ਰਾਜ ਤੇ ਊਧਵ ਠਾਕਰੇ ਵਿਚਾਲੇ ਭਾਵਨਾਤਮਕ ਗੱਲਬਾਤ ਜਾਰੀ: ਰਾਊਤ
ਮੁੰਬਈ, 20 ਅਪਰੈਲ
ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਵਿਚਾਲੇ ਗੱਠਜੋੜ ਦਾ ਕੋਈ ਐਲਾਨ ਨਹੀਂ ਹੋਇਆ ਹੈ ਪਰ ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਆਗੂਆਂ ਵਿਚਾਲੇ ਭਾਵਨਾਤਮਕ ਗੱਲਬਾਤ ਜਾਰੀ ਹੈ। ਰਾਊਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਨੇ ਐੱਮਐੱਨਐੱਸ ਦੇ ਪ੍ਰਧਾਨ ਅਤੇ ਆਪਣੇ ਚਚੇਰੇ ਭਰਾ ਰਾਜ ਠਾਕਰੇ ਨਾਲ ਸੁਲ੍ਹਾ ਵਾਸਤੇ ਕੋਈ ਪੂਰਵ ਸ਼ਰਤ ਨਹੀਂ ਰੱਖੀ ਹੈ। ਉਨ੍ਹਾਂ ਕਿਹਾ, ‘‘ਗੱਠਜੋੜ ਦਾ ਕੋਈ ਐਲਾਨ ਨਹੀਂ ਹੋਇਆ ਹੈ। ਹਾਲ ਦੀ ਘੜੀ ਭਾਵਨਾਤਮਕ ਗੱਲਬਾਤ ਜਾਰੀ ਹੈ।’’ ਰਾਜ ਸਭਾ ਮੈਂਬਰ ਨੇ ਕਿਹਾ, ‘‘ਉਹ (ਰਾਜ ਤੇ ਊਧਵ) ਪਰਿਵਾਰਕ ਪ੍ਰੋਗਰਾਮਾਂ ਵਿੱਚ ਮਿਲਦੇ ਹਨ। ਉਹ ਭਰਾ ਹਨ।’’
ਅਸਲ ਵਿੱਚ, ਰਾਜ ਠਾਕਰੇ ਨੇ ਫਿਲਮ ਨਿਰਮਾਤਾ ਮਹੇਸ਼ ਮੰਜਰੇਕਰ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਅਣਵੰਡੀ ਸ਼ਿਵ ਸੈਨਾ ਵਿੱਚ ਊਧਵ ਨਾਲ ਕੰਮ ਕਰਨ ਵਿੱਚ ਕੋਈ ਸਮੱਸਿਆ ਨਹੀਂ ਸੀ। ਇਸ ਬਿਆਨ ਤੋਂ ਬਾਅਦ ਦੋਹਾਂ ਵਿਚਾਲੇ ਸੁਲ੍ਹਾ ਦੀਆਂ ਚਰਚਾਵਾਂ ਸ਼ੁਰੂ ਹੋਈਆਂ। ਇਹ ਇੰਟਰਵਿਊ ਹਫ਼ਤਿਆਂ ਪਹਿਲਾਂ ਰਿਕਾਰਡ ਕੀਤੀ ਗਈ ਅਤੇ ਸ਼ਨਿਚਰਵਾਰ ਨੂੰ ਪ੍ਰਸਾਰਿਤ ਕੀਤੀ ਗਈ ਸੀ। -ਪੀਟੀਆਈ