ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਿਸ਼ਤਿਆਂ ਵਿੱਚ ਮਿਠਾਸ

04:25 AM May 10, 2025 IST
featuredImage featuredImage

ਸੁਪਿੰਦਰ ਸਿੰਘ ਰਾਣਾ
ਹਸਪਤਾਲ ਵਿੱਚ ਪਰਚੀਆਂ ਬਣਵਾਉਣ ਵਾਲਿਆਂ ਦੀ ਲੰਮੀ ਕਤਾਰ ਲੱਗੀ ਹੋਈ ਸੀ। ਕਈ ਕਾਹਲੇ ਹੋਏ ਪਏ ਸਨ ਤੇ ਕੋਈ ਕੌੜਾ ਝਾਕ ਰਹੇ ਸਨ। ਮੇਰੇ ਨੇੜੇ ਖਲੋਤੇ ਇੱਕ ਬਜ਼ੁਰਗ ਕੁੱਝ ਤਨਜ਼ ਤੇ ਕੁੱਝ ਹਾਸੇ ਵਿੱਚ ਕਹਿ ਰਹੇ ਸਨ ਕਿ ਭਾਵੇਂ ਸ਼ੂਗਰ ਦੀ ਬਿਮਾਰੀ ਵਧ ਰਹੀ ਹੈ, ਪਰ ਕੁੜੱਤਣ ਵੇਖੋ ਕਿੰਨੀ ਭਾਰੂ ਹੋ ਰਹੀ ਹੈ। ਲੋਕ ਖਰ੍ਹਵਾਂ ਬੋਲਦੇ ਹਨ। ਫਿਰ ਉਸ ਸਿਆਣੇ ਨੇ ਕਮਾਲ ਦੀ ਟਿੱਪਣੀ ਕੀਤੀ। ਉਹ ਕਹਿੰਦਾ ਪਹਿਲਾਂ ਲੋਕ ਹੱਥੀਂ ਕੰਮ ਕਰਦੇ ਸਨ ਤੇ ਖੱਟਾ-ਮਿੱਠਾ ਖਾਣ ਲੱਗਿਆਂ ਕੋਈ ਪਰਹੇਜ਼ ਨਹੀਂ ਸੀ ਕਰਨਾ ਪੈਂਦਾ। ਹੁਣ ਕਹਾਣੀ ਉਲਟ ਹੋ ਗਈ ਹੈ। ਹੱਥ ਹਿਲਾਉਣਾ ਕੋਈ ਨਹੀਂ ਚਾਹੁੰਦਾ ਤੇ ਦੂਜੇ ਬੰਨੇ ਮੂੰਹ ਨੂੰ ਛਿਕਲੀ ਦੇਣ ਦੀ ਨੌਬਤ ਆ ਗਈ ਹੈ। ਪਹਿਲਾਂ ਜਿੱਥੇ ਢਾਬੇ ’ਤੇ ਚਾਹ ਬਣਵਾਉਣ ਵੇਲੇ ਆਖਿਆ ਜਾਂਦਾ ਸੀ ਕਿ ‘ਪੱਤੀ, ਦੁੱਧ ਜ਼ਰਾ ਰੋਕ ਕੇ ਮਿੱਠਾ ਜ਼ਰਾ ਠੋਕ ਕੇ’ ਤੇ ਹੁਣ ‘ਹਰ ਚੀਜ਼ ਸੰਕੋਚ ਕੇ’ ਦੀ ਗੱਲ ਕੀਤੀ ਜਾਂਦੀ ਹੈ। ਅੱਜ ਬਿਮਾਰੀ ਅਜੇ ਕੋਹਾਂ ਦੂਰ ਹੁੰਦੀ ਹੈ ਤੇ ਫ਼ਿਕਰ ਦੇ ਮਾਰੇ ਬੰਦਾ ਤੇ ਉਸ ਦੇ ਘਰ ਦੇ ਘਾਬਰਨ ਲੱਗ ਪੈਂਦੇ ਹਨ। ਉਸ ਬਜ਼ੁਰਗ ਦੀਆਂ ਗੱਲਾਂ ਸੁਣ ਕੇ ਕਤਾਰ ਵਿੱਚ ਖੜ੍ਹੇੇ ਲੋਕ ਕਾਫ਼ੀ ਨਿੱਸਲ ਜਿਹੇ ਹੋ ਗਏ ਸਨ। ਕਈ ਮੁਸਕਰਾ ਵੀ ਰਹੇ ਸਨ। ਇਹ ਵੀ ਸੱਚ ਸੀ ਕਿ ਹਰ ਕਿਸੇ ’ਤੇ ਆਪਣੀ ਸਰੀਰਕ ਜਾਂ ਮਾਨਸਿਕ ਤਕਲੀਫ਼ ਭਾਰੂ ਹੋ ਰਹੀ ਸੀ।
ਖ਼ੈਰ! ਦੁੱਖ ਤਾਂ ਹਰੇਕ ਦੀ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਹਨ। ਇਹ ਵੀ ਸੱਚ ਹੈ ਕਿ ਆਪਸੀ ਪਿਆਰ ਤੇ ਅਪਣੱਤ ਸਦਕਾ ਵੱਡੇ ਤੋਂ ਵੱਡਾ ਦੁੱਖ ਵੀ ਛੋਟਾ ਜਾਪਣ ਲੱਗ ਜਾਂਦਾ ਹੈ। ਮਨੁੱਖੀ ਰਿਸ਼ਤਿਆਂ ਵਿੱਚ ਸਾਂਝ ਨਾ ਰਹੇ, ਇੱਕ ਦੂਜੇ ਪ੍ਰਤੀ ਕੋਈ ਲਗਾਉ ਹੀ ਨਾ ਪ੍ਰਤੀਤ ਹੋਵੇ, ਫਿਰ ਔੜ ਮਾਰੀ ਧਰਤੀ ਜਿਹੀ ਹਾਲਤ ਹੋ ਜਾਂਦੀ ਹੈ। ਰਿਸ਼ਤੇ ਕੱਚੇ ਧਾਗਿਆਂ ਦੇ ਬੰਧਨਾਂ ਜਿਹੇ ਹੁੰਦੇ ਹਨ, ਲਾਪ੍ਰਵਾਹੀ ਵਰਤੀ ਜਾਵੇ ਤਾਂ ਫਿਰ ਇਹ ਬਹੁਤੀ ਦੇਰ ਚੱਲਦੇ ਨਹੀਂ। ਹੁਣ ਵੇਖੀਏ, ਅਦਾਲਤਾਂ, ਵਿਮੈੱਨ ਸੈੱਲਾਂ, ਅਪਰਾਧਿਕ ਸੈੱਲਾਂ ਅਤੇ ਪੰਚਾਇਤਾਂ ਕੋਲ ਲੜਾਈ-ਝਗੜਿਆਂ ਤੇ ਆਪਸੀ ਤੋੜ ਵਿਛੋੜਿਆਂ ਦੇ ਕਿੰਨੇ ਹੀ ਕੇਸ ਰੋਜ਼ਾਨਾ ਆਉਂਦੇ ਰਹਿੰਦੇ ਹਨ। ਵਧੇਰੇ ਕੇਸਾਂ ਦਾ ਮੁੱਖ ਕਾਰਨ ਸਹਿਣਸ਼ਕਤੀ ਤੇ ਪਿਆਰ ਭਾਵਨਾ ਦੀ ਘਾਟ ਹੀ ਪਾਈ ਜਾਂਦੀ ਹੈ। ਨਿੱਕੀ-ਨਿੱਕੀ ਗੱਲ ’ਤੇ ਤਿੜਕੇ ਹੋਏ ਲੋਕ ਝਗੜਿਆਂ ਨੂੰ ਵਧਾਉਂਦੇ ਜਾਂਦੇ ਹਨ। ਨਤੀਜਾ ਇਹ ਕਿ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਜਾਂਦੇ ਹਨ।
ਬਹੁਤਾ ਮਸਲਾ ਅਕਸਰ ਹਉਮੈ ਦਾ ਹੁੰਦਾ ਹੈ। ਅੱਜ ਹਰ ਕੋਈ ਟਟੀਹਰੀ ਬਣੀਂ ਫਿਰਦਾ ਹੈ। ਉਹ ਭੁੱਲ ਜਾਂਦਾ ਹੈ ਕਿ ਕੋਈ ਵੀ ਮਨੁੱਖ ਸੰਪੂਰਨ ਨਹੀਂ ਹੁੰਦਾ। ਹਰ ਬੰਦਾ ਆਪਣੀ ਥਾਂ ਸਿਆਣਾ ਹੈ। ਉਸ ਦਾ ਆਤਮ ਸਨਮਾਨ ਵੀ ਹੈ। ਆਪਣੇ ਆਪ ਨੂੰ ਦੂਜਿਆਂ ਤੋਂ ਵਧੇਰੇ ਸਿਆਣਾ ਸਮਝਣਾ ਜਾਂ ਦੂਜੇ ਨੂੰ ਹੀਣਾ ਸਮਝ, ਉਸ ਦੀ ਨੁਕਤਾਚੀਨੀ ਕਰੀ ਜਾਣੀ ਤੇ ਆਪਣੀਆਂ ਸਿਫ਼ਤਾਂ ਦੇ ਪੁੱਲ ਬੰਨ੍ਹੀ ਜਾਣੇ, ਅਜਿਹੇ ਵਿਹਾਰ ਰਿਸ਼ਤਿਆਂ ਵਿੱਚ ਮਿਠਾਸ ਦੀ ਥਾਏਂ ਖਟਾਸ ਤੇ ਕੁੜੱਤਣ ਪੈਦਾ ਕਰਦੇ ਹਨ। ਪੀੜ੍ਹੀਆਂ ਦਾ ਪਾੜਾ ਵੀ ਰਿਸ਼ਤਿਆਂ ਵਿੱਚ ਤਰੇੜਾਂ ਪੈਦਾ ਕਰਦਾ ਹੈ। ਬਜ਼ੁਰਗ ਸੋਚਦੇ ਹਨ ਕਿ ਉਨ੍ਹਾਂ ਤੋਂ ਪਿੱਛੋਂ ਉਨ੍ਹਾਂ ਦੀ ਔਲਾਦ ਦਾ ਕੀ ਹਾਲ ਹੋਵੇਗਾ। ਉਹ ਆਪਣੀ ਔਲਾਦ ਨੂੰ ਮੌਕਾ ਦੇਣ ਦੀ ਕੋਸ਼ਿਸ਼ ਨਹੀਂ ਕਰਦੇ। ਹਾਲਾਂਕਿ, ਅਕਸਰ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਮੌਕਾ ਮਿਲਦਾ ਹੈ ਤਾਂ ਨਵੀਂ ਪੀੜ੍ਹੀ ਬੜੇ ਮਾਅਰਕੇ ਮਾਰਦੀ ਹੈ, ਤਰੱਕੀ ਦੀਆਂ ਨਵੀਆਂ ਉਚਾਈਆਂ ਨੂੰ ਛੂੰਹਦੀ ਹੈ। ਪਿਆਰ, ਸਤਿਕਾਰ ਤੇ ਸਦ-ਭਾਵਨਾ ਬਣੀ ਹੋਵੇ ਤਾਂ ਦੋਵੇਂ ਧਿਰਾਂ ਇੱਕ-ਦੂਜੇ ਦੇ ਨਜ਼ਰੀਏ ਨੂੰ ਸਮਝਦੀਆਂ ਤੇ ਸਰਾਹੁੰਦੀਆਂ ਹਨ।
ਸਮੇਂ ਦੇ ਬੀਤਣ ਨਾਲ ਵੀ ਰਿਸ਼ਤਿਆਂ ਦੇ ਰੰਗ ਬਦਲਦੇ ਹਨ। ਜ਼ਰੂਰਤ ਤਾਂ ਇਸ ਗੱਲ ਦੀ ਹੈ ਕਿ ਸਬੰਧਾਂ ਨੂੰ ਨਵੇਂ ਪ੍ਰਕਰਨਾਂ ਤੇ ਪ੍ਰਸੰਗਾਂ ਵਿੱਚ ਰੱਖ ਕੇ ਸਮਝਿਆ ਜਾਵੇ। ਵੈਰ-ਵਿਰੋਧ ਦੀਆਂ ਭਾਵਨਾਵਾਂ ਨੂੰ ਜੇ ਹਵਾ ਦਿੱਤੀ ਜਾਵੇ ਤਾਂ ਇਹ ਅੱਗ ਦੀਆਂ ਲਾਟਾਂ ਵਾਂਗ ਵਧਦੀਆਂ ਜਾਂਦੀਆਂ ਹਨ। ਜੇ ਸਮੇਂ ਸਿਰ ਸਮਝਦਾਰੀ ਵਰਤ ਕੇ ਇਨ੍ਹਾਂ ਫ਼ਰਕਾਂ ਤੇ ਮੱਤਭੇਦਾਂ ਨੂੰ ਮਿਟਾ ਦਿੱਤਾ ਜਾਵੇ ਤਾਂ ਹਾਲਾਤ ਸੁਖਾਵਾਂ ਮੋੜ ਲੈ ਲੈਂਦੇ ਹਨ। ਕਹਾਵਤ ਹੈ ਕਿ ਜੇ ਪਾਟੇ ਨੂੰ ਸੀਵੀਏ ਨਾ ਤੇ ਰੁੱਸੇ ਨੂੰ ਮਨਾਈਏ ਨਾ ਤਾਂ ਘਰ ਨਹੀਂ ਵੱਸਦੇ। ਕੈਂਚੀ ਤੇ ਸੂਈ ਦਾ ਸੰਤੁਲਨ ਜ਼ਰੂਰੀ ਹੈ। ਕੁੜੀ ਦੇ ਵਿਆਹ ਵਿੱਚ ਸਿਲਾਈ ਮਸ਼ੀਨ ਦਿੱਤੀ ਜਾਂਦੀ ਸੀ, ਪਰ ਕੈਂਚੀ ਨਾਲ ਨਹੀਂ ਸੀ ਦਿੱਤੀ ਜਾਂਦੀ। ਵਿਹਾਰਿਕ ਸੂਝ ਸ਼ਾਇਦ ਇਹੋ ਹੋਣੀ ਹੈ ਕਿ ਪਾੜਨ ਨਾਲੋਂ ਜੋੜਨ ਨੂੰ ਪਹਿਲ ਦਿੱਤੀ ਜਾਵੇ। ਵੈਸੇ ਅਜੋਕੇ ਸਮੇਂ ਵਿੱਚ ਟੁੱਟੇ ਰਿਸ਼ਤਿਆਂ ਨੂੰ ਜੋੜਨ ਵਾਲੇ ਵਿਰਲੇ ਤੇ ਬਣੇ ਸਬੰਧਾਂ ਨੂੰ ਤੋੜਨ ਵਾਲੇ ਵਧੇਰੇ ਮਿਲਦੇ ਹਨ। ਸਿਆਣੇ ਵਿਅਕਤੀਆਂ ਦੀ ਭੂਮਿਕਾ ਸਦਾ ਹਾਂ-ਵਾਚੀ ਹੁੰਦੀ ਹੈ।
ਸਿਆਣਿਆਂ ਨੇ ਇਸ ਸਿਲਸਿਲੇ ਵਿੱਚ ਕੁੱਝ ਨੁਕਤੇ ਵੀ ਸੁਝਾਏ ਹਨ ਜਿਹੜੇ ਪੱਲੇ ਬੰਨ੍ਹੇ ਜਾਣ ਤਾਂ ਰਿਸ਼ਤੇ ਬਣੇ ਰਹਿੰਦੇ ਹਨ। ਕਹਿੰਦੇ ਹਨ ਕਿ ਘਰ ਦੋ ਭਾਂਡੇ ਹੋਣਗੇ ਤਾਂ ਕਦੀ ਖੜਕਣਗੇ ਵੀ। ਜਿੱਥੇ ਪਿਆਰ ਹੋਵੇਗਾ, ਉੱਥੇ ਕਦੇ-ਕਦਾਈਂ ਰੋਸਾ ਵੀ ਹੋਵੇਗਾ। ਪਾਰਕ ਵਿੱਚ ਇੱਕ ਨਵਾਂ ਵਿਆਹਿਆ ਜੋੜਾ ਚਹਿਕ ਰਿਹਾ ਸੀ। ਨੌਜਵਾਨ ਆਪਣੀ ਨਵਵਿਆਹੀ ਨੂੰ ਪਤਾ ਨਹੀਂ ਅਸਮਾਨ ਦੇ ਤਾਰੇ ਤੋੜ ਕੇ ਲਿਆਉਣ ਜਿਹੇ ਭਰਮਾਊ ਸ਼ਬਦ ਕਹਿ ਰਿਹਾ ਹੋਵੇ। ਦੂਜੇ ਪਾਸੇ, ਇੱਕ ਬਜ਼ੁਰਗ ਦੰਪਤੀ ਪਾਰਕ ਵਿੱਚ ਖਿੜੇ ਭਾਂਤ-ਸੁਭਾਂਤੇ ਫੁੱਲਾਂ ਨੂੰ ਨਿਹਾਰਦੇ ਟਹਿਲ ਰਹੇ ਸਨ। ਜਾਪਦਾ ਸੀ ਬਿਰਧ ਅਵਸਥਾ ਵਿੱਚ ਆਪਣੇ ਜੀਵਨ-ਸਾਥੀ ਦਾ ਸਾਥ ਬਹੁਤ ਚੰਗਾ ਤੇ ਮੁੱਲਵਾਨ ਲੱਗਣ ਲੱਗਦਾ ਹੈ।
ਹਰ ਰਿਸ਼ਤਾ ਵੈਸੇ ਨਾਜ਼ੁਕ ਹੁੰਦਾ ਹੈ, ਪਰ ਕਈ ਰਿਸ਼ਤੇ ਕੁੱਝ ਜ਼ਿਆਦਾ ਹੀ ਸੰਭਾਲ ਦੀ ਮੰਗ ਕਰਦੇ ਹਨ, ਖ਼ਾਸ ਕਰਕੇ ਪਹਿਲੇ ਪੜਾਵਾਂ ਉੱਤੇ। ਸਾਡੇ ਗੁਆਂਢ ਵਿੱਚ ਰਹਿੰਦੇ ਇੱਕ ਪਰਿਵਾਰ ਨੇ ਆਪਣੀ ਧੀ ਵਿਆਹੀ। ਜਾਣੇ-ਅਣਜਾਣੇ ਜਵਾਈ ਨੂੰ ਉਸ ਦੀ ਬਣਦੀ ਅਹਿਮੀਅਤ ਨਾ ਦਿੱਤੀ। ਹੌਲੀ-ਹੌਲੀ ਧੀ-ਜਵਾਈ ਦੇ ਰਿਸ਼ਤੇ ਵਿੱਚ ਫਿੱਕ ਪੈਣ ਲੱਗੀ। ਫਿਰ ਮਸਲਾ ਪੰਚਾਇਤ ਤੀਕ ਪਹੁੰਚ ਗਿਆ। ਸਮਝਾਉਣ-ਬੁਝਾਉਣ ਵਾਲੇ ਬੰਦੇ ਸਿਆਣੇ ਸਨ। ਉਲਝਣਾਂ ਪੀਡੀਆਂ ਹੋਣ ਤੋਂ ਪਹਿਲਾਂ ਹੀ ਸੁਲਝਾ ਲਈਆਂ ਗਈਆਂ। ਮੁੜ ਕੇ ਸਾਰਾ ਕੁੱਝ ਸਹਿਜ ਹੋ ਗਿਆ। ਹੁਣ ਧੀ-ਜਵਾਈ ਦਾ ਵਿਆਹੁਤਾ ਜੀਵਨ ਇੰਨਾ ਸੁਖਾਵਾਂ ਬੀਤਣ ਲੱਗਿਆ। ਲੱਗਦਾ ਹੀ ਨਹੀਂ ਕਿ ਉਹ ਕਦੇ ਤਕਰਾਰ ਵਿੱਚ ਆਏ ਹੋਣ। ਫਿਰ ਤਾਂ ਧੀ ਵਾਲੀ ਧਿਰ ਦਾ ਵੀ ਤੌਖਲਾ ਘਟ ਗਿਆ ਤੇ ਉਨ੍ਹਾਂ ਨੇ ਕਿਸੇ ਕਿਸਮ ਦੀ ਦਖ਼ਲਅੰਦਾਜ਼ੀ ਕਰਨ ਤੋਂ ਸੰਕੋਚ ਕਰ ਲਿਆ। ਧੀ ਨੂੰ ਆਪਣੇ ਘਰ ਰਸਦੀ-ਵਸਦੀ ਵੇਖ ਮਾਪੇ ਉਸ ਵੱਲੋਂ ਬੇਫ਼ਿਕਰ ਹੋ ਗਏ।
‘ਸੌ ਹੱਥ ਰੱਸਾ ਤੇ ਸਿਰੇ ਤੇ ਗੰਢ’ ਦੀ ਕਹਾਵਤ ਵਾਂਗ, ਮੁੜ ਘਿੜ ਗੱਲ ਇਸ ਨੁਕਤੇ ’ਤੇ ਪਹੁੰਚ ਜਾਂਦੀ ਹੈ ਕਿ ਰਿਸ਼ਤਿਆਂ ਵਿੱਚ ਪਿਆਰ ਤੇ ਮਿਠਾਸ ਹੋਣ ਨਾਲ ਤਰੇੜਾਂ ਕਦੇ ਪੈਂਦੀਆਂ ਹੀ ਨਹੀਂ। ਜ਼ਰਾ ਹਾਂ-ਵਾਚੀ ਰਵੱਈਆ ਅਪਣਾਉਣ ਦੀ ਲੋੜ ਹੈ। ਦੂਜਿਆਂ ਦੀਆਂ ਊਣਤਾਈਆਂ ਵੇਖਣ ਦੀ ਬਜਾਏ ਉਨ੍ਹਾਂ ਦੇ ਗੁਣਾਂ ਵੱਲ ਗਹੁ ਕਰਨਾ ਬਣਦਾ ਹੈ। ਦੂਜੇ ਦੀ ਬਣਦੀ ਤਾਰੀਫ਼ ਕਰਨ ਨਾਲ ਦੋਵੇਂ ਧਿਰਾਂ ਨੂੰ ਆਨੰਦ ਮਿਲਦਾ ਹੈ। ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਹੈ। ਕਹਿਣਾ ਬਣਦਾ ਹੈ ਕਿ ਰਿਸ਼ਤੇ ਦਿਲਾਂ ਦੇ ਹੁੰਦੇ ਹਨ ਕੇਵਲ ਸਰੀਰਾਂ ਦੇ ਨਹੀਂ। ਸੂਰਤ ਨਾਲੋਂ ਸੀਰਤ ਨੂੰ ਤਾ ਹੀਂ ਵਡਿਆਇਆ ਜਾਂਦਾ ਹੈ। ਹਰ ਕਿਸੇ ਨੂੰ ਬੋਲਣ ਦਾ ਮੌਕਾ ਦੇਣ ਦੀ ਲੋੜ ਹੁੰਦੀ ਹੈ। ਜੇ ਜ਼ੁਬਾਨ ਵਿੱਚ ਮਿਠਾਸ ਹੋਵੇਗੀ ਤਾਂ ਰਿਸ਼ਤੇ ਸਥਾਈ ਬਣ ਜਾਂਦੇ ਹਨ। ਕਈ ਰਿਸ਼ਤਿਆਂ ਵਿੱਚ ਨਾਪ-ਤੋਲ ਕੇ ਬੋਲਣਾ ਉਚਿਤ ਹੁੰਦਾ ਹੈ।
ਸਿਆਣਿਆਂ ਨੇ ਕਿਹਾ ਕਿ ਕਮਾਨ ਵਿੱਚੋਂ ਨਿਕਲਿਆ ਤੀਰ ਤੇ ਜ਼ੁਬਾਨ ਵਿੱਚੋਂ ਨਿਕਲੀ ਗੱਲ ਕਦੇ ਵਾਪਸ ਨਹੀਂ ਹੁੰਦੀ। ਇਹ ਵੀ ਚੇਤੇ ਰੱਖਣ ਵਾਲੀ ਗੱਲ ਹੈ ਕਿ ਜ਼ਿੰਦਗੀ ਵਿੱਚ ਮਨੁੱਖ ਇਕੱਲਾ ਕੁੱਝ ਨਹੀਂ ਕਰ ਸਕਦਾ। ਆਪਸੀ ਮੇਲ-ਜੋਲ ਤੇ ਸਹਿਯੋਗ ਨਾਲ ਹਰ ਜੰਗ ਜਿੱਤੀ ਜਾ ਸਕਦੀ ਹੈ। ਜਦੋਂ ਮੇਰੇ ਪਿਤਾ ਜੀ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਤਦ ਉਨ੍ਹਾਂ ਦਾ ਇੱਕ ਦੋਸਤ ਭੁੱਬਾਂ ਮਾਰ ਕੇ ਰੋਣ ਲੱਗ ਪਿਆ। ਉਹ ਕਹਿ ਰਿਹਾ ਸੀ ਕਿ ਕੋਈ ਦੋਸਤੀ ਚੱਲਦੀ ਹੈ ਦਸ ਸਾਲ, ਕੋਈ ਵੀਹ ਸਾਲ ਤੇ ਕੋਈ ਚਾਲੀ ਸਾਲ, ਪਰ ਸਾਡੀ ਦੋਸਤੀ ਬਚਪਨ ਤੋਂ ਲੈ ਕੇ ਪੂਰੇ ਸੱਤਰ ਸਾਲ ਚੱਲੀ ਹੈ। ਸਹੀ ਹੈ, ਅਜਿਹੇ ਪੱਕੇ-ਪੀਡੇ ਸਬੰਧ ਹੋਣ ਤਾ ਬੰਦੇ ਦੀ ਤਾਕਤ ਦਾ ਕੀ ਲੇਖਾ।
ਸੰਪਰਕ: 98152-33232

Advertisement

Advertisement