ਟ੍ਰਿਬਿਊਨ ਨਿਊਜ਼ ਸਰਵਿਸਲੁਧਿਆਣਾ, 14 ਦਸੰਬਰਨਗਰ ਨਿਗਮ ਚੋਣਾਂ ਲਈ ਚੋਣ ਅਖਾੜਾ ਪੂਰੀ ਤਰ੍ਹਾਂ ਭਖ਼ ਗਿਆ ਹੈ। ਨਾਮਜ਼ਦਗੀਆਂ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਹੁਣ ਕੁੱਲ 447 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। 21 ਸਤੰਬਰ ਨੂੰ ਚੋਣਾਂ ਹੋਣਗੀਆਂ ਤੇ ਲੁਧਿਆਣਾ ਨਗਰ ਨਿਗਮ ਦੇ ਲਈ 95 ਵਾਰਡਾਂ ਵਿੱਚ ਕੌਂਸਲਰ ਚੁੱਣੇ ਜਾਣਗੇ। ਉਸ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਚੁਣੇ ਜਾਣਗੇ।ਸ਼ਹਿਰ ਵਿੱਚ 12 ਦਸੰਬਰ ਤੱਕ ਨਾਮਜ਼ਦਗੀਆਂ ਕਰਨ ਦੀ ਤਾਰੀਕ ਸੀ, ਉਸ ਤੋਂ ਬਾਅਦ ਬੀਤੇ ਦਿਨੀਂ ਸਕਰੂਟਿਨੀ ਹੋਈ ਤੇ 19 ਨਾਮਜ਼ਜਦਗੀਆਂ ਰੱਦ ਹੋ ਗਈਆਂ। ਜਿਸ ਤੋਂਬਾਅਦ ਕੁੱਲ 663 ਨਾਮਜ਼ਦਗੀਆਂ ਰਹਿ ਗਈਆਂ ਸਨ। ਸ਼ਨਿੱਚਰਵਾਰ ਨੂੰ ਨਾਮਜ਼ਦਗੀ ਵਾਪਸ ਲੈਣ ਦੀ ਅੰਤਿਮ ਤਾਰੀਕ ਸੀ, ਜਿਸ ਦੌਰਾਨ 216 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ। ਜਿਸ ਤੋਂ ਬਾਅਦ ਹੁਣ ਚੋਣ ਮੈਦਾਨ ਵਿੱਚ 447 ਉਮੀਦਵਾਰ ਹੀ ਬੱਚੇ ਹਨ। ਜੋਕਿ ਚੋਣਾਂ ਦੇ ਮੈਦਾਨ ਵਿੱਚ ਸਿਆਸੀ ਜੰਗ ਲੜਨਗੇ।ਨਗਰ ਨਿਗਮ ਚੋਣਾਂ ਦੇ ਲਈ 95 ਵਾਰਡਾ ਵਿੱਚ 447 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਕੁੱਲ 1223 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵੋਟਰਾਂ ਦੀ ਗੱਲ ਕਰੀਏ ਤਾਂ ਸ਼ਹਿਰ ਵਿੱਚ ਕੁੱਲ 11, 61, 689 ਵੋਟਰ ਹਨ, ਜਿਨ੍ਹਾਂ ਵਿੱਚ 6,22,150 ਪੁਰਸ਼, 5, 39, 436 ਮਹਿਲਾਵਾਂ ਤੇ 103 ਥਰਡ ਜੈਂਡਰ ਹਨ।ਆਜ਼ਾਦ ਉਮੀਦਵਾਰਾਂ ਨੂੰ ਮਿਲੇ ਚੋਣ ਨਿਸ਼ਾਨਪ੍ਰਸ਼ਾਸਨ ਵੱਲੋਂ ਅੱਜ ਜਿਹੜੇ ਉਮੀਦਵਾਰ ਚੋਣ ਮੇਦਾਨ ਵਿੱਚ ਬਾਕੀ ਬਚੇ ਹਨ, ਉਨ੍ਹਾਂ ਵਿੱਚੋਂ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ 95 ਵਾਰਡਾਂ ਵਿੱਚ ਲਗਪਗ 80 ਤੋਂ ਵੱਧ ਉਮੀਦਵਾਰ ਆਜ਼ਾਦ ਤੌਰ ’ਤੇ ਚੋਣ ਲੜ ਰਹੇ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਹੀਰਾ, ਲੈਟਰ ਬਾਕਸ, ਬੈਟ, ਦਰੱਖਤ, ਲਾਲਟੈਨ, ਮੇਜ਼, ਸਾਈਕਲ ਤੇ ਗੁਬਾਰਾ ਵਰਗੇ ਚੋਣ ਨਿਸ਼ਾਨ ਅਲਾਟ ਕੀਤੇ ਹਨ। ਹੁਣ ਐਤਵਾਰ ਤੋਂ ਲੁਧਿਆਣਾ ਵਿੱਚ ਪੂਰੀ ਤਰ੍ਹਾਂ ਚੋਣ ਅਖਾੜਾ ਭਖ਼ਣ ਦੀ ਉਮੀਦ ਹੈ ਕਿਉਂਕਿ ਸਾਰੇ ਹੀ ਉਮੀਦਵਾਰਾਂ ਦੇ ਕਾਗਜ਼ ਪੂਰੇ ਹੋਣ ਤੋਂ ਬਾਅਦ ਚੋਣ ਪ੍ਰਚਾਰ ਚਰਮ ਸੀਮਾ ’ਤੇ ਪਹੁੰਚ ਗਿਆ ਹੈ।