ਰੀਚਾਰਜ ਵਾਲੇ ਮੀਟਰ ਲਾਉਣ ਆਈ ਬਿਜਲੀ ਵਿਭਾਗ ਦੀ ਟੀਮ ਦਾ ਵਿਰੋਧ
ਪੱਤਰ ਪ੍ਰੇਰਕ
ਸ਼ਹਿਣਾ, 23 ਦਸੰਬਰ
ਕਸਬਾ ਸ਼ਹਿਣਾ ਦੀ ਬਾਹਰਲੀ ਬਸਤੀ ਵਿੱਚ ਬਿਜਲੀ ਮਹਿਕਮੇ ਦੀ ਟੀਮ ਜਦੋਂ ਰੀਚਾਰਜ ਵਾਲੇ ਮੀਟਰ ਲਾਉਣ ਆਈ ਤਾਂ ਉਸ ਦਾ ਭਾਕਿਯੂ ਕਾਦੀਆਂ ਅਤੇ ਬਾਹਰਲੀ ਬਸਤੀ ਵਾਰਡ ਨੰਬਰ 1 ਦੇ ਲੋਕਾਂ ਵੱਲੋ ਸਖਤ ਵਿਰੋਧ ਕੀਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ, ਇਕਾਈ ਪ੍ਰਧਾਨ ਗੁਰਜੰਟ ਸਿੰਘ ਬਦਰੇਵਾਲਾ, ਮੀਤ ਪ੍ਰਧਾਨ ਹਰਜੀਤ ਸਿੰਘ ਜੀਤੀ ਖਹਿਰਾ, ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ, ਮੀਤ ਪ੍ਰਧਾਨ ਰਾਜਾ ਸਿੰਘ ਮੌੜ, ਜਗਤਾਰ ਸਿੰਘ ਝੱਜ, ਅਤੇ ਪੰਚ ਬੇਅੰਤ ਸਿੰਘ ਪ੍ਧਾਨ ਦੀ ਅਗਵਾਈ ਹੇਠ ਬਿਜਲੀ ਮਹਿਕਮੇ ਦੀ ਟੀਮ ਦਾ ਘਿਰਾਉ ਕਰਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਲਾਏ ਗਏ ਮੀਟਰ ਲੁਹਾਏ ਗਏ।ਭਾਕਿਯੂ ਕਾਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਰਥਿਕ ਹਾਲਤ ਤਾਂ ਪਹਿਲਾਂ ਹੀ ਬਹੁਤ ਮਾੜੀ ਹੈ। ਉਹ ਕਰਜ਼ੇ ਦੇ ਬੋਝ ਹੇਠ ਦੱਬੇ ਪਏ ਹਨ ਪਰ ਪੰਜਾਬ ਸਰਕਾਰ ਦਾ ਬਿਜਲੀ ਵਿਭਾਗ ਰੀਚਾਰਜ ਵਾਲੇ ਮੀਟਰ ਲਾ ਕੇ ਹੋਰ ਧੱਕਾ ਕਰ ਰਿਹਾ ਹੈ ਤੇ ਪੰਜਾਬ ਸਰਕਾਰ ਕਿਸਾਨ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ ਤੇ ਉਹ ਮੀਟਰ ਨਹੀਂ ਲਾਉਣ ਦੇਣਗੇ, ਜੇ ਫਿਰ ਵੀ ਬਿਜਲੀ ਵਿਭਾਗ ਨਾ ਹਟਿਆ ਤਾਂ ਬਿਜਲੀ ਦਫਤਰ ਦਾ ਘਿਰਾਓ ਕਰਾਂਗੇ। ਇਸ ਮੌਕੇ ਸਤਿਨਾਮ ਸਿੰਘ ਸੱਤੀ,ਪ੍ਰਭਜੋਤ ਸਿੰਘ ਸਿੱਧੂ, ਬਾਬਾ ਧਿਆਨ ਸਿੰਘ, ਕੁਲਦੀਪ ਸਿੰਘ, ਬੰਤ ਸਿੰਘ, ਕਾਲਾ ਸਿੰਘ, ਗੁਰਮੀਤ ਸਿੰਘ, ਸੁਰਜੀਤ ਕੌਰ, ਮਨਜੀਤ ਕੌਰ, ਰਾਣੀ ਕੌਰ, ਬਲਜੀਤ ਕੌਰ, ਮੇਲੀ ਕੌਰ ਹਾਜ਼ਰ ਸਨ।