ਲੋਕ ਸੇਵਾ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਨੂੰ 15 ਰੂਮ ਹੀਟਰ ਪ੍ਰਦਾਨ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਜਨਵਰੀ
ਜਗਰਾਉਂ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਲੜੀ ਤਹਿਤ ਅੱਜ ਸਥਾਨਕ ਸਿਵਲ ਹਸਪਤਾਲ ਜਗਰਾਉਂ ਨੂੰ 15 ਰੂਮ ਹੀਟਰ ਦਿੱਤੇ ਗਏ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਜਿੰਦਰ ਜੈਨ ਕਾਕਾ, ਸੈਕਟਰੀ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਰੂਮ ਹੀਟਰ ਦੇਣ ਸਮੇਂ ਦੱਸਿਆ ਕਿ ਸੁਸਾਇਟੀ ਵੱਲੋਂ ਸਮੇਂ ਸਮੇਂ ਹਸਪਤਾਲ ਦੀ ਮੰਗ ਅਨੁਸਾਰ ਲੋੜੀਦਾ ਸਾਮਾਨ ਦਿੱਤਾ ਜਾਂਦਾ ਹੈ ਤਾਂ ਕਿ ਹਸਪਤਾਲ ਵਿੱਚ ਜ਼ਰੂਰਤਮੰਦਾਂ ਨੂੰ ਲਾਹਾ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਸਪਤਾਲ ਨੂੰ ਸਾਮਾਨ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਏਪੀ ਰੀਫਾਈਨਰੀ ਦੇ ਡਾਇਰੈਕਟਰ ਭੁਵਨ ਗੋਇਲ ਨੇ ਕਿਹਾ ਕਿ ਸਿਵਲ ਹਸਪਤਾਲ ਪ੍ਰਬੰਧਕਾਂ ਦੀ ਹਰੇਕ ਮੰਗ ਨੂੰ ਪੂਰਾ ਕਰਨਾ ਹਰੇਕ ਸਮਾਜ ਸੇਵੀ ਸੰਸਥਾ ਦਾ ਮੁੱਢਲਾ ਫ਼ਰਜ਼ ਬਣ ਜਾਂਦਾ ਹੈ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਸਰਦੀ ਦਾ ਮੌਸਮ ਹੋਣ ਕਾਰਨ ਹਸਪਤਾਲ ਨੂੰ ਰੂਮ ਹੀਟਰਾਂ ਦੀ ਬਹੁਤ ਲੋੜ ਸੀ ਜਿਸ ਨੂੰ ਦੇਖਦੇ ਹੋਏ ਹਸਪਤਾਲ ਵੱਲੋਂ ਲੋਕ ਸੇਵਾ ਸੁਸਾਇਟੀ ਨੂੰ ਰੂਮ ਹੀਟਰ ਦੇਣ ਦੀ ਬੇਨਤੀ ਕੀਤੀ ਸੀ। ਇਸ ਬੇਨਤੀ ਨੂੰ ਸੁਸਾਇਟੀ ਮੈਂਬਰਾਂ ਨੇ ਫੌਰੀ ਤੌਰ 'ਤੇ ਪੂਰਾ ਕਰਦਿਆਂ 15 ਰੂਮ ਹੀਟਰ ਦਿੱਤੇ ਹਨ।