For the best experience, open
https://m.punjabitribuneonline.com
on your mobile browser.
Advertisement

ਮਾਲਵਾ ਪੱਟੀ ਵਿੱਚ ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ ਖਿੜੇ

05:56 AM Dec 24, 2024 IST
ਮਾਲਵਾ ਪੱਟੀ ਵਿੱਚ ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ ਖਿੜੇ
People got relief from dry cold after rain in Bathinda on Monday. - Tribune Photo: Pawan Sharma
Advertisement

ਮਨੋਜ ਸ਼ਰਮਾ
ਬਠਿੰਡਾ, 23 ਦਸੰਬਰ
ਮਾਲਵਾ ਖੇਤਰ ਵਿੱਚ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਸੋਮਵਾਰ ਦੀ ਰਾਤ ਸ਼ੁਰੂ ਹੋਏ ਹਲਕੇ ਅਤੇ ਦਰਮਿਆਨੇ ਮੀਂਹ ਨੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਧੁੰਦਲੇ ਮੌਸਮ ਨੂੰ ਸਾਫ ਕਰ ਦਿੱਤਾ ਹੈ। ਗੌਰਤਲਬ ਹੈ ਕਿ ਇਸ ਵਾਰ ਨਵੰਬਰ ਮਹੀਨੇ ਤੱਕ ਦਿਨ ਅਤੇ ਰਾਤ ਵਿਚ ਠੰਢ ਨੇ ਜ਼ੋਰ ਨਹੀਂ ਫੜਿਆ ਸੀ। ਠੰਢ ਪੱਛੜ ਕੇ ਸ਼ੁਰੂ ਹੋਣ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਸੀ ਪਰ ਅੱਜ ਸਾਉਣ ਮਹੀਨੇ ਵਾਂਗ ਲੱਗੀ ਝੜੀ ਕਾਰਨ ਮੌਸਮ ਖੁਸ਼ਗਵਾਰ ਹੋ ਗਿਆ ਹੈ ਅਤੇ ਦਰੱਖਤਾਂ ’ਤੇ ਜੰਮੀ ਮਿੱਟੀ ਸਾਫ ਹੋਣ ਨਾਲ ਦਰੱਖਤ ਤਾਜ਼ਗੀ ਭਰੇ ਲੱਗਣ ਲੱਗ ਪਏ ਹਨ। ਕਾਬਲ -ਏ-ਗੌਰ ਹੈ ਕਿ ਪਿਛਲੇ ਦੋ ਹਫਤਿਆਂ ਤੋਂ ਧੁੱਪ ਨਿਕਲਣ ਦੇ ਬਾਵਜੂਦ ਵਿੱਚ ਸੁੱਕੀ ਠੰਡ ਪੈ ਰਹੀ ਸੀ। ਪਿੰਡਾਂ ਵਿੱਚ ਸਵੇਰ ਵੇਲੇ ਧੁੰਦ ਵੀ ਪੈ ਰਹੀ ਸੀ ਜਿਸ ਕਾਰਨ ਆਲੂ ਬੀਜਣ ਵਾਲੇ ਕਿਸਾਨ ਚਿੰਤਾ ਵਿੱਚ ਸਨ ਪਰ ਮਾਲਵਾ ਖੇਤਰ ਵਿੱਚ ਪਏ ਮੀਂਹ ਨੇ ਕਿਸਾਨਾਂ ਦੀ ਚਿੰਤਾ ਦੂਰ ਕਰ ਦਿੱਤੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖ਼ੇਤਰੀ ਖ਼ੋਜ ਕੇੰਦਰ ਤੋਂ ਮਿਲੀ ਰਿਪੋਰਟ ਮੁਤਾਬਕ ਬਠਿੰਡਾ ਵਿੱਚ ਸਵੇਰ ਵੇਲੇ 8.4 ਐੱਮ ਐੱਮ ਮੀਂਹ ਤੇ ਬਾਅਦ ਦੁਪਹਿਰ 10.6 ਐਮ ਐਮ ਮੀਂਹ ਦਰਜ ਕੀਤਾ ਗਿਆ। ਮੌਸਮ ਵਿਗਿਆਨੀ ਬਲਜਿੰਦਰ ਸਿੰਘ ਮਾਨ ਨੇ ਕਿਹਾ ਕਿ 27 28 ਅਤੇ 29 ਦਸੰਬਰ ਨੂੰ ਇਕ ਹੋਰ ਪੱਛਮੀ ਗੜਬੜੀ ਪੰਜਾਬ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੁੱਕੀ ਠੰਢ ਕਾਰਨ ਜਿੱਥੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਥੇ ਹੀ ਕਿਸਾਨਾਂ ਵੱਲੋਂ ਬੀਜੀਆਂ ਗਈਆਂ ਹਾੜ੍ਹੀ ਦੀਆਂ ਫ਼ਸਲਾਂ ’ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਸੀ। ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ।
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਬੀਤੀ ਰਾਤ ਤੋਂ ਅੱਜ ਦੁਪਹਿਰ ਤੱਕ ਪਏ ਮੀਂਹ ਨੇ ਜਿੱਥੇ ਠੰਢ ਵਧਾ ਦਿੱਤੀ ਹੈ, ਉਥੇ ਇਹ ਮੀਂਹ ਫ਼ਸਲਾਂ ਲਈ ਕਾਫ਼ੀ ਲਾਭਦਾਇਕ ਦੱਸਿਆ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਨੇ ਵੀ ਇਸ ਮੀਂਹ ਨੂੰ ਫ਼ਸਲਾਂ ਲਈ ਲਾਹੇਵੰਦ ਦੱਸਿਆ ਹੈ। ਬਰਨਾਲਾ ਦੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਜਗਦੀਸ਼ ਸਿੰਘ ਨੇ ਕਿਹਾ ਕਿ ਅੱਜ ਦਾ ਮੀਂਹ ਕਿਸਾਨਾਂ ਲਈ ਵਰਦਾਨ ਸਾਬਿਤ ਹੋਵੇਗਾ ਤੇ ਇਹ ਫਸਲਾਂ ਲਈ ਲਾਹੇਵੰਦਾ ਹੈ।

Advertisement

ਖੇਤੀ ਮਾਹਿਰਾਂ ਨੇ ਮੀਂਹ ਨੂੰ ਫਸਲਾਂ ਲਈ ਲਾਹੇਵੰਦ ਦੱਸਿਆ

ਮਾਨਸਾ (ਜੋਗਿੰਦਰ ਸਿੰਘ ਮਾਨ): ਸੁੱਕੀ ਠੰਢ ਪੈਣ ਦੀ ਮੌਸਮ ਵਿਭਾਗ ਵੱਲੋਂ ਕੀਤੀ ਪੇਸ਼ੀਨਗੋਈ ਦੇ ਬਾਵਜੂਦ ਮਾਲਵਾ ਖੇਤਰ ਦਾ ਮੌਸਮ ਬਦਲ ਗਿਆ ਹੈ। ਇਸ ਇਲਾਕੇ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਹਲਕੀਆਂ-ਫੁਲਕੀਆਂ ਕਣੀਆਂ ਨੂੰ ਖੁਸ਼ਕੀ ਚੱਕ ਦਿੱਤੀ ਹੈ। ਮੱਘਰ ਮਹੀਨੇ ਤੋਂ ਬਾਅਦ ਪੋਹ ਦਾ ਪਹਿਲਾ ਹਫ਼ਤਾ ਸੁੱਕਾ ਲੰਘਣ ਤੋਂ ਬਾਅਦ ਅੱਜ ਤੜਕਸਾਰ ਪਈਆਂ ਕਣੀਆਂ ਨੇ ਖੇਤਾਂ ਵਿੱਚ ਲਹਿਰਾਂ-ਬਹਿਰਾਂ ਲਾ ਦਿੱਤੀਆਂ ਤੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕਾਂ ਆ ਗਈਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਇਨ੍ਹਾਂ ਕਣੀਆਂ ਨੂੰ ਕਣਕ ਸਮੇਤ ਹੋਰ ਸਾਰੀਆਂ ਹਾੜੀ ਦੀਆਂ ਫ਼ਸਲਾਂ ਨੂੰ ਲਾਹੇਵੰਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅਜੇ ਤੱਕ ਹਾੜੀ ਦੀਆਂ ਫ਼ਸਲਾਂ ਨੂੰ ਹੋਰ ਮੀਂਹ ਦੀ ਲੋੜ ਹੈ ਪਰ ਜਿਸ ਰੂਪ ’ਚ ਮੌਸਮ ਵਿਭਾਗ ਤੋਂ ਸੂਚਨਾਵਾਂ ਮਿਲ ਰਹੀਆਂ ਹਨ, ਉਸ ਹਿਸਾਬ ਨਾਲ ਅਗਲੇ ਦਿਨਾਂ ਵਿਚ ਹੋਰ ਵੀ ਮੀਂਹ ਪੈਣ ਦੀਆਂ ਸੰਭਾਵਨਾਵਾਂ ਹਨ।

Advertisement

ਬਾਜ਼ਾਰਾਂ ਵਿੱਚ ਕਾਰੋਬਾਰ ਘਟਿਆ; ਘਰਾਂ ’ਚ ਰਹੇ ਲੋਕ

ਭੁੱਚੋ ਮੰਡੀ (ਪੱਤਰ ਪ੍ਰੇਰਕ): ਇਲਾਕੇ ਵਿੱਚ ਅੱਜ ਸਰਦੀ ਰੁੱਤ ਦੀ ਪਹਿਲੀ ਹਲਕੀ ਬਰਸਾਤ ਹੋਈ। ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ। ਸਰਦੀ ਰੁੱਤ ਦਾ ਇਹ ਪਹਿਲਾ ਮੀਂਹ ਸੀ। ਇਸ ਦੌਰਾਨ ਕੁੱਝ ਸਮਾਂ ਹਵਾ ਚੱਲਣ ਕਾਰਨ ਠੰਡ ਨੇ ਕਾਫੀ ਜ਼ੋਰ ਫੜ ਲਿਆ। ਠੰਡ ਕਾਰਨ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰਕੇ ਘਰਾਂ ਅੰਦਰ ਹੀ ਦੁਬਕੇ ਰਹੇ। ਠੰਡ ਕਾਰਨ ਬਜ਼ਾਰਾਂ ਵਿੱਚ ਪਹਿਲਾਂ ਵਾਲੀ ਚਹਿਲ ਪਹਿਲ ਨਹੀਂ ਸੀ। ਬੁੱਧੀਜੀਵੀਆਂ ਵੱਲੋਂ ਇਸ ਮੀਂਹ ਨੂੰ ਲਾਭਕਾਰੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸੁੱਕੀ ਠੰਡ ਦੀ ਪ੍ਰਕੋਪ ਘਟ ਜਾਵੇਗਾ ਅਤੇ ਸਰਦੀ ਦੀਆਂ ਕੁੱਝ ਬਿਮਾਰੀਆਂ ਤੋਂ ਕੁੱਝ ਰਾਹਤ ਮਿਲੇਗੀ। ਫਸਲਾਂ ਲਈ ਵੀ ਇਹ ਮੀਂਹ ਫਾਇਦੇਮੰਦ ਦੱਸਿਆ ਜਾ ਰਿਹਾ ਹੈ।

Advertisement
Author Image

sukhitribune

View all posts

Advertisement