ਲੁਧਿਆਣਾ-ਰੋਪੜ ਹਾਈਵੇਅ ਲਈ ਜ਼ਮੀਨ ਐਕੁਆਇਰ ਕੀਤੀ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 4 ਮਈ
ਲੁਧਿਆਣਾ (ਲਾਡੋਵਾਲ) ਤੋਂ ਲੈ ਕੇ ਰੋਪੜ ਤੱਕ ਬਣਨ ਵਾਲੇ ਨੈਸ਼ਨਲ ਹਾਈਵੇਅ ਵਾਸਤੇ ਜ਼ਮੀਨ ਐਕੁਆਇਰ ਕਰਨ ਲਈ ਪ੍ਰਸ਼ਾਸਨ ਅੱਜ ਵੱਡੀ ਨਫ਼ਰੀ ’ਚ ਪੁਲੀਸ ਬਲ ਲੈ ਕੇ ਪੁੱਜਿਆ ਤੇ ਕਰੀਬ 23 ਕਿਲੋਮੀਟਰ ਲੰਬੇ ਰਸਤੇ ਲਈ ਜ਼ਮੀਨ ਦਾ ਕਿਸਾਨਾਂ ਤੋਂ ਕਬਜ਼ਾ ਛੁਡਵਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਸਬ ਤਹਿਸੀਲ ਵਿਚ ਪਿੰਡ ਗੁਰੂਗੜ੍ਹ ਤੋਂ ਲੈ ਕੇ ਬਹਿਲੋਲਪੁਰ ਤੱਕ ਕਰੀਬ 10.5 ਕਿਲੋਮੀਟਰ ਲੰਬੇ ਹਾਈਵੇਅ ਲਈ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਕਰ ਦਿੱਤੀ ਗਈ।
ਐੱਸਪੀ ਖੰਨਾ ਪਵਨਜੀਤ, ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਸੈਂਕੜੇ ਪੁਲੀਸ ਕਰਮਚਾਰੀ ਪ੍ਰਸਾਸ਼ਨ ਦੀ ਮੱਦਦ ਲਈ ਜ਼ਮੀਨ ਐਕੁਆਇਰ ਕਰਨ ਪੁੱਜੇ। ਐੱਸਡੀਐੱਮ ਰਜਨੀਸ਼ ਅਰੋੜਾ ਦੀ ਅਗਵਾਈ ਹੇਠ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਨੈਸ਼ਨਲ ਹਾਈਵੇ ਨੂੰ ਬਣਾਉਣ ਵਾਲੀ ਕੰਪਨੀ ਨੂੰ ਕਿਸਾਨਾਂ ਦੀ ਜ਼ਮੀਨ ਦਾ ਕਬਜ਼ਾ ਦਿਵਾਇਆ ਗਿਆ। ਐੱਸਡੀਐੱਮ ਰਜਨੀਸ਼ ਅਰੋੜਾ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਬਣਾਉਣ ਲਈ ਇਹ ਜ਼ਮੀਨ ਐਕੁਆਇਰ ਕਰਨ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜਿਆ ਅਤੇ ਕਿਸੇ ਵੀ ਤਰ੍ਹਾਂ ਦੀ ਵਿਰੋਧਤਾ ਨਹੀਂ ਹੋਈ ਅਤੇ ਕਿਸਾਨਾਂ ਨੇ ਆਪਣਾ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੇ ਵੀ ਕਿਸਾਨ ਨੂੰ ਐਕੁਆਇਰ ਜ਼ਮੀਨ ਦੀ ਰਾਸ਼ੀ ਨਹੀਂ ਮਿਲੀ ਉਹ ਸਬੰਧਤ ਦਫ਼ਤਰ ਤੋਂ ਇਹ ਰਾਸ਼ੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਫਿਲਹਾਲ ਫਸਲ ਬੀਜੀ ਹੋਈ ਸੀ ਉਨ੍ਹਾਂ ਨੂੰ ਕੱਟਣ ਤੱਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਇਹ ਵੀ ਜ਼ਮੀਨ ਐਕੁਆਇਰ ਕਰ ਲਈ ਜਾਵੇਗੀ। ਦੂਸਰੇ ਪਾਸੇ ਲੁਧਿਆਣਾ ਪ੍ਰਸਾਸ਼ਨ ਵਲੋਂ ਪਿੰਡ ਸ਼ਾਲੂ ਭੈਣੀ ਤੋਂ ਲੈ ਕੇ ਹਯਾਤਪੁਰ ਤੱਕ ਕਰੀਬ 13 ਕਿਲੋਮੀਟਰ ਲੰਬਾ ਰਸਤਾ ਐਕੁਆਇਰ ਕੀਤਾ ਗਿਆ।