ਲੁੱਟ-ਖੋਹ ਕਰਨ ਵਾਲੇ ਦੋ ਪੁਲੀਸ ਹਵਾਲੇ ਕੀਤੇ
ਲੁਧਿਆਣਾ, 26 ਦਸੰਬਰ
ਥਾਣਾ ਸਾਹਨੇਵਾਲ ਦੇ ਇਲਾਕੇ ਪਿੰਡ ਕਨੇਚ ਸਥਿਤ ਪਟਿਆਲਾ ਢਾਬਾ ਨੇੜੇ ਲੋਕਾਂ ਨੇ ਇੱਕ ਵਿਅਕਤੀ ਦਾ ਮੋਬਾਈਲ ਫੋਨ ਖੋਹ ਕੇ ਭੱਜ ਰਹੇ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕੀਤਾ। ਇਸ ਦੌਰਾਨ ਉਨ੍ਹਾਂ ਦਾ ਇੱਕ ਸਾਥੀ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਜਿਸ ਦੀ ਪੁਲੀਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਧੀਰੂ ਵਾਸੀ ਮਹਾਂਦੇਵ ਨਗਰ ਲੁਹਾਰਾ ਰੋਡ ਨੇ ਦੱਸਿਆ ਕਿ ਉਹ ਆਪਣੇ ਦੋਸਤ ਸ਼ਿਵਮ ਕੁਮਾਰ ਨਾਲ ਆਪਣੇ ਮੋਟਰਸਾਈਕਲ ’ਤੇ ਖੰਨਾ ਵੱਲ ਜਾ ਰਿਹਾ ਸੀ ਤਾਂ ਨੇੜੇ ਪਟਿਆਲਾ ਢਾਬਾ ਪਿੰਡ ਕਨੇਚ ਥਾਣਾ ਸਾਹਨੇਵਾਲ ਵਿੱਚ ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਨੂੰ ਘੇਰ ਕੇ ਤੇਜ਼ਧਾਰ ਹਥਿਆਰ ਦਿਖਾਏ ਤੇ ਕੁੱਟਮਾਰ ਕਰਦਿਆਂ ਉਸ ਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਮੌਕੇ ਉਸ ਨੇ ਰੌਲਾ ਪਾਇਆ ਤਾਂ ਰਾਹਗੀਰਾਂ ਨੇ ਜਤਿਨ ਵਰਮਾ ਵਾਸੀ ਪਿੰਡ ਕੌੜੀ ਥਾਣਾ ਸਦਰ ਖੰਨਾ ਅਤੇ ਕ੍ਰਿਸ਼ਨ ਸਿੰਘ ਵਾਸੀ ਪਿੰਡ ਲਿਬੜਾ ਥਾਣਾ ਸਦਰ ਖੰਨਾ ਨੂੰ ਕਾਬੂ ਕਰ ਲਿਆ, ਜਦਕਿ ਉਨ੍ਹਾਂ ਦਾ ਸਾਥੀ ਗੁਰਦੀਪ ਸਿੰਘ ਉਰਫ਼ ਦੀਪ ਚੀਮਾਂ ਵਾਸੀ ਪਿੰਡ ਕੌੜੀ ਥਾਣਾ ਸਦਰ ਖੰਨਾ ਫ਼ਰਾਰ ਹੋ ਗਿਆ।