ਰਾਜੋਆਣਾ ਕੇਸ ਸਬੰਧੀ ਰਣਨੀਤੀ ਉਲੀਕੇਗੀ ਸ਼੍ਰੋਮਣੀ ਕਮੇਟੀ: ਧਾਮੀ
ਖੇਤਰੀ ਪ੍ਰਤੀਨਿਧ
ਪਟਿਆਲਾ, 2 ਮਈ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਕੇਸ ਸਬੰਧੀ ਕੇਂਦਰ ਦੇ ਨਾਂਹ-ਪੱਖੀ ਰਵੱਈਏ ਬਾਰੇ ਸ਼੍ਰੋਮਣੀ ਕਮੇਟੀ ਜਲਦੀ ਹੀ ਭਵਿੱਖੀ ਰਣਨੀਤੀ ਉਲੀਕੇਗੀ। ਉਹ ਅੱਜ ਇੱਥੇ ਕੇਂਦਰੀ ਜੇਲ੍ਹ ’ਚ ਰਾਜੋਆਣਾ ਨਾਲ ਮੁਲਾਕਾਤ ਕਰਨ ਵਾਲ਼ੇ ਵਫਦ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਸਜ਼ਾ ਪੂਰੀ ਕਰ ਚੁੱਕੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਵੀ ਮੰਗੀ।
ਇਸ ਵਫ਼ਦ ’ਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਮੈਂਬਰ ਰਾਜਿੰਦਰ ਸਿੰਘ ਮਹਿਤਾ ਤੇ ਭਗਵੰਤ ਸਿੰਘ ਸਿਆਲਕਾ ਅਤੇ ਸੈਕਟਰੀ ਪ੍ਰਤਾਪ ਸਿੰਘ ਸ਼ਾਮਲ ਸਨ। ਸ੍ਰੀ ਧਾਮੀ ਨੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ’ਚ ਤਬਦੀਲ ਕੀਤੇ ਜਾਣ ਵਾਲੀ ਪਟੀਸ਼ਨ ’ਤੇ ਸਾਲਾਂਬੱਧੀ ਵੀ ਫ਼ੈਸਲਾ ਨਾ ਕੀਤੇ ਜਾਣ ਦੇ ਕੇਂਦਰ ਦੇ ਵਤੀਰੇ ਦੀ ਨਿਖੇਧੀ ਕੀਤੀ। ਇਸ ਮੁਲਾਕਾਤ ਦੌਰਾਨ ਸ੍ਰੀ ਰਾਜੋਆਣਾ ਨੇ ਪਟੀਸ਼ਨ ਦੇੇ ਜਲਦ ਨਿਬੇੜੇ ਲਈ ਕੇਂਦਰ ’ਤੇ ਦਬਾਅ ਬਣਾਉਣ ਦੀ ਅਪੀਲ ਕੀਤੀ। ਇਸ ’ਤੇ ਵਫ਼ਦ ਨੇ ਸ਼੍ਰੋਮਣੀ ਕਮੇਟੀ ਵੱਲੋਂ ਇਸ ’ਤੇ ਹੋਰ ਵੀ ਸੰਜੀਦਗੀ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ। ਉਧਰ, ਬੰਦੀ ਸਿੰਘਾਂ ਦੇ ਕੇਸਾਂ ਦੀ ਪੈਰਵੀ ਕਰਦੇ ਆ ਰਹੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦੱਸਦੇ ਹਨ ਕਿ ਕੁਝ ਸਾਲ ਪਹਿਲਾਂ ਗੁਰੂ ਨਾਨਕ ਦੇਵ ਦੇ ਗੁਰਪੁਰਬ ਮੌਕੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਕਰਨ ਲਈ ਕੇਂਦਰ ਵੱਲੋਂ ਇੱਕ ਵਾਰ ਕਾਰਵਾਈ ਚਲਾਈ ਗਈ ਸੀ, ਪਰ ਮਗਰੋਂ ਸਰਕਾਰ ਫਿਰ ਮੁੱਕਰ ਗਈ ਸੀ। ਅਜਿਹੀ ਕਾਰਵਾਈ ਰਾਜੋਆਣਾ ਦੀ ਰਿਹਾਈ ਦਾ ਮੁੱਖ ਆਧਾਰ ਹੋ ਸਕਦੀ ਸੀ, ਕਿਉਂਕਿ ਉਮਰ ਕੈਦ ਤਾਂ ਕਦੋਂ ਦੀ ਪੂਰੀ ਹੋ ਚੁੱਕੀ ਹੈ।