ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੱਜੀਆਂ ਰੂਹਾਂ

04:24 AM Jan 14, 2025 IST

ਸਵਰਨ ਸਿੰਘ ਭੰਗੂ
ਆਪਣੇ ਦੋਸਤ ਕੋਲ ਅਜੇ ਬੈਠਿਆ ਹੀ ਸੀ ਕਿ ਜੇਬ ਵਿੱਚੋਂ ਮੋਬਾਈਲ ਨਾ ਮਿਲਿਆ। ਸਰਦੀਆਂ ਦੇ ਦਿਨੀਂ ਵਰਦਾਨ ਬਣਦਅਿਾਂ ਬਾਕੀ ਜੇਬਾਂ ਫਰੋਲੀਆਂ ਤਾਂ ਫ਼ਿਕਰ ਵਧ ਗਿਆ। ਗੱਲ ਕੇਵਲ ਯੰਤਰ ਦੀ ਨਹੀਂ ਸੀ, ਬੰਦੇ ਦੀ ਸਾਰੀ ਦੁਨੀਆ ਤਾਂ ਇਸ ਵਿੱਚ ਸਿਮਟੀ ਹੁੰਦੀ ਹੈ। ਘਰ ਜਾ ਕੇ ਆਉਂਦਾ ਹਾਂ।...
“ਚਾਹ ਆ ਗਈ, ਪੀ ਕੇ ਹੀ ਜਾਇਓ, ਫ਼ਿਕਰ ਨਾ ਕਰੋ... ਲੱਭ ਜਾਵੇਗਾ।” ਜਦੋਂ ਦੋਸਤ ਨੇ ਇਹ ਗੱਲ ਕਹੀ ਤਾਂ ਯਾਦ ਆਇਆ, ਫੋਨ ਘਰ ਵੀ ਨਹੀਂ ਹੋ ਸਕਦਾ ਕਿਉਂਕਿ ਰਸਤੇ ਵਿੱਚ ਤਾਂ ਮੈਂ ਇੱਕ ਥਾਂ ਤਸਵੀਰ ਖਿੱਚੀ ਸੀ। ਸ਼ੀਸ਼ੇ ਵਿੱਚੋਂ ਗੱਡੀ ਅੰਦਰ ਝਾਤੀ ਮਾਰਦਾ ਹਾਂ, ਮੋਬਾਈਲ ਨਹੀਂ ਦਿਸਦਾ। ਜਦੋਂ ਡਰਾਇਵਰ ਵਾਲੀ ਤਾਕੀ ਖੋਲ੍ਹਦਾ ਹਾਂ ਤਾਂ ਮਾਸੂਮ ਜਿਹੀ ਬੱਚੀ ਹੱਥ ਵਿੱਚ ਮੇਰਾ ਮੋਬਾਈਲ ਫੋਨ ਲੈ ਕੇ ਮੈਨੂੰ ਦਿਖਾਉਂਦਿਆਂ ਪੁੱਛਦੀ ਹੈ, “ਇਹ ਤੁਹਾਡਾ ਹੈ ਅੰਕਲ?”
ਦੇਖ ਕੇ ਕੁੜੀ ਨੂੰ ਕਲਾਵੇ ਵਿੱਚ ਲੈਂਦਾ ਹਾਂ; “ਹਾਂ ਹਾਂ” ਕਹਿੰਦਿਆਂ ਪੁੱਛਦਾ ਹਾਂ, “ਬੇਟੀ ਕਿੱਥੋਂ ਮਿਲਿਆ ਹੈ ਇਹ?”
“ਅੰਕਲ ਜੀ, ਗੱਡੀ ਦੇ ਹੇਠਾਂ ਡਿਗਿਆ ਪਿਆ ਸੀ, ਮੈਂ ਦੇਖ ਰਹੀ ਸੀ, ਕੋਈ ਅੰਕਲ ਇਸ ਨੂੰ ਚਲਾਏਗਾ ਤਾਂ ਮੈਂ ਉਸ ਨੂੰ ਪੁੱਛ ਕੇ ਦੇ ਦੇਵਾਂਗੀ।”
ਮੇਰਾ ਦੋਸਤ ਅਖ਼ਬਾਰ ਦਾ ਨੁਮਾਇੰਦਾ ਹੈ, ਮੈਂ ਕੁੜੀ ਨੂੰ ਬਾਹੋਂ ਫੜ ਕੇ ਉਸ ਕੋਲ ਲੈ ਗਿਆ, “ਫੋਟੋ ਖਿੱਚੋ ਜੀ, ਇਸ ਨਿਰਛਲ ਉਮਰ ਨੇ ਖ਼ਬਰ ਬਣਾਈ ਹੈ।”
“ਬੇਟੀ, ਤੂੰ ਇਹ ਕੀ ਸੋਚ ਕੇ ਵਾਪਸ ਕੀਤਾ ਹੈ?”
ਜਵਾਬ ਵਿੱਚ ਉਹ ਕਹਿੰਦੀ ਹੈ, “ਮੇਰੀ ਮਾਂ ਨੇ ਸਿਖਾਇਐ, ਕਿਸੇ ਦੀ ਕੋਈ ਚੀਜ਼ ਚੁਰਾਣੀ ਨਹੀਂ।”
ਉਹ ਬਾਹਰ ਨਿੱਕਲਦੀ ਹੈ, ਸ਼ੁਕਰ ਹੋਇਆ, ਬਾਹਰ ਮੇਲੇ ਦੀ ਭੀੜ ਵਿੱਚ ਗੁਆਚਣ ਤੋਂ ਪਹਿਲਾਂ ਉਸ ਨੂੰ ਮੇਰੀ ਆਵਾਜ਼ ਸੁਣ ਗਈ।
“ਆਹ ਲੈ ਤੇਰੀ ਇਮਾਨਦਾਰੀ ਦਾ ਇਨਾਮ।” ਮੈਂ 100 ਰੁਪਿਆ ਉਸ ਦੇ ਹੱਥ ’ਤੇ ਧਰਦਾ ਹਾਂ। ਉਹ ਨਾਂਹ ਕਰਦੀ ਹੈ ਪਰ ਮੈਂ ਪੈਸੇ ਉਸ ਦੀ ਮੁੱਠੀ ਵਿੱਚ ਘੁੱਟ ਦਿੰਦਾ ਹਾਂ, ਪਿਆਰਦਾ ਹਾਂ, ਸ਼ਾਬਾਸ਼ ਕਹਿੰਦਾ ਹਾਂ... ਭੀੜ ’ਚ ਲੋਪ ਹੋ ਰਹੀ ਤਾਰੀਖ਼ ਦੀ ਇਸ ਨਿੱਕੀ ਨਾਇਕਾ ਨੂੰ ਹਸਰਤ ਨਾਲ ਤੱਕਦਾ ਹਾਂ।...
ਗੱਲ ਇੱਥੇ ਮੁੱਕਦੀ ਨਹੀਂ ਸਗੋਂ ਅੱਗੇ ਤੁਰਦੀ ਹੈ। ਉੱਪਰ ਜ਼ਿਕਰ ਕੀਤਾ ਹੈ, ਰਸਤੇ ਵਿੱਚ ਤਸਵੀਰ ਖਿੱਚੀ ਸੀ। ਇਹ ਤਸਵੀਰ ਪਰੌਠਿਆਂ ਦੀ ਰੇਹੜੀ ਲਾ ਕੇ ਲੋਕਾਂ ਨੂੰ ਨਾਸ਼ਤਾ ਕਰਾਉਣ ਵਾਲੇ ਇੱਕ ਨੌਜਵਾਨ ਦੀ ਸੀ। ਇਸ ਨਾਲ ਜੁੜੀ ਕਹਾਣੀ ਦਿਲ ਨੂੰ ਟੁੰਬਣ ਵਾਲੀ ਹੈ। ਮੇਰੀ ਜੀਵਨ ਸਾਥਣ ਦਾ ਅਦਾਕਾਰਾ ਵਜੋਂ ਪੰਜਾਬੀ ਫਿਲਮਾਂ ਵਿੱਚ ਕਾਫ਼ੀ ਨਾਂ ਹੈ ਪਰ ਘਰ ਹੋਣ ਸਮੇਂ ਉਹ ਘਰ ਦੁਆਲੇ ਦੀਆਂ ਗਲੀਆਂ ਸਾਫ਼ ਕਰਨ ਲਈ ਬਹੁਕਰ ਚੁੱਕ ਲੈਂਦੀ ਹੈ। ਇੱਕ ਦਿਨ ਸੁੰਭਰਦਿਆਂ, ਆਪਣੇ ਟਿਕਾਣੇ ਵੱਲ ਰੇਹੜੀ ਲੈ ਕੇ ਜਾ ਰਿਹਾ ਇਹ ਨੌਜਵਾਨ ਉਸ ਨੇ ਰੋਕ ਲਿਆ। ਇਸ ਨੌਜਵਾਨ ਨੇ ਆਪਣੀ ਰੇਹੜੀ ’ਤੇ ਮੋਟੇ ਅੱਖਰਾਂ ਨਾਲ ਲਿਖ ਕੇ ਲਾਇਆ ਹੋਇਆ ਸੀ: ਕੋਈ ਭੁੱਖਾ ਗਰੀਬ ਬੰਦਾ ਇੱਥੋਂ ਮੁਫ਼ਤ ਭੋਜਨ ਖਾ ਸਕਦਾ ਹੈ।
ਮੇਰੀ ਜੀਵਨ ਸਾਥਣ ਨੇ ਇਸ ਨੌਜਵਾਨ ਤੋਂ ਜੋ ਸੁਣਿਆ, ਉਸ ਤੋਂ ਉਹ ਕਾਫ਼ੀ ਪ੍ਰਭਾਵਿਤ ਸੀ। ਅਗਲੇ ਦਿਨ ਮੈਨੂੰ ਕੁਝ ਪੈਸੇ ਦਿੰਦਿਆਂ ਬੋਲੀ, “ਉਸ ਮੋੜ ’ਤੇ ਜਿਹੜਾ ਭਾਈ ਪਰੌਂਠੇ ਬਣਾਉਂਦਾ... ਆਪਣੇ ਵੱਲੋਂ ਲੋੜਵੰਦਾਂ ਲਈ ਭੋਜਨ ਦੀ ਸੇਵਾ ਹੈ ਇਹ।” ਅਜਿਹਾ ਕਰਨ ਸਮੇਂ ਜਦੋਂ ਉਸ ਨੌਜਵਾਨ ਨਾਲ ਗੱਲਬਾਤ ਤੁਰੀ ਤਾਂ ਉਸ ਦੱਸਿਆ ਕਿ ਉਹ ਲੰਮਾਂ ਸਮਾਂ ਕਿਸੇ ਹੋਟਲ ’ਤੇ ਕੰਮ ਕਰਦਾ ਰਿਹਾ ਸੀ ਪਰ ਹੁਣ ਉਸ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਹੈ। ਉਸ ਦੀ ਮਾਂ ਕਾਫ਼ੀ ਚਿਰ ਪਹਿਲਾਂ ਮਰ ਚੁੱਕੀ ਹੈ, ਬਜ਼ੁਰਗ ਨਾਨੀ ਉਸ ਕੋਲ ਰਹਿੰਦੀ ਹੈ ਜਿਸ ਦੀ ਉਹ ਸੇਵਾ-ਸੰਭਾਲ ਹੈ ਅਤੇ ਪੁੱਜ ਕੇ ਉਸ ਦਾ ਸਤਿਕਾਰ ਵੀ ਕਰਦਾ ਹੈ। ਇੱਕ ਦਿਨ ਹੋਇਆ ਇਹ ਕਿ ਜਦੋਂ ਉਹ ਗਾਹਕਾਂ ਲਈ ਪਰੌਂਠੇ ਲਾਹ ਰਿਹਾ ਸੀ ਤਾਂ ਮਾਂ ਧੀ (ਦੋ ਬੀਬੀਆਂ) ਉਹਦੇ ਵੱਲ ਤੱਕਦੀਆਂ ਰਹੀਆਂ। ਜਦੋਂ ਕੋਈ ਗਾਹਕ ਨਾ ਰਿਹਾ, ਉਹ ਉਸ ਕੋਲ ਆ ਕੇ ਕਹਿਣ ਲੱਗੀਆਂ, “ਵੇ ਵੀਰ, ਮੇਰਾ ਮੁੰਡਾ ਹਸਪਤਾਲ ਦਾਖ਼ਲ ਐ, ਉਹਨੂੰ ਵੀ ਤੇ ਸਾਨੂੰ ਵੀ ਭੁੱਖ ਬੜੀ ਲੱਗੀ ਐ, ਪੰਜ ਪਰੌਂਠੇ ਚਾਹੀਦੇ ਪਰ ਸਾਡੇ ਕੋਲ 50 ਰੁਪਏ ਹੀ ਹਨ।” ਉਹ 20 ਰੁਪਏ ਦਾ ਪਰੌਂਠਾ ਵੇਚਦਾ ਹੈ।... ਉਹਨੇ 6 ਪਰੌਂਠੇ ਬਣਾ ਕੇ ਦੇ ਦਿੱਤੇ ਅਤੇ 50 ਰੁਪਏ ਵੀ ਨਹੀਂ ਲਏ।... ਉਸ ਦੀਆਂ ਅੱਖਾਂ ਆਪ-ਮੁਹਾਰੇ ਚੋ ਪਈਆਂ। ਉਸ ਦਿਨ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ, ਜਿਵੇਂ ਉਹ ਦਿਨ ਉਸ ਨੇ ਭਰ ਕੇ ਜੀਅ ਲਿਆ ਹੋਵੇ। ਉਸ ਦੱਸਿਆ ਕਿ ਜਦੋਂ ਉਹਨੇ ਇਹ ਵਾਰਤਾ ਆਪਣੀ ਨਾਨੀ ਨਾਲ ਸਾਂਝੀ ਕੀਤੀ ਸੀ ਤਾਂ ਨਾਨੀ ਨੇ ਸ਼ਾਬਾਸ਼ ਦਿੱਤੀ, “ਪੁੱਤਰ ਕੋਈ ਫ਼ਰਕ ਨਹੀਂ ਪੈਣ ਲੱਗਾ, ਆਪਣਾ 2 ਕਿੱਲੋ ਆਟਾ ਈ ਲੱਗ ਜਾਇਆ ਕਰੂ, ਗਰੀਬ ਗੁਰਬੇ ਨੂੰ ਮੁਫ਼ਤ ਭੋਜਨ ਛਕਾਇਆ ਕਰ। ਇਸ ਤੋਂ ਵੱਡਾ ਪੁੰਨ ਕੋਈ ਨ੍ਹੀਂ ਹੁੰਦਾ।” ਬੱਸ ਉਸ ਦਿਨ ਤੋਂ ਉਹਨੇ ਰੇਹੜੀ ਦੇ ਦੋ ਪਾਸੇ ਲਿਖ ਕੇ ਲਾ ਦਿੱਤਾ।
ਇਸ ਨੌਜਵਾਨ ਦੀ ਇਸ ਕਰਨੀ ਨੇ ਉਸ ਅੱਗੇ ਮੇਰਾ ਸਿਰ ਝੁਕਾ ਦਿੱਤਾ ਸੀ। ਜਦੋਂ ਵੀ ਮੈਂ ਉਸ ਰੇਹੜੀ ਅੱਗਿਓਂ ਲੰਘਦਾ ਹਾਂ, ਸਿਜਦਾ ਤਾਂ ਹੋ ਹੀ ਜਾਂਦਾ ਹੈ, ਨਾਲ ਇਹ ਖਿਆਲ ਵੀ ਆਉਂਦੈ ਕਿ ਮਨੁੱਖਤਾ ਪੱਖੋਂ ਕਾਰਪੋਰੇਟਾਂ ਦੇ 5 ਜਾਂ 7 ਸਿਤਾਰਾ ਤਾਂ ਇਸ ਰੇਹੜੀ ਦੇ ਗਿੱਟਿਆਂ ਤੱਕ ਵੀ ਨਹੀਂ ਆਉਂਦੇ।
ਮਿਲਦੀ ਜੁਲਦੀ ਕਹਾਣੀ ਇਹ ਵੀ ਹੈ ਕਿ ਕੁਝ ਸਾਲ ਪਹਿਲਾਂ ਮੇਰੇ ਨਾਲ ਸੈਰ ਨੂੰ ਜਾ ਰਹੀਆਂ ਹੋਸਟਲ ਦੀਆਂ ਲੜਕੀਆਂ ਨੇ ਵਾਧੂ ਬਰਤਨ ਸ਼ਹਿਰ ਦੇ ਬਾਹਰ ਸਿਕਲੀਗਰਾਂ ਦੀਆਂ ਝੁੱਗੀਆਂ ਕੋਲ ਇਹ ਸੋਚ ਕੇ ਰੱਖ ਦਿੱਤੇ ਕਿ ਇਨ੍ਹਾਂ ਦੇ ਕੰਮ ਆ ਜਾਣਗੇ। ਵਾਪਸੀ ’ਤੇ ਝੁੱਗੀਆਂ ਦਾ ਇੱਕ ਬਜ਼ੁਰਗ ਸਾਡੇ ਅੱਗੇ ਆ ਖੜ੍ਹਿਆ, ਕਹਿਣ ਲੱਗਾ, “ਮੈਂ ਤੁਹਾਨੂੰ ਦੇਖ ਲਿਆ ਸੀ, ਥੈਲੇ ਵਿੱਚ ਪਾਏ ਭਾਂਡੇ ਵੀ ਦੇਖ ਲਏ, ਸਾਡੇ ਕੋਲ ਭਾਂਡੇ ਹੈਨ ਵੇ... ਤੁਸੀਂ ਇਹ ਲੈ ਜਾਓ, ਕਿਸੇ ਹੋਰ ਜੀਆਂ ਨੂੰ ਦੇ ਦੇਵਣਾ।”
ਸੰਪਰਕ: 94174-69290

Advertisement

Advertisement