ਲੋੜ ਪਰਿਵਾਰਾਂ ਲਈ ਘਰ ਬਣਾਉਣ ਦੀ ਮੁਹਿੰਮ ਸ਼ੁਰੂ
ਧੂਰੀ, 8 ਮਈ
ਮਰਹੂਮ ਸੁਰਿੰਦਰ ਸਿੰਘ ਨਿੱਝਰ ਇੰਗਲੈਂਡ ਦੀ ਟੀਮ ਨੇ ਜ਼ਰੂਰਤਮੰਦ ਪਰਿਵਾਰਾਂ ਲਈ ਘਰ ਬਣਾਉਣ ਦੀ ਯੋਜਨਾ ਅਮਲ ਵਿੱਚ ਲਿਆਂਦੀ ਹੈ। ਇਸ ਤਹਿਤ ਵਾਰਡ ਨੰਬਰ 21 ਵਿੱਚ 30 ਦੇ ਕਰੀਬ ਜ਼ਰੂਰਤਮੰਦ ਪਰਿਵਾਰਾਂ ਦਾ ਘਰ ਬਣਾਉਣ ਅਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪ੍ਰਾਜੈਕਟ ਦੀ ਸ਼ੁਰੂਆਤ ਇੱਕ ਸਧਾਰਨ ਸਮਾਰੋਹ ਰਾਹੀਂ ਕੀਤੀ ਗਈ, ਜਿਸ ਦੌਰਾਨ ਪਰਮਜੀਤ ਸਿੰਘ ਭਿੰਦੀ ਅਤੇ ਪੁੰਨੂ ਬਲਜੋਤ ਨੇ ਕਿਹਾ, ‘‘ਸਾਡਾ ਮਕਸਦ ਉਨ੍ਹਾਂ ਪਰਿਵਾਰਾਂ ਨੂੰ ਛੱਤ ਮੁਹੱਈਆ ਕਰਵਾਉਣਾ ਹੈ, ਜੋ ਆਰਥਿਕ ਤੰਗੀ ਕਾਰਨ ਆਪਣਾ ਘਰ ਬਣਾਉਣ ਤੋਂ ਵਾਂਝੇ ਰਹਿ ਗਏ ਹਨ।’’
ਟੀਮ ਨੇ ਇਲਾਕੇ ਦੇ ਹੋਰ ਸਮਰੱਥ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਟੀਮ ਦੇ ਸੂਤਰਧਾਰ ਨੇ ਕਿਹਾ, “ਮਰਹੂਮ ਸੁਰਿੰਦਰ ਸਿੰਘ ਨਿੱਝਰ ਦਾ ਇਹ ਵਿਸ਼ਵਾਸ ਸੀ ਕਿ ਜੇਕਰ ਹਰ ਕਿਸੇ ਨੂੰ ਛੱਤ ਮਿਲ ਜਾਵੇ, ਤਾਂ ਸਮਾਜ ਵਿੱਚ ਅਸਲ ਵਿਕਾਸ ਅਤੇ ਖੁਸ਼ਹਾਲੀ ਆ ਸਕਦੀ ਹੈ। ਅਸੀਂ ਉਨ੍ਹਾਂ ਦੇ ਸਪਨੇ ਨੂੰ ਪੂਰਾ ਕਰਨ ਲਈ ਦ੍ਰਿੜ ਨਿਰਣੈ ਨਾਲ ਕੰਮ ਕਰ ਰਹੇ ਹਾਂ।” ਇਸ ਯਤਨ ਵਿਚ ਹੋਰ ਸਮਾਜ ਸੇਵਕਾਂ ਅਤੇ ਸੰਗਠਨਾਂ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਜ਼ਰੂਰਤਮੰਦ ਪਰਿਵਾਰਾਂ ਤੱਕ ਇਹ ਸਹਾਇਤਾ ਪਹੁੰਚ ਸਕੇ। ਇਸ ਮੌਕੇ ਪਰਮਜੀਤ ਸਿੰਘ ਭਿੰਦੀ, ਪੁੰਨੂ ਬਲਜੋਤ, ਕੁਲਵਿੰਦਰ ਸਿੰਘ ਪਟਿਆਲਾ, ਮਲਕੀਤ ਸਿੰਘ ਜਲੰਧਰ ਅਤੇ ਸੁੱਖਾ ਸਿੰਘ ਚੁੰਨੀ ਲਾਂਡਰਾਂ ਹਾਜ਼ਰ ਸਨ।