ਲੜਾਈ ਵਿੱਚ ਗੋਲੀ ਚੱਲੀ; ਔਰਤ ਜ਼ਖ਼ਮੀ
ਪੱਤਰ ਪ੍ਰੇਰਕ
ਤਰਨ ਤਾਰਨ, 6 ਜਨਵਰੀ
ਇਲਾਕੇ ਦੇ ਪਿੰਡ ਜੌਹਲ ਰਾਜੂ ਸਿੰਘ ਵਿੱਚ ਦੋ ਧਿਰਾਂ ਵਿਚਾਲੇ ਹੋਈ ਲੜਾਈ ਵਿੱਚ ਗੋਲੀ ਚੱਲ ਜਾਣ ਕਾਰਨ ਔਰਤ ਜ਼ਖਮੀ ਹੋ ਗਈ| ਜ਼ਖਮੀ ਔਰਤ ਕੁਲਵਿੰਦਰ ਕੌਰ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਇਸ ਸਬੰਧੀ ਥਾਣਾ ਸਿਟੀ ਤਰਨ ਤਾਰਨ ਦੀ ਪੁਲੀਸ ਨੇ ਸੱਤ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਏਐੱਸਆਈ ਸੁਰਜੀਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਦੋ ਮੁਲਜ਼ਮਾਂ ਦੀ ਪਛਾਣ ਪਿੰਡ ਜੌਹਲ ਰਾਜੂ ਸਿੰਘ ਦੇ ਵਾਸੀ ਪਵਨਦੀਪ ਸਿੰਘ ਅਤੇ ਖਾਰਾ (ਸਰਹਾਲੀ) ਦੇ ਵਾਸੀ ਜੋਬਨਪ੍ਰੀਤ ਸਿੰਘ ਵਜੋਂ ਹੋਈ ਜਦੋਂਕਿ ਪੰਜ ਮੁਲਜ਼ਮਾਂ ਦੀ ਪਛਾਣ ਅਜੇ ਕੀਤੀ ਜਾਣੀ ਹੈ। ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਮੁਲਜ਼ਮਾਂ ਦਾ ਜੌਹਲ ਰਾਜੂ ਸਿੰਘ ਪਿੰਡ ਦੇ ਵਾਸੀ ਗਗਨਦੀਪ ਸਿੰਘ ਨਾਲ ਝਗੜਾ ਹੋ ਗਿਆ| ਉਨ੍ਹਾਂ ਨੂੰ ਆਸ ਪਾਸ ਦੇ ਲੋਕਾਂ ਨੇ ਛੁੱਡਵਾ ਦਿੱਤਾ| ਗਗਨਦੀਪ ਸਿੰਘ ਆਪਣੇ ਘਰ ਆ ਗਿਆ| ਇਸੇ ਗੱਲ ਤੋਂ ਗੁੱਸੇ ਵਿੱਚ ਆਏ ਪਵਨਦੀਪ ਸਿੰਘ ਅਤੇ ਜੋਬਨਪ੍ਰੀਤ ਸਿੰਘ ਨੇ ਸ਼ਾਮ ਵੇਲੇ ਗਗਨਦੀਪ ਸਿੰਘ ਨੂੰ ਮੋਬਾਈਲ ’ਤੇ ਧਮਕੀ ਦਿੱਤੀ ਅਤੇ ਉਹ ਹਥਿਆਰਬੰਦ ਹੋ ਕੇ ਗਗਨਦੀਪ ਸਿੰਘ ਦੇ ਘਰ ਆ ਗਏ ਜਿੱਥੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਗੋਲੀ ਲੱਗਣ ਕਾਰਨ ਉਸ ਦੀ ਗੁਆਂਢਣ ਕੁਲਵਿੰਦਰ ਕੌਰ ਜ਼ਖਮੀ ਹੋ ਗਈ| ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਬੀਐੱਨਐਸ ਦੀਆਂ ਸਬੰਧਤ ਧਾਰਾਵਾਂ ਤੋਂ ਇਲਾਵਾ ਅਸਲਾ ਐਕਟ ਦੀ ਦਫ਼ਾ 25, 27, 54, 59 ਅਧੀਨ ਕੇਸ ਦਰਜ ਕੀਤਾ ਹੈ|