ਵਰਿਆਣਾ ’ਚ ਕੂੜਾ ਡੰਪ ਨੂੰ ਲੱਗੀ ਅੱਗ
ਹਤਿੰਦਰ ਮਹਿਤਾਜਲੰਧਰ, 24 ਮਾਰਚ
ਕੁਝ ਕਾਰਨਾਂ ਕਰਕੇ ਦੇਰ ਰਾਤ ਪਿੰਡ ਵਰਿਆਣਾ ’ਚ ਕੂੜੇ ਦੇ ਡੰਪ ਨੂੰ ਅੱਗ ਲੱਗ ਗਈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 25 ਤੋਂ ਵੱਧ ਗੱਡੀਆਂ ਕੰਮ ਕਰ ਰਹੀਆਂ ਸਨ। ਅੱਗ ਕੂੜੇ ਦੇ ਇੱਕ ਢੇਰ ਤੋਂ ਕੂੜੇ ਦੇ ਪਹਾੜ ਤੱਕ ਫੈਲ ਗਈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਕੂੜੇ ਦਾ ਪਹਾੜ (ਵਰਿਆਣਾ ਡੰਪ) ਜਿੱਥੇ ਅੱਗ ਲੱਗੀ ਉਹ ਸੂਬੇ ਦੇ ਸਭ ਤੋਂ ਵੱਡੇ ਢੇਰਾਂ ਵਿੱਚੋਂ ਇੱਕ ਹੈ। ਫਾਇਰ ਵਿਭਾਗ ਦੀਆਂ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਰਾਹਗੀਰਾਂ ਵੱਲੋਂ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।
ਅੱਗ ਬੁਝਾਊ ਵਿਭਾਗ ਦੀਆਂ ਟੀਮਾਂ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ 25 ਤੋਂ ਵੱਧ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਸਨ। ਸ਼ਰਾਰਤੀ ਅਨਸਰਾਂ ਨੇ ਕੂੜੇ ਦੇ ਡੰਪ ਨੂੰ ਅੱਗ ਲਗਾ ਦਿੱਤੀ। ਇਸ ਦੇ ਨਾਲ ਹੀ ਸਾਰੀ ਘਟਨਾ ਦੀ ਜਾਣਕਾਰੀ ਜਲੰਧਰ ਦੇ ਮੇਅਰ ਵਿਨੀਤ ਧੀਰ ਅਤੇ ਡੀਐੱਫਓ ਜਸਵੰਤ ਸਿੰਘ ਨੂੰ ਵੀ ਦਿੱਤੀ ਗਈ। ਮੇਅਰ ਵਿਨੀਤ ਧੀਰ ਨੇ ਅੱਗ ਬੁਝਾਊ ਵਿਭਾਗ ਦੀਆਂ ਵੱਧ ਤੋਂ ਵੱਧ ਗੱਡੀਆਂ ਨੂੰ ਘਟਨਾ ਵਾਲੀ ਥਾਂ ’ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਕੋਈ ਵੀ ਮਾੜੀ ਸਥਿਤੀ ਪੈਦਾ ਨਾ ਹੋਵੇ। ਜਲੰਧਰ ਸ਼ਹਿਰ ਅਤੇ ਨੇੜਲੇ ਕਸਬਿਆਂ ਸਮੇਤ ਨਕੋਦਰ, ਕਰਤਾਰਪੁਰ, ਆਦਮਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਤੋਂ ਫਾਇਰ ਵਿਭਾਗ ਦੀਆਂ ਗੱਡੀਆਂ ਵੀ ਮੌਕੇ ’ਤੇ ਪਹੁੰਚੀਆਂ ਸਨ ਤੇ ਕਾਫੀ ਦੇਰ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।