਜ਼ਮੀਨ ਨੂੰ ਗੈਰ-ਕਾਨੂੰਨੀ ਢੰਗ ਨਾਲ ਪੁੱਟਿਆ ਸੀ। ਮਾਈਨਿੰਗ ਵਿਭਾਗ ਨੇ ਅਗਲੀ ਕਾਰਵਾਈ ਲਈ ਨਰੋਟ ਜੈਮਲ ਸਿੰਘ ਥਾਣੇ ਨੂੰ ਰਿਪੋਰਟ ਸੌਂਪ ਦਿੱਤੀ ਹੈ।