ਰੋਡ ਸੇਫਟੀ ਕਲੱਬ ਵੱਲੋਂ ਜਾਗਰੂਕਤਾ ਰੈਲੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡ, 9 ਅਪਰੈਲ
ਆਰੀਆ ਕੰਨਿਆ ਕਾਲਜ ਦੇ ਰੋਡ ਸੇਫਟੀ ਕਲੱਬ ਵੱਲੋਂ ਵਿਸ਼ੇਸ਼ ਹੈਲਮੇਟ ਚੈਕਿੰਗ ਡਰਾਈਵ ਤੇ ਸੜਕ ਸੁਰੱਖਿਆ ਜਾਗਰੂਕਤਾ ਰੈਲੀ ਕੀਤੀ ਗਈ। ਰੈਲੀ ਰੋਡ ਸੇਫਟੀ ਨੋਡਲ ਅਧਿਕਾਰੀ ਡਾ. ਹੇਮਾ ਸੁਖੀਜਾ ਦੀ ਅਗਵਾਈ ਹੇਠ ਸਮਾਪਤ ਹੋਈ। ਰੈਲੀ ਦੀ ਸ਼ੁਰੂਆਤ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਹਰੀ ਝੰਡੀ ਦਿਖਾ ਕੇ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਸੜਕ ਸੁਰੱਖਿਆ ਦੇ ਨਿਯਮਾਂ, ਵਿਸ਼ੇਸ਼ ਤੌਰ ਤੇ ਹੈਲਮੇਟ ਪਹਿਨਣ ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਜਾਨ ਦੀ ਕੀਮਤ ਸਭ ਤੋਂ ਜ਼ਿਆਦਾ ਹੈ ਤੇ ਹੈਲਮੇਟ ਇਕ ਛੋਟੀ ਜਿਹੀ ਢਾਲ ਹੈ ਜੋ ਵੱਡੀ ਦੁਰਘਟਨਾ ਵਿੱਚ ਜੀਵਨ ਦੀ ਰੱਖਿਆ ਕਰ ਸਕਦੀ ਹੈ।
ਰੈਲੀ ਵਿੱਚ 86 ਵਿਦਿਆਰਥਣਾਂ ਨੇ ਹਿੱਸਾ ਲਿਆ। ਵਿਦਿਆਰਥਣਾਂ ਨੇ ਸੜਕਾਂ ’ਤੇ ਵੱਖ-ਵੱਖ ਤਰਾਂ ਦੇ ਨਾਅਰੇ ਲਾਉਂਦੇ ਹੋਏ ਲੋਕਾਂ ਨੂੰ ਟਰੈਫਿਕ ਨਿਯਮਾਂ ਦੇ ਪਾਲਣ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਕਾਲਜ ਦੇ ਬਾਹਰ ਹੈਲਮੇਟ ਚੈਕਿੰਗ ਡਰਾਈਵ ਵੀ ਆਯੋਜਿਤ ਕੀਤੀ ਗਈ।
ਇਸ ਮੌਕੇ ਬਿਨਾਂ ਹੈਲਮੇਟ ਦੋਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ ਹੇਮਾ ਸੁਖੀਜਾ ਨੇ ਕਿਹਾ ਕਿ ਇਕ ਸੁਰੱਖਿਅਤ ਸਮਾਜ ਦੀ ਨੀਂਹ ਜਾਗਰੂਕ ਨਾਗਰਿਕਾਂ ਨਾਲ ਹੀ ਬਣਦੀ ਹੈ। ਹੈਲਮੇਟ ਪਹਿਨਣਾ ਸਿਰਫ ਇਕ ਨਿਯਮ ਹੀ ਨਹੀਂ ਬਲਕਿ ਖੁਦ ਤੇ ਦੂਜਿਆਂ ਦੀ ਜ਼ਿੰਦਗੀ ਦੀ ਰੱਖਿਆ ਕਰਨ ਦਾ ਸਾਧਨ ਵੀ ਹੈ। ਇਸ ਜਾਗਰੂਕਤਾ ਰੈਲੀ ਵਿੱਚ ਨਾ ਸਿਰਫ ਵਿਦਿਆਰਥਣਾ ਨੇੇ ਸਗੋਂ ਆਮ ਨਾਗਰਿਕਾਂ ਨੇ ਵੀ ਸੜਕ ਸੁਰੱਖਿਆ ਪ੍ਰਤੀ ਇਕ ਸਕਾਰਾਤਮਕ ਸੰਦੇਸ਼ ਫੈਲਾਇਆ। ਰੈਲੀ ਨੂੰ ਸਫਲ ਬਣਾਉਣ ਲਈ ਕਲੱਬ ਦੇ ਮੈਂਬਰਾਂ, ਡਾ. ਪੂਨਮ ਸਿਵਾਚ, ਅਨੁਰਾਧਾ, ਪੂਜਾ ਨੇ ਯੋਗਦਾਨ ਪਾਇਆ।