ਲਾਲੜੂ ਦੇ ਬਾਜ਼ਾਰ ’ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ
ਸਰਬਜੀਤ ਸਿੰਘ ਭੱਟੀ
ਲਾਲੜੂ, 6 ਜਨਵਰੀ
ਲਾਲੜੂ ਮੰਡੀ ਦੇ ਮੁੱਖ ਬਾਜ਼ਾਰ ਵਿੱਚ ਨਾਜਾਇਜ਼ ਕਬਜ਼ਿਆਂ ਕਾਰਨ ਆਮ ਲੋਕਾਂ ਨੂੰ ਭਾਰੀ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਵੱਲੋਂ ਕਬਜ਼ਾ ਕਰਨ ਵਾਲਿਆਂ ਖਿਲਾਫ਼ ਢੁਕਵੀਂ ਕਾਰਵਾਈ ਨਾ ਕਰਨ ਕੀਤੇ ਜਾਣ ਕਾਰਨ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਲਾਲੜੂ ਮੰਡੀ ਦੇ ਬਾਜ਼ਾਰ ਦੀਆਂ ਸੜਕਾਂ ਕਿਸੇ ਵੇਲੇ ਬਹੁਤ ਚੌੜੀਆਂ ਸਨ, ਜਿਨ੍ਹਾਂ ਰਾਹੀਂ ਦੋ ਵਾਹਨ ਬਰਾਬਰ-ਬਰਾਬਰ ਲੰਘ ਜਾਂਦੇ ਸਨ, ਉਸ ਤੋਂ ਬਾਅਦ ਦੁਕਾਨਾਂ ਦੇ ਅੱਗੇ ਵਰਾਂਡੇ ਸਨ, ਵਰਾਂਡਿਆਂ ਦੇ ਅੱਗੇ ਫੁਟਪਾਥ ਸਨ, ਉਸ ਦੇ ਅੱਗੇ ਬਾਜ਼ਾਰ ਦੀਆਂ ਸੜਕਾਂ ਸਨ। ਹੁਣ ਹਾਲਾਤ ਇਹ ਬਣ ਗਏ ਹਨ ਕਿ ਦੁਕਾਨਦਾਰਾਂ ਨੇ ਵਰਾਂਡੇ ਅਤੇ ਫੁੱਟਪਾਥਾਂ ਨੂੰ ਲੈਂਟਰ ਪਾ ਕੇ ਛੱਤ ਲਿਆ ਹੈ, ਜਿਸ ਕਾਰਨ ਦੁਕਾਨਾਂ ਦਾ ਸਾਮਾਨ ਬਾਜ਼ਾਰ ਦੀਆਂ ਮੁੱਖ ਸੜਕਾਂ ’ਤੇ ਆ ਗਿਆ ਹੈ। ਇਸ ਦੌਰਾਨ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਜ਼ਾਰ ਵਿੱਚ ਅਕਸਰ ਜਾਮ ਲੱਗਿਆ ਰਹਿੰਦਾ ਹੈ ਅਤੇ ਕਈ ਲੋਕਾਂ ਤੇ ਦੁਕਾਨਦਾਰਾਂ ਵਿਚਕਾਰ ਤਕਰਾਰਬਾਜ਼ੀ ਵੀ ਹੋ ਜਾਂਦੀ ਹੈ।
ਲੋਕਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਤੁਰੰਤ ਦੂਰ ਕਰਵਾਏ ਜਾਣ ਤਾਂ ਜੋ ਬਾਜ਼ਾਰ ਵਿੱਚ ਆਉਣ-ਜਾਣ ਵਾਲੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।
ਇਸ ਦੌਰਾਨ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਗੁਰਬਖਸ਼ੀਸ਼ ਸਿੰਘ ਸੰਧੂ ਨੇ ਦੱਸਿਆ ਕਿ ਨਾਜਾਇਜ਼ ਕਬਜ਼ੇ ਦੂਰ ਕਰਾਉਣ ਦੀ ਮੁਹਿੰਮ ਪਹਿਲਾਂ ਵੀ ਚਲਾਈ ਗਈ ਸੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਮੁੜ ਚਲਾਈ ਜਾਵੇਗੀ ਅਤੇ ਕਿਸੇ ਨੂੰ ਵੀ ਸਰਕਾਰੀ ਥਾਵਾਂ ’ਤੇ ਕਾਬਜ਼ ਨਹੀਂ ਹੋਣ ਦਿੱਤਾ ਜਾਵੇਗਾ।