ਵਪਾਰ ਮੰਡਲ ਦਾ ਵਫ਼ਦ ਨਵ-ਨਿਯੁਕਤ ਸੰਯੁਕਤ ਕਮਿਸ਼ਨਰ ਨੂੰ ਮਿਲਿਆ
ਚੰਡੀਗੜ੍ਹ, 16 ਅਪਰੈਲ
ਚੰਡੀਗੜ੍ਹ ਵਪਾਰ ਮੰਡਲ ਦੇ ਇੱਕ ਵਫ਼ਦ ਨੇ ਨਿਗਮ ਦੇ ਨਵ-ਨਿਯੁਕਤ ਸੰਯੁਕਤ ਸਕੱਤਰ ਸੁਮਿਤ ਸਿਹਾਗ ਨਾਲ ਮੁਲਾਕਾਤ ਕੀਤੀ। ਮੰਡਲ ਪ੍ਰਧਾਨ ਸੰਜੀਵ ਚੱਢਾ, ਚੇਅਰਮੈਨ ਚਰਨਜੀਵ ਸਿੰਘ ਅਤੇ ਹੋਰ ਪ੍ਰਮੁੱਖ ਮੈਂਬਰਾਂ ਸਾਬਕਾ ਮੇਅਰ ਅਤੇ ਨਗਰ ਨਿਗਮ ਤਾਲਮੇਲ ਕਮੇਟੀ ਦੇ ਚੇਅਰਮੈਨ ਰਵੀਕਾਂਤ ਸ਼ਰਮਾ, ਸਲਾਹਕਾਰ ਵਰਿੰਦਰ ਗੁਪਤਾ, ਵਿੱਤ ਸਕੱਤਰ ਰਾਧੇ ਲਾਲ ਬਜਾਜ ਅਤੇ ਕਾਰਜਕਾਰੀ ਮੈਂਬਰ ਸੁਸ਼ੀਲ ਬਾਂਸਲ ’ਤੇ ਅਧਾਰਿਤ ਵਫ਼ਦ ਨੇ ਸ੍ਰੀ ਸਿਹਾਗ ਨੂੰ ਫੁੱਲਾਂ ਦਾ ਬੁੱਕਾ ਭੇਟ ਕਰਕੇ ਸਵਾਗਤ ਕੀਤਾ। ਵਫ਼ਦ ਨੇ ਸੰਯੁਕਤ ਕਮਿਸ਼ਨਰ ਸੁਮਿਤ ਸਿਹਾਗ, ਜੋ ਕਿ ਇਨਫੋਰਸਮੈਂਟ ਵਿੰਗ ਅਤੇ ਵਿਕਰੇਤਾ ਸੈੱਲ ਦੇ ਇੰਚਾਰਜ ਹਨ, ਨੂੰ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਦੱਸੀਆਂ।
ਵਫ਼ਦ ਨੇ ਟੈਕਸ ਅਦਾ ਕਰਨ ਵਾਲੇ ਵਪਾਰੀਆਂ ਲਈ ਦੁਕਾਨਾਂ ਦੇ ਸਾਹਮਣੇ ਵਾਲੇ ਵਰਾਂਡਿਆਂ ਵਿੱਚ ਸਮਾਨ ਦੀ ਲੋਡਿੰਗ-ਅਨਲੋਡਿੰਗ ਅਤੇ ਪਿੱਲਰਾਂ ਉਤੇ ਅੰਦਰ ਸਮਾਨ ਦੀ ਪ੍ਰਦਰਸ਼ਨੀ ਖਿਲਾਫ ਸਖਤੀ ਵਰਤਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਗੈਰ-ਕਾਨੂੰਨੀ ਤੌਰ ’ਤੇ ਬੈਠੇ ਰੇਹੜੀ-ਫੜ੍ਹੀ ਵਾਲਿਆਂ ਨੂੰ ਹਟਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਮੰਡਲ ਦੇ ਉਪ ਪ੍ਰਧਾਨ ਅਤੇ ਅਧਿਕਾਰਤ ਬੁਲਾਰੇ ਦਿਵਾਕਰ ਸਹੁੰਜਾ ਨੇ ਕਿਹਾ ਕਿ ਸੰਯੁਕਤ ਕਮਿਸ਼ਨਰ ਸਿਹਾਗ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਅਗਲੀ ਮੀਟਿੰਗ ਵਿੱਚ ਲੰਬਿਤ ਮੁੱਦਿਆਂ ’ਤੇ ਵਿਚਾਰ ਕੀਤਾ ਜਾਵੇਗਾ। ਵਪਾਰੀਆਂ ਅਤੇ ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ।