ਆਮਿਰ ਖ਼ਾਨ ਵੱਲੋਂ ਤਾਮਿਲ ਨਿਰਦੇਸ਼ਕ ਕਨਾਗਰਾਜ ਨਾਲ ਕੰਮ ਸ਼ੁਰੂ
ਮੁੰਬਈ, 5 ਜੂਨ
ਬੌਲੀਵੁੱਡ ਸੁਪਰਸਟਾਰ ਆਮਿਰ ਖਾਨ ਮਸ਼ਹੂਰ ਤਾਮਿਲ ਨਿਰਦੇਸ਼ਕ ਲੋਕੇਸ਼ ਕਨਾਗਰਾਜ ਨਾਲ ਕੰਮ ਕਰਨ ਦੀ ਤਿਆਰੀ ’ਚ ਹਨ। ਇਹ ਜਾਣਕਾਰੀ ਫ਼ਿਲਮ ‘ਸਿਤਾਰੇ ਜ਼ਮੀਨ ਪਰ’ ਦੀ ਰਿਲੀਜ਼ ਉਡੀਕ ਰਹੇ ਅਦਾਕਾਰ ਆਮਿਰ ਖਾਨ ਨੇ ਮੀਡੀਆ ਨਾਲ ਸਾਂਝੀ ਕਰਦਿਆਂ ਦੱਸਿਆ, ‘ਲੋਕੇਸ਼ ਅਤੇ ਮੈਂ ਫ਼ਿਲਮ ’ਤੇ ਕੰਮ ਕਰ ਰਹੇ ਹਾਂ ਜੋ ਵੱਡਾ ਪ੍ਰਾਜੈਕਟ ਹੈ। ਇਹ ਵੱਡੇ ਪੱਧਰ ਦੀ ਐਕਸ਼ਨ ਫ਼ਿਲਮ ਹੈ ਅਤੇ ਅਗਲੇ ਸਾਲ ਦੇ ਅੱਧ ’ਚ ਇਸ ਦੀ ਸ਼ੂਟਿੰਗ ਸ਼ੁਰੂ ਹੋਵੇਗੀ।’ ਕਨਾਗਰਾਜ ਤਾਮਿਲ ਸਿਨੇਮਾ ਵਿੱਚ ਮਸ਼ਹੂਰ ਨਿਰਦੇਸ਼ਕ ਹਨ, ਜਿਨ੍ਹਾਂ ਨੂੰ ‘ਵਿਕਰਮ’, ‘ਲੀਓ’, ‘ਮਾਸਟਰ’ ਅਤੇ ‘ਕੈਥੀ’ ਜਿਹੀਆਂ ਐਕਸ਼ਨ ਅਤੇ ਵਪਾਰਕ ਤੌਰ ’ਤੇ ਸਫ਼ਲ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਆਮਿਰ ਨੇ ਫ਼ਿਲਮ ‘ਪੀਕੇ’ ਦੇ ਸੀਕੁਅਲ ਦੀਆਂ ਖ਼ਬਰਾਂ ਨੂੰ ਅਫ਼ਵਾਹ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤੀ ਸਿਨੇਮਾ ਦੇ ਪਿਤਾਮਾ ਦਾਦਾ ਸਾਹਿਬ ਫਾਲਕੇ ’ਤੇ ਬਾਇਓਪਿਕ ਬਣਾਉਣ ਲਈ ਫ਼ਿਲਮ ‘ਪੀਕੇ’ ਦੇ ਨਿਰਦੇਸ਼ਕ ਰਾਜ ਕੁਮਾਰ ਹਿਰਾਨੀ ਨਾਲ ਦੁਬਾਰਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਪ੍ਰਾਜੈਕਟ ‘ਮਹਾਭਾਰਤ’ ਹੈ ਪਰ ਉਹ ਇਸ ਬਾਰੇ ਕੋਈ ਵੇਰਵੇ ਸਾਂਝਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ, ‘ਮਹਾਭਾਰਤ’ ’ਤੇ ਕੰਮ ਕਰਨਾ ਮੇਰਾ 25 ਸਾਲਾਂ ਤੋਂ ਸੁਫ਼ਨਾ ਹੈ।’ -ਪੀਟੀਆਈ