ਲੁੱਟ-ਖੋਹ ਕਰਨ ਦੇ ਦੋਸ਼ ਹੇਠ ਲੜਕੀ ਸਣੇ ਚਾਰ ਕਾਬੂ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਇੱਕ ਲੜਕੀ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੂੰ ਵਿਸ਼ਕਰਮਾ ਟਾਊਨ ਵਾਸੀ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਲਾਜਪਤ ਪਾਰਕ ਨੇੜੇ ਰੇਲਵੇ ਲਾਈਨਾਂ ਕੋਲ ਪਖਾਨੇ ਲਈ ਗਿਆ ਤਾਂ ਪਿੱਛੇ ਤੋਂ ਆਈ ਇੱਕ ਲੜਕੀ ਤੇ ਦੋ ਲੜਕਿਆਂ ਨੇ ਉਸ ਨੂੰ ਧੱਕਾ ਮਾਰ ਕੇ ਜ਼ਮੀਨ ’ਤੇ ਸੁੱਟ ਦਿੱਤਾ। ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਦੀ ਜ਼ੇਬ ਵਿੱਚੋਂ ਪਰਸ ਕੱਢ ਲਿਆ ਜਿਸ ਵਿੱਚ 1200 ਰੁਪਏ, ਏਟੀਐੱਮ ਕਾਰਡ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ।
ਥਾਣੇਦਾਰ ਸੋਨਾ ਸਿੰਘ ਨੇ ਦੱਸਿਆ ਕਿ ਦੌਰਾਨੇ ਤਫ਼ਤੀਸ਼ ਸਪਨਾ ਵਾਸੀ ਯੱਮਲਾ ਜੱਟ ਪਾਰਕ ਨੇੜੇ ਬੱਸ ਸਟੈਂਡ, ਅਜੈ ਵਾਸੀ ਜੰਮੂ ਕਲੋਨੀ ਤੇ ਰਵਿੰਦਰਪਾਲ ਸਿੰਘ ਵਾਸੀ ਐੱਲਆਈਜੀ ਫਲੈਟ, ਦੁੱਗਰੀ ਨੂੰ ਕਾਬੂ ਰਕ ਕੇ ਉਨ੍ਹਾਂ ਕੋਲੋਂ ਇੱਕ ਕਿਰਪਾਨ ਤੇ ਜੈਂਟਸ ਪਰਸ ਬਰਾਮਦ ਕੀਤਾ ਹੈ।
ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਜਲੰਧਰ ਬਾਈਪਾਸ ਚੌਕ ਮੇਨ ਜੀਟੀ ਰੋਡ ’ਤੇ ਮੌਜੂਦ ਸੀ ਤਾਂ ਮੁੱਖਬਰ ਨੇ ਖਬਰ ਦਿੱਤੀ। ਪ੍ਰਾਪਤ ਹੋਈ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਪੁਲੀਸ ਪਾਰਟੀ ਨੇ ਨਿਸ਼ਾਤ ਬੈਂਸ ਉਰਫ਼ ਈਸ਼ੂ ਵਾਸੀ ਸਰੂਪ ਨਗਰ ਮੁੱਹਲਾ ਸਲੇਮ ਟਾਬਰੀ ਨੂੰ ਦੌਰਾਨੇ ਚੈਕਿੰਗ ਖੋਹ ਕੀਤੇ ਮੋਟਰਸਾਈਕਲ ਬੁਲੇਟ ’ਤੇ ਆਉਂਦਿਆਂ ਕਾਬੂ ਕਰਕੇ ਉੱਕਤ ਮੋਟਰਸਾਈਕਲ ਬਰਾਮਦ ਕੀਤਾ ਹੈ, ਜਦ ਕਿ ਉਸ ਦੇ ਸਾਥੀਆਂ ਲਵ ਤੇ ਨਿਤਿਸ਼ ਦੀ ਭਾਲ ਕੀਤੀ ਜਾ ਰਹੀ ਹੈ।