ਰਾਸ਼ਟਰਪਤੀ ਨੂੰ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਦੱਸਣ ਤੋਂ ਵਿਵਾਦ
* ਸੱਤਾਧਾਰੀ ਅਤੇ ਵਿਰੋਧੀ ਧਿਰਾਂ ਆਹਮੋ-ਸਾਹਮਣੇ
* ‘ਭਾਰਤ’ ਦੀ ਵਰਤੋਂ ਕਰਨ ’ਚ ਕੁਝ ਗ਼ਲਤ ਨਹੀਂ: ਭਾਜਪਾ
ਨਵੀਂ ਦਿੱਲੀ, 5 ਸਤੰਬਰ
ਜੀ-20 ਦੇ ਆਲਮੀ ਆਗੂਆਂ ਲਈ ਰਾਤ ਦੀ ਦਾਅਵਤ ਦੇ ਸੱਦੇ ਵਿੱਚ ਰਾਸ਼ਟਰਪਤੀ ਦਰਪੋਦੀ ਮੁਰਮੂ ਨੂੰ ‘ਪ੍ਰੈਜ਼ੀਡੈਂਟ ਆਫ਼ ਇੰਡੀਆ’ ਦੀ ਥਾਂ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਸੰਬੋਧਨ ਕੀਤੇ ਜਾਣ ਤੋਂ ਨਵਾਂ ਵਿਵਾਦ ਛਿੜ ਗਿਆ ਹੈ। ਵਿਰੋਧੀ ਧਿਰਾਂ ਨੇ ਦਾਅਵਾ ਕੀਤਾ ਕਿ ਸਰਕਾਰ ਦੇਸ਼ ਦਾ ਨਾਮ ‘ਇੰਡੀਆ’ ਬਦਲਣ ਦੀਆਂ ਵਿਉਂਤਾਂ ਘੜ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ ਡਰ ਅਤੇ ਨਫ਼ਰਤ ਕਾਰਨ ਸਰਕਾਰ ਨੇ ਦੇਸ਼ ਦਾ ਨਾਮ ਬਦਲਣ ਦਾ ਅਮਲ ਸ਼ੁਰੂ ਕੀਤਾ ਹੈ। ਉਧਰ ਭਾਜਪਾ ਨੇ ਕਿਹਾ ਕਿ ‘ਭਾਰਤ’ ਦੀ ਵਰਤੋਂ ਕਰਨ ਵਿੱਚ ਕੁਝ ਵੀ ਗ਼ਲਤ ਨਹੀਂ ਕਿਉਂਕਿ ਇਹ ਸੰਵਿਧਾਨ ਦਾ ਹਿੱਸਾ ਹੈ। ਭਾਜਪਾ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ ਹਰ ਕੰਮ ’ਚ ਮੀਨ-ਮੇਖ ਕੱਢਣ ਦੀ ਆਦਤ ਹੈ।
ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਜੀ-20 ਸਿਖਰ ਵਾਰਤਾ ਵਿਚ ਸ਼ਾਮਲ ਆਲਮੀ ਆਗੂਆਂ ਨੂੰ ਸ਼ਨਿੱਚਰਵਾਰ (9 ਸਤੰਬਰ ਨੂੰ) ‘ਭਾਰਤ ਮੰਡਪਮ’ ਵਿਚ ਦਿੱਤੇ ਜਾਣ ਵਾਲੇ ਰਾਤਰੀ ਭੋਜ ਦੇ ਸੱਦੇ ਨੂੰ ਅੱਜ ਜਿਵੇਂ ਹੀ ਐਕਸ ’ਤੇ ਸ਼ੇਅਰ ਕੀਤਾ ਤਾਂ ਸਿਆਸੀ ਹਲਕਿਆਂ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ। ਪ੍ਰਧਾਨ ਨੇ ਸੱਦਾ ਪੱਤਰ ਦੀ ਤਸਵੀਰ ਸਾਂਝੀ ਕਰਦਿਆਂ ਹੈਸ਼ਟੈਗ ‘#ਪ੍ਰੈਜ਼ੀਡੈਂਟ ਆਫ਼ ਭਾਰਤ’ ਦਾ ਇਸਤੇਮਾਲ ਕੀਤਾ। ਉਨ੍ਹਾਂ ਕਿਹਾ, ‘ਜਨ ਗਨ ਮਨ ਅਧਿਨਾਇਕ ਜਯ ਹੇ, ਭਾਰਤ ਭਾਗਯ ਵਿਧਾਤਾ।’’ ਕੌਮੀ ਤਰਾਨੇ ਦੀ ਪਹਿਲੀ ਸਤਰ ਦੇ ਨਾਲ ‘ਜੈ ਹੋ’ ਸ਼ਬਦ ਦਾ ਵੀ ਇਸਤੇਮਾਲ ਕੀਤਾ ਗਿਆ। ਇਹ ਸੱਦਾ ਪੱਤਰ ਜਿਉਂ ਹੀ ਅੱਗੇ ਸੋਸ਼ਲ ਮੀਡੀਆ ’ਤੇ ਸਰਕੁਲੇਟ ਹੋਇਆ ਤਾਂ ਵਿਰੋਧੀ ਧਿਰਾਂ ਵੱਲੋਂ ਪ੍ਰਤੀਕਰਮਾਂ ਦੀ ਹਨੇਰੀ ਆ ਗਈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਸੋ ਇਹ ਖ਼ਬਰ ਯਕੀਨੀ ਤੌਰ ’ਤੇ ਸੱਚੀ ਹੈ। ਰਾਸ਼ਟਰਪਤੀ ਭਵਨ ਨੇ 9 ਸਤੰਬਰ ਲਈ ਜੀ-20 ਦੀ ਰਾਤ ਦੀ ਦਾਅਵਤ ਲਈ ਭੇਜੇ ਸੱਦਾ ਪੱਤਰ ਵਿੱਚ ‘ਪ੍ਰੈਜ਼ੀਡੈਂਟ ਆਫ਼ ਇੰਡੀਆ’ ਦੀ ਥਾਂ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਦੀ ਵਰਤੋਂ ਕੀਤੀ ਹੈ।’’ ਰਮੇੇਸ਼ ਨੇ ਕਿਹਾ, ‘‘ਹੁਣ ਸੰਵਿਧਾਨ ਦੇ ਆਰਟੀਕਲ 1 ਨੂੰ ਇਸ ਤਰ੍ਹਾਂ ਪੜ੍ਹਿਆ ਜਾਵੇਗਾ: ਭਾਰਤ ਜੋ ਕਿ ਇੰਡੀਆ ਸੀ, ਰਾਜਾਂ ਦਾ ਸੰਘ ਹੈ। ਪਰ ਹੁਣ ਇਹ ਰਾਜਾਂ ਦਾ ਸੰਘ ਵੀ ਹਮਲੇ ਅਧੀਨ ਹੈ।’’ ਇਕ ਹੋਰ ਪੋਸਟ ਵਿਚ ਰਮੇਸ਼ ਨੇ ਕਿਹਾ ਕਿ ਉਹ ਭਾਜਪਾ ਹੀ ਸੀ, ਜੋ ‘ਇੰਡੀਆ ਸ਼ਾਈਨਿੰਗ’ ਕੰਪੇਨ ਲੈ ਕੇ ਆਈ ਸੀ ਤੇ ਉਦੋਂ ਕਾਂਗਰਸ ਦੀ ਪ੍ਰਤੀਕਿਰਿਆ ਸੀ ਕਿ ‘ਆਮ ਆਦਮੀ ਕੋ ਕਯਾ ਮਿਲਾ’। ਉਨ੍ਹਾਂ ਕਿਹਾ, ‘‘ਇਹ ਵੀ ਯਾਦ ਰੱਖਿਓ ਕਿ ਡਿਜੀਟਲ ਇੰਡੀਆ, ਸਟਾਰਟ ਅੱਪ ਇੰਡੀਆ, ਨਿਊ ਇੰਡੀਆ ਆਦਿ ਲਿਆਉਣ ਵਾਲੀ ਭਾਜਪਾ ਹੀ ਸੀ ਤੇ ਕਾਂਗਰਸ ਨੇ ਇਸ ਦਾ ਜਵਾਬ ਭਾਰਤ ਜੋੜੋ ਯਾਤਰਾ ਨਾਲ ਦਿੱਤਾ ਸੀ, ਜਿਸ ਦੀ ਪਹਿਲੀ ਵਰ੍ਹੇਗੰਢ ਪਰਸੋਂ ਹੈ।’’ ਰਮੇਸ਼ ਨੇ ਇਕ ਹੋਰ ਪੋਸਟ ਵਿੱਚ ਕਿਹਾ, ‘‘ਸ੍ਰੀ ਮੋਦੀ ਇਤਿਹਾਸ ਨੂੰ ਤੋੜ-ਮਰੋੜ ਅਤੇ ਇੰਡੀਆ, ਜੋ ਭਾਰਤ, ਜੋ ਰਾਜਾਂ ਦਾ ਸੰਘ ਹੈ, ਨੂੰ ਵੰਡ ਸਕਦੇ ਹਨ। ਪਰ ਅਸੀਂ ਰੁਕਣ ਵਾਲਿਆਂ ਵਿਚੋਂ ਨਹੀਂ।’’
ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਕਿਹਾ, ‘‘ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਭਾਰਤ ਹੈ, ਪਰ ਕੁੱਲ ਆਲਮ ਸਾਨੂੰ ਇੰਡੀਆ ਵਜੋਂ ਜਾਣਦਾ ਹੈ।’’ ਬੈਨਰਜੀ ਨੇ ਕਿਹਾ ਕਿ ਅਚਾਨਕ ਕੀ ਬਦਲਿਆ ਕਿ ਸਾਨੂੰ ਹੁਣ ਸਿਰਫ਼ ਭਾਰਤ ਹੀ ਵਰਤਣਾ ਚਾਹੀਦਾ ਹੈ। ਬੈਨਰਜੀ ਦੇ ਤਾਮਿਲ ਨਾਡੂ ਦੇ ਹਮਰੁਤਬਾ ਐੱਮ.ਕੇ.ਸਟਾਲਿਨ ਨੇ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ, ‘‘ਗੈਰ-ਭਾਜਪਾ ਤਾਕਤਾਂ ਨੇ ਫਾਸ਼ੀਵਾਦੀ ਭਾਜਪਾ ਨਿਜ਼ਾਮ ਨੂੰ ਸੱਤਾ ਤੋਂ ਬਾਹਰ ਕਰਨ ਲਈ ਇਕੱਠਿਆਂ ਹੋ ਕੇ ਆਪਣੇ ਗੱਠਜੋੜ ਦਾ ਨਾਮ ‘ਇੰਡੀਆ’ ਕੀ ਰੱਖਿਆ, ਭਾਜਪਾ ਹੁਣ ‘ਇੰਡੀਆ’ ਦਾ ਨਾਮ ਬਦਲ ਕੇ ‘ਭਾਰਤ’ ਰੱਖਣਾ ਚਾਹੁੰਦੀ ਹੈ।’’ ਸਟਾਲਿਨ ਨੇ ਕਿਹਾ, ‘‘ਭਾਜਪਾ ਨੇ ਇੰਡੀਆ ਦੀ ਕਾਇਆਕਲਪ ਦਾ ਵਾਅਦਾ ਕੀਤਾ ਸੀ, ਪਰ ਨੌਂ ਸਾਲਾਂ ਬਾਅਦ ਸਾਨੂੰ ਸਿਰਫ਼ ਨਾਮ ਦੀ ਤਬਦੀਲੀ ਹੀ ਮਿਲੀ! ਇੰਜ ਲੱਗਦਾ ਹੈ ਕਿ ਭਾਜਪਾ ਇਕਹਿਰੇ ਸ਼ਬਦ ‘ਇੰਡੀਆ’ ਤੋਂ ਤੜਫ ਉੱਠੀ ਹੈ ਕਿਉਂਕਿ ਉਨ੍ਹਾਂ ਵਿਰੋਧੀ ਧਿਰਾਂ ਦੇ ਏਕੇ ਦੀ ਤਾਕਤ ਨੂੰ ਪਛਾਣ ਲਿਆ ਹੈ। ਚੋਣਾਂ ਦੌਰਾਨ ‘ਇੰਡੀਆ’ ਭਾਜਪਾ ਨੂੰ ਸੱਤਾ ਤੋਂ ਬਾਹਰ ਦਾ ਰਾਹ ਦਿਖਾਏਗਾ।’’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਧਿਰਾਂ ਦਾ ਗੱਠਜੋੜ ਜੇਕਰ ਆਪਣਾ ਨਾਂ ਇੰਡੀਆ ਤੋਂ ਬਦਲ ਕੇ ਭਾਰਤ ਰੱਖ ਲੈਂਦਾ ਹੈ ਤਾਂ ਕੀ ਭਾਜਪਾ ‘ਭਾਰਤ’ ਨਾਂ ਨੂੰ ਵੀ ਬਦਲੇਗੀ। ਉਧਰ ਐੱਨਸੀਪੀ ਆਗੂ ਸ਼ਰਦ ਪਵਾਰ ਨੇ ਕਿਹਾ ਕਿ ਕਿਸੇ ਨੂੰ ਵੀ ਦੇਸ਼ ਦਾ ਨਾਮ ਬਦਲਣ ਦਾ ਅਧਿਕਾਰ ਨਹੀਂ ਹੈ।
ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਵਰਤਣ ਵਿੱਚ ਕੀ ਦਿੱਕਤ ਹੈ, ਕਿਉਂਕਿ ਸਾਡਾ ਦੇਸ਼ ਵੀ ਤਾਂ ਭਾਰਤ ਹੈ। ਚੰਦਰਸ਼ੇਖਰ ਨੇ ਕਿਹਾ, ‘‘ਕਾਂਗਰਸ ਨੂੰ ਹਰੇਕ ਚੀਜ਼ ਬੇਢੱਬੀ ਲੱਗਦੀ ਹੈ। ਕਦੇ ਉਹ ‘ਸਨਾਤਨ ਧਰਮ’ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਕੋਈ ਦਿੱਕਤ ਹੈ। ਜੇਕਰ ਅਸੀਂ ਭਾਰਤ ਦਾ ਨਾਮ ਭਾਰਤ ਵਜੋਂ ਨਹੀਂ ਵਰਤਾਂਗੇ ਤਾਂ ਫਿਰ ਹੋਰ ਕੀ।’’ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ ਕਦੇ ਵੰਦੇ ਮਾਤਰਮ ਨਾਲ ਦਿੱਕਤ ਹੁੰਦੀ ਹੈ ਤੇ ਕਦੇ ਉਹ ਰਾਸ਼ਟਰਵਾਦ ਨੂੰ ਮੁੱਦਾ ਬਣਾ ਲੈਂਦੇ ਹਨ। ਚੁੱਘ ਨੇ ਕਿਹਾ, ‘‘ਭਾਰਤ ਸ਼ਬਦ ਕੋਈ ਨਵਾਂ ਨਹੀਂ ਹੈ। ਪੁਰਾਤਨ ਕਾਲ ਤੋਂ ਇਹ ਵਰਤਿਆ ਜਾ ਰਿਹੈ। ਭਾਰਤ ਮਾਤਾ ਤੇ ਵੰਦੇ ਮਾਤਰਮ ਸਾਡੇ ਖੂਨ ਵਿਚ ਹੈ ਤੇ ਤੁਹਾਡੇ ਵਿਰੋਧ ਨਾਲ ਕੁਝ ਨਹੀਂ ਹੋਣਾ। ਭਾਰਤ ਸ਼ਬਦ ਦਾ ਸੰਵਿਧਾਨ ਵਿੱਚ ਵੀ ਜ਼ਿਕਰ ਹੈ। ਨਵੇਂ ਖਿਲਜੀ ਤੇ ਨਵੇਂ ਮੁਗਲ ਆਏ ਹਨ, ਜੋ ਭਾਰਤ ਨੂੰ ਹਟਾਉਣਾ ਚਾਹੁੰਦੇ ਹਨ।’’ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ, ‘‘ਰਿਪਬਲਿਕ ਆਫ਼ ਭਾਰਤ- ਇਸ ਗੱਲ ਦੀ ਖੁਸ਼ੀ ਤੇ ਮਾਣ ਹੈ ਕਿ ਸਾਡੀ ਸਭਿਅਤਾ ਅਮ੍ਰਿਤ ਕਾਲ ਵੱਲ ਵਧ ਰਹੀ ਹੈ।’’ ਰਾਸ਼ਟਰੀ ਜਨਤਾ ਦਲ ਦੇ ਆਗੂ ਮਨੋਜ ਝਾਅ ਨੇ ਕਿਹਾ, ‘‘ਸਾਨੂੰ ਨਹੀਂ ਪਤਾ ਕਿ ਭਾਜਪਾ ਇੰਨੀ ਘਬਰਾਈ ਹੋਈ ਕਿਉਂ ਹੈ...ਇੰਡੀਆ ਗੱਠਜੋੜ ਬਣੇ ਨੂੰ ਅਜੇ ਕੁਝ ਹਫ਼ਤੇ ਹੋਏ ਹਨ ਕਿ ਤੁਸੀਂ ‘ਰਿਪਬਲਿਕ ਆਫ਼ ਇੰਡੀਆ’ ਨੂੰ ‘ਰਿਪਬਲਿਕ ਆਫ਼ ਭਾਰਤ’ ਵਿੱਚ ਤਬਦੀਲ ਕਰਨ ਲਈ ਮਤਾ ਲਿਆ ਰਹੇ ਹੋ। ਸਾਡਾ ਸੰਵਿਧਾਨ ਬਹੁਤ ਸਪਸ਼ਟ ਤਰੀਕੇ ਨਾਲ ਕਹਿੰਦਾ ਹੈ ‘ਇੰਡੀਆ ਜੋ ਭਾਰਤ ਹੈ’ ਅਤੇ ਸਾਡੀ (ਵਿਰੋਧੀ ਧਿਰਾਂ ਦੇ ਗੱਠਜੋੜ) ਟੈਗਲਾਈਨ ਕਹਿੰਦੀ ਹੈ- ਜੁੜੇਗਾ ਭਾਰਤ ਜੀਤੇਗਾ ਇੰਡੀਆ’....ਜਿਸ ਤਾਕਤ ਦੇ ਸਿਰ ’ਤੇ ਤੁਸੀਂ ਇਹ ਸਭ ਕੁਝ ਕਰ ਰਹੇ ਹੋ..ਲੋਕ ਤੁਹਾਡੇ ਤੋਂ ਉਹ ਖੋਹ ਲੈਣਗੇ...ਲੋਕ ਇੰਡੀਆ ਤੇ ਭਾਰਤ ਦੋਵਾਂ ਨੂੰ ਪਿਆਰ ਕਰਦੇ ਹਨ।’’ ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਕਿਹਾ ਕਿ ਭਾਜਪਾ ਸੰਸਦ ਵਿਚ ਆਪਣੇ ਬਹੁਮਤ ਨੂੰ ਇੰਜ ਵਰਤ ਰਹੀ ਹੈ ਜਿਵੇਂ ਪੂਰਾ ਦੇਸ਼ ਉਸ ਦੀ ‘ਜਗੀਰ’ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਕਿਹਾ, ‘‘ਇਕ ਵਾਰ ਫਿਰ, ਉਹ ਇੰਡੀਅਨਜ਼ ਤੇ ਭਾਰਤੀਆਂ ਵਿਚਾਲੇ ਪਾੜ ਪਾ ਰਹੇ ਹਨ। ਸਾਫ਼ ਕਰ ਦੇਈਏ- ਅਸੀਂ ਸਮਾਨ ਹਾਂ! ਜਿਵੇਂ ਆਰਟੀਕਲ 1 ਕਹਿੰਦਾ ਹੈ- ਇੰਡੀਆ, ਜੋ ਕਿ ਭਾਰਤ ਹੈ, ਰਾਜਾਂ ਦਾ ਸੰਘ ਹੈ। ਇਹ ਸੌੜੀ ਸਿਆਸਤ ਹੈ, ਕਿਉਂਕਿ ਉਹ ਇੰਡੀਆ ਤੋਂ ਡਰ ਗਏ ਹਨ। ਮੋਦੀ ਜੀ ਤੁਸੀਂ ਜੋ ਮਰਜ਼ੀ ਕਰ ਲਵੋ। ਜੁੜੇਗਾ ਭਾਰਤ, ਜੀਤੇਗਾ ਇੰਡੀਆ!’’ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਇੰਡੀਆ ਨੂੰ ‘ਭਾਰਤ’ ਕਹਿਣ ਦੀ ਕੋਈ ਸੰਵਿਧਾਨਕ ਰੋਕ ਟੋਕ ਨਹੀਂ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਸਰਕਾਰ ਇੰਨੀ ਮੂਰਖ ਨਹੀਂ ਹੋਵੇਗੀ ਕਿ ਉਹ ‘ਭਾਰਤ’ ਨੂੰ ਪੂਰੀ ਤਰ੍ਹਾਂ ਵੰਡ ਸਕੇ, ਜਿਸ ਦਾ ਬ੍ਰਾਂਡ ਮੁੱਲ ਅਣਗਿਣਤ ਹੈ। -ਪੀਟੀਆਈ
ਨਾਗਰਿਕਾਂ ਨੂੰ ਇੰਡੀਆ ਜਾਂ ਭਾਰਤ ਕਹਿਣ ਦੀ ਆਜ਼ਾਦੀ: ਸੁਪਰੀਮ ਕੋਰਟ
ਨਵੀਂ ਦਿੱਲੀ: ਸੁੁਪਰੀਮ ਕੋਰਟ ਨੇ ਸਾਲ 2016 ਵਿੱਚ ਇਕ ਜਨਹਿੱਤ ਪਟੀਸ਼ਨ ਰੱਦ ਕਰਦਿਆਂ ਕਿਹਾ ਸੀ ਕਿ ਦੇਸ਼ ਦੇ ਨਾਗਰਿਕ ਆਪਣੀ ਇੱਛਾ ਮੁਤਾਬਕ ਇਸ ਨੂੰ ਇੰਡੀਆ ਜਾਂ ਭਾਰਤ ਕਹਿਣ ਲਈ ਸੁਤੰਤਰ ਹਨ। ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਸਰਕਾਰੀ ਤੇ ਗੈਰਸਰਕਾਰੀ (ਸਾਰੇ) ਮੰਤਵਾਂ ਲਈ ਇੰਡੀਆ ਨੂੰ ‘ਭਾਰਤ’ ਸੱਦਣ ਸਬੰਧੀ ਹਦਾਇਤਾਂ ਕੀਤੀਆਂ ਜਾਣ। ਤਤਕਾਲੀ ਚੀਫ਼ ਜਸਟਿਸ ਟੀ.ਐੱਸ.ਠਾਕੁਰ ਤੇ ਜਸਟਿਸ ਯੂ.ਯੂ.ਲਲਿਤ (ਹੁਣ ਦੋਵੇਂ ਸੇਵਾਮੁਕਤ) ਦੇ ਬੈਂਚ ਨੇ ਉਦੋਂ ਮਹਾਰਾਸ਼ਟਰ ਦੇ ਨਿਰੰਜਨ ਭਟਵਾਲ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਸੀ, ‘‘ਭਾਰਤ ਜਾਂ ਇੰਡੀਆ? ਜੇ ਤੁਸੀਂ ਇਸ ਨੂੰ ਭਾਰਤ ਕਹਿਣਾ ਚਾਹੁੰਦੇ ਹੋ, ਤਾਂ ਕਹਿ ਸਕਦੇ ਹੋ। ਕੋਈ ਇਸ ਨੂੰ ਇੰਡੀਆ ਕਹਿਣਾ ਚਾਹੁੰਦਾ ਹੈ, ਤਾਂ ਉਸ ਨੂੰ ਇੰਡੀਆ ਕਹਿਣ ਦਿੱਤਾ ਜਾਵੇ।’’ ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਯਾਦ ਕਰਵਾਇਆ ਸੀ ਕਿ ਜਨਹਿੱਤ ਪਟੀਸ਼ਨਾ ਸਿਰਫ਼ ਗਰੀਬਾਂ ਲਈ ਹੁੰਦੀਆਂ ਹਨ। ਉਂਜ ਜਨਹਿਤ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਦੇਸ਼ ਦਾ ਨਾਮ ਰੱਖਣ ਲਈ ਸੰਵਿਧਾਨ ਸਭਾ ਦੇ ਸਾਹਮਣੇ ਪ੍ਰਮੁੱਖ ਸੁਝਾਅ ‘‘ਭਾਰਤ, ਹਿੰਦੁਸਤਾਨ, ਹਿੰਦ ਅਤੇ ਭਾਰਤਭੂਮੀ ਜਾਂ ਭਾਰਤਵਰਸ਼ ਅਤੇ ਇਸ ਤਰ੍ਹਾਂ ਦੇ ਨਾਮ ਸਨ।’’ -ਪੀਟੀਆਈ
ਭਾਰਤ ਮਾਤਾ ਕੀ ਜੈ: ਅਮਿਤਾਭ
ਮੁੰਬਈ: ਜੀ20 ਲਈ ਰਾਤਰੀ ਭੋਜ ਦੇ ਸੱਦੇ ਵਿਚ ਦਰੋਪਦੀ ਮੁਰਮੂ ਨੂੰ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਸੰਬੋਧਨ ਕੀਤੇ ਜਾਣ ਨਾਲ ਛਿੜੇ ਵਿਵਾਦ ਦਰਮਿਆਨ ਮੈਗਾਸਟਾਰ ਅਮਿਤਾਭ ਬੱਚਨ ਨੇ ਐਕਸ ’ਤੇ ‘ਭਾਰਤ ਮਾਤਾ ਕੀ ਜੈ’ ਲਿਖ ਕੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਬੱਚਨ ਨੇ ਪੋਸਟ ਨਾਲ ਤਿਰੰਗੇ ਵਾਲੀ ਇਮੋਜੀ ਵੀ ਸਾਂਝੀ ਕੀਤੀ ਹੈ।
‘ਰਿਪਬਲਿਕ ਆਫ਼ ਇੰਡੀਆ’ ਦਾ ਨਾਂ ਬਦਲਣ ਲਈ ਕਈ ਸੰਵਿਧਾਨਕ ਸੋਧਾਂ ਦੀ ਲੋੜ
ਨਵੀਂ ਦਿੱਲੀ: ਸੰਵਿਧਾਨਕ ਮਾਹਿਰ ਪੀ.ਡੀ.ਟੀ.ਅਚਾਰੀ ਨੇ ਕਿਹਾ ਕਿ ਸੰਵਿਧਾਨ ਦੇ ਆਰਟੀਕਲ 1 ਵਿੱਚ ਲਿਖਿਆ, ‘ਇੰਡੀਆ, ਜੋ ਭਾਰਤ ਹੈ’ ਸਿਰਫ਼ ਵਿਆਖਿਆਤਮਕ ਹੈ ਤੇ ਇਨ੍ਹਾਂ ਦੋਵਾਂ ਨੂੰ ਅਦਲਾ-ਬਦਲੀ ਕਰਕੇ ਨਹੀਂ ਵਰਤਿਆ ਜਾ ਸਕਦਾ ਹੈ। ਅਚਾਰੀ ਨੇ ਜ਼ੋਰ ਦੇ ਆਖਿਆ ਕਿ ਰਿਪਬਲਿਕ ਆਫ਼ ਇੰਡੀਆ ਦੇ ਨਾਮ ਵਿਚ ਕਿਸੇ ਤਰ੍ਹਾਂ ਦੀ ਵੀ ਤਬਦੀਲੀ ਲਈ ਕਈ ਸੰਵਿਧਾਨਕ ਸੋਧਾਂ ਦੀ ਲੋੜ ਪਏਗੀ। ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਅਚਾਰੀ ਨੇ ਕਿਹਾ, ‘‘ਸਰਕਾਰ ਨੂੰ ਇਸ ਲਈ ਸੰਵਿਧਾਨ ਵਿਚ ਸੋਧ ਕਰਨੀ ਹੋਵੇਗੀ। ਆਰਟੀਕਲ 1 (ਨੂੰ ਬਦਲਣਾ ਹੋਵੇਗਾ) ਅਤੇ ਮਗਰੋਂ ਹੋਰਨਾਂ ਆਰਟੀਕਲਾਂ (ਧਾਰਾਵਾਂ) ਵਿੱਚ ਵੀ ਨਤੀਜਨ ਬਦਲਾਅ ਕਰਨੇ ਪੈਣਗੇ। ਉਨ੍ਹਾਂ ਕਿਹਾ, ‘‘ਜਿੱਥੇ ਕਿਤੇ ਇੰਡੀਆ ਦੀ ਵਰਤੋਂ ਹੋਈ ਹੈ, ਉਸ ਨੂੰ ਉਥੋਂ ਹਟਾਉਣਾ ਹੋਵੇਗਾ। ਦੇਸ਼ ਲਈ ਸਿਰਫ਼ ਇਕ ਨਾਮ ਹੀ ਹੋ ਸਕਦਾ ਹੈ। ਅਦਲਾ-ਬਦਲੀ ਵਾਲੇ ਦੋ ਨਾਮ ਨਹੀਂ ਹੋ ਸਕਦੇ, ਇਸ ਨਾਲ ਨਾ ਸਿਰਫ਼ ਇੰਡੀਆ ਵਿੱਚ ਬਲਕਿ ਦੇਸ਼ ਤੋਂ ਬਾਹਰ ਵੀ ਦੁਚਿੱਤੀ ਪੈਦਾ ਹੋਵੇਗੀ।’’ -ਪੀਟੀਆਈ