ਰੂਸ ਤੇ ਯੂਕਰੇਨ ਵਿਚਾਲੇ ਸ਼ਾਂਤੀ ਲਈ ਕੋਸ਼ਿਸ਼ਾਂ ਜਾਰੀ: ਜ਼ੇਲੈਂਸਕੀ
ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਸ਼ਾਂਤੀ ਯਕੀਨੀ ਬਣਾਉਣ ਤੇ ਸੁਰੱਖਿਆ ਮਜ਼ਬੂਤ ਕਰਨ ਲਈ ਅਮਰੀਕਾ ਤੇ ਸਾਊਦੀ ਅਰਬ ਸਮੇਤ ਆਪਣੇ ਭਾਈਵਾਲਾਂ ਨਾਲ ਲਗਾਤਾਰ ਕੰਮ ਕਰ ਰਿਹਾ ਹੈ। ਐਕਸ ’ਤੇ ਪਾਈ ਪੋਸਟ ’ਚ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨਾਲ ਸ਼ਾਂਤੀ ਪ੍ਰਕਿਰਿਆ ਤੇਜ਼ ਕਰਨ ਲਈ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਕਾਫੀ ਕੰਮ ਕੀਤਾ ਜਾਵੇਗਾ। ਉਨ੍ਹਾਂ ਲਿਖਿਆ, ‘ਅਸੀਂ ਉਨ੍ਹਾਂ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰੱਖ ਰਹੇ ਹਾਂ ਜੋ ਸਾਡੀ ਤਰ੍ਹਾਂ ਅਮਨ ਚਾਹੁੰਦੇ ਹਨ ਤੇ ਜ਼ਰੂਰੀ ਕਦਮਾਂ ’ਤੇ ਧਿਆਨ ਕੇਂਦਰਿਤ ਕਰਦੇ ਹਨ। ਅਗਲੇ ਹਫ਼ਤੇ ਇੱਥੇ ਯੂਰਪ ’ਚ ਅਮਰੀਕਾ ਨਾਲ ਤੇ ਸਾਊਦੀ ਅਰਬ ’ਚ ਬਹੁਤ ਕੰਮ ਹੋਵੇਗਾ। ਅਸੀਂ ਸ਼ਾਂਤੀ ਪ੍ਰਕਿਰਿਆ ਤੇਜ਼ ਕਰਨ ਤੇ ਸੁਰੱਖਿਆ ਦੀ ਨੀਂਹ ਮਜ਼ਬੂਤ ਕਰਨ ਲਈ ਮੀਟਿੰਗ ਦੀ ਤਿਆਰੀ ਕਰ ਰਹੇ ਹਾਂ।’ ਉਨ੍ਹਾਂ ਕਿਹਾ, ‘ਅੱਜ ਰਾਸ਼ਟਰਪਤੀ ਟਰੰਪ ਦੀ ਟੀਮ ਨਾਲ ਵੱਖ ਵੱਖ ਪੱਧਰ ’ਤੇ ਕੰਮ ਕੀਤਾ ਗਿਆ। ਵਿਸ਼ਾ ਸਪੱਸ਼ਟ ਹੈ, ਜਿੰਨੀ ਜਲਦੀ ਹੋ ਸਕੇ ਸ਼ਾਂਤੀ ਦੀ ਬਹਾਲੀ ਤੇ ਜਿੰਨੀ ਸੰਭਵ ਹੋ ਸਕੇ ਉੰਨੀ ਭਰੋਸੇਯੋਗ ਸੁਰੱਖਿਆ। ਯੂਕਰੇਨ ਉਸਾਰੂ ਨਜ਼ਰੀਏ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ।’ -ਏਐੱਨਆਈ