ਰੇਲਵੇ ਫਲਾਈਓਵਰ ’ਤੇ ਹਾਦਸੇ ’ਚ ਟਿੱਪਰ ਚਾਲਕ ਦੀ ਮੌਤ, ਦੋ ਜ਼ਖ਼ਮੀ
ਮਿਹਰ ਸਿੰਘ
ਕੁਰਾਲੀ, 25 ਦਸੰਬਰ
ਇੱਥੇ ਰੂਪਨਗਰ ਰੋਡ ’ਤੇ ਰੇਲਵੇ ਫਲਾਈਓਵਰ ਉਤੇ ਵਾਪਰੇ ਸੜਕ ਹਾਦਸੇ ਵਿੱਚ ਟਿੱਪਰ ਚਾਲਕ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਤੜਕੇ ਕਰੀਬ ਤਿੰਨ ਵਜੇ ਸ਼ਹਿਰ ਦੀ ਰੂਪਨਗਰ ਰੋਡ ’ਤੇ ਰੇਲਵੇ ਫਲਾਓਵਰ ਉਤੇ ਉਸ ਸਮੇਂ ਵਾਪਰਿਆ ਜਦੋਂ ਰੂਪਨਗਰ ਵੱਲ ਤੋਂ ਆ ਰਹੇ ਲੱਕੜਾਂ ਦੇ ਭਰੇ 18 ਟਾਇਰੇ ਘੋੜੇ (ਟਰੱਕ ਟਰੇਲਰ) ਦੀ ਟੱਕਰ ਦੂਜੇ ਪਾਸਿਓਂ ਆ ਰਹੇ ਟਿੱਪਰ ਨਾਲ ਹੋ ਗਈ। ਟੱਕਰ ਏਨੀ ਜਬਦਰਸਤ ਸੀ ਦੋਵਾਂ ਵਾਹਨਾਂ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਹਾਦਸੇ ਦੌਰਾਨ ਟਿੱਪਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਟਿੱਪਰ ਦਾ ਕਲੀਨਰ ਰਾਜੇਸ਼ ਕੁਮਾਰ ਨਿਵਾਸੀ ਬਰੇਲੀ (ਉੱਤਰ ਪ੍ਰਦੇਸ਼) ਅਤੇ ਘੋੜੇ ਦਾ ਚਾਲਕ ਉਮੇਸ਼ ਕੁਮਾਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਨੰਨ੍ਹੇ ਕੁਮਾਰ ਵਜੋਂ ਹੋਈ ਜੋ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕੁਰਾਲੀ ਤੋਂ ਜਾ ਰਿਹਾ ਟਿੱਪਰ ਰੇਲਵੇ ਫਲਾਈਓਵਰ ਤੋਂ ਉਤਰ ਰਿਹਾ ਸੀ ਜਦਕਿ ਟਰੱਕ-ਟਰੇਲਰ ਫਲਾਈਓਵਰ ’ਤੇ ਚੜ੍ਹ ਰਿਹਾ ਸੀ। ਹਾਦਸੇ ਦੌਰਾਨ ਮ੍ਰਿਤਕ ਟਿੱਪਰ ਚਾਲਕ ਬੁਰੀ ਤਰ੍ਹਾਂ ਫਸਿਆ ਰਿਹਾ ਅਤੇ ਕਰੇਨ ਦੀ ਮਦਦ ਨਾਲ ਉਸਨੂੰ ਕਈ ਘੰਟਿਆਂ ਬਾਅਦ ਬਾਹਰ ਕੱਢਿਆ ਜਾ ਸਕਿਆ।
ਸੜਕ ਹਾਦਸੇ ਵਿੱਚ ਦੋ ਨੌਜਵਾਨ ਹਲਾਕ, 10 ਜ਼ਖ਼ਮੀ
ਫ਼ਤਹਿਗੜ੍ਹ ਸਾਹਿਬ (ਡਾ.ਹਿਮਾਂਸੂ ਸੂਦ):
ਸ਼ਹੀਦੀ ਸਭਾ ਤੋਂ ਲੈ ਕੇ ਆ ਰਹੀ ਟਰੈਕਟਰ-ਟਰਾਲੀ ਬੀਤੀ ਰਾਤ ਟਰੱਕ ਨਾਲ ਟਕਰਾ ਗਈ ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂਕਿ ਦਸ ਜ਼ਖ਼ਮੀ ਹੋ ਗਏ। ਇਹ ਹਾਦਸਾ ਕੌਮੀ ਮਾਰਗ ’ਤੇ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਵਿਚਕਾਰ ਵਾਪਰਿਆ। ਮ੍ਰਿਤਕਾਂ ਦੀ ਪਛਾਣ ਅਵਤਾਰ ਸਿੰਘ ਉਰਫ਼ ਤਾਰੂ (32) ਅਤੇ ਸੁਰਿੰਦਰ ਸਿੰਘ (15) ਵਾਸੀ ਭਗਵਾਨਪੁਰਾ ਨਜ਼ਦੀਕ ਖੇਮਕਰਨ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਦੱਸਿਆ ਕਿ ਇਸ ਸਬੰਧੀ ਟਰਾਲੀ ਨੂੰ ਕਬਜ਼ੇ ਵਿਚ ਲੈ ਕੇ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਮ੍ਰਿਤਕ ਸੁਰਿੰਦਰ ਸਿੰਘ ਦੇ ਦਾਦਾ ਮਹਿਲ ਸਿੰਘ ਨੇ ਦੱਸਿਆ ਕਿ ਉਹ ਫ਼ਤਹਿਗੜ੍ਹ ਸਾਹਿਬ ਮੱਥਾ ਟੇਕਣ ਆਏ ਸਨ ਅਤੇ ਰਾਤ ਨੂੰ ਘਰ ਫ਼ੋਨ ਆਇਆ ਕਿ ਰਸਤੇ ਵਿਚ ਟਰੈਕਟਰ-ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਉਹ ਇਥੇ ਪਹੁੰਚੇ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੇ ਪੋਤੇ ਅਤੇ ਇੱਕ ਗੁਆਂਢੀ ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੋ ਬਾਅਦ ਵਿਚ ਅੰਮ੍ਰਿਤਸਰ ਭੇਜ ਦਿਤਾ ਗਿਆ।
ਆਨੰਦਪੁਰ ਸਾਹਿਬ ਵਿੱਚ ਹਾਦਸੇ ’ਚ ਦੋ ਹਲਾਕ, ਦੋ ਜ਼ਖ਼ਮੀ
ਸ੍ਰੀ ਆਨੰਦਪੁਰ ਸਾਹਿਬ (ਬੀ ਐੱਸ ਚਾਨਾ):
ਮਾਤਾ ਨਾਨਕੀ ਹਸਪਤਾਲ ਦੇ ਨਜ਼ਦੀਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਮੋਟਰਸਾਈਕਲ ’ਤੇ ਵਾਪਸ ਲੁਧਿਆਣਾ ਪਰਤ ਰਹੇ ਨੌਜਵਾਨਾਂ ਨੂੰ ਇੱਕ ਵਾਹਨ ਨੇ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਵਿੱਚ ਨੌਜਵਾਨ ਦੀ ਮੌਤ ਹੋ ਗਈ, ਜਦੋਂਕਿ ਦੋ ਜ਼ਖ਼ਮੀ ਹੋ ਗਏ। ਇਹ ਘਟਨਾ ਸਵੇਰੇ ਕਰੀਬ 7:30 ਵਜੇ ਵਾਪਰੀ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ। ਚੌਕੀ ਇੰਚਾਰਜ ਐੱਸਆਈ ਜਸਮੇਰ ਸਿੰਘ ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਕਰਵਾਉਣ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਪੰਚਕੂਲਾ (ਪੀਪੀ ਵਰਮਾ): ਸੂਰਜਪੁਰ-ਸੁਖੋਮਾਜਰੀ ਬਾਈਪਾਸ ’ਤੇ ਦੋ ਟਰੱਕਾਂ ਦੀ ਸਿੱਧੀ ਟੱਕਰ ਵਿੱਚ ਡਰਾਈਵਰ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਇੱਕ ਟਰੱਕ ਪਲਟ ਗਿਆ ਅਤੇ ਡਰਾਈਵਰ ਉਸ ਵਿੱਚ ਫਸ ਗਿਆ। ਲੋਕਾਂ ਨੇ ਡਰਾਈਵਰ ਨੂੰ ਟਰੱਕ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਅਵਧੇਸ਼ ਵਾਸੀ ਜੌਨਪੁਰ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।