ਰਵਾਇਤੀ ਪਾਰਟੀਆਂ ਨੇ ਸਨੌਰ ਦਾ ਵਿਕਾਸ ਨਹੀਂ ਕੀਤਾ: ਪਠਾਣਮਾਜਰਾ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਹਲਕਾ ਸਨੌਰ, ਤਹਿਸੀਲ ਤੇ ਬਲਾਕ ਪਟਿਆਲਾ ਦੇ ਪਿੰਡ ਪੰਜੌਲਾ ਅਤੇ ਬਲਬੇੜ੍ਹਾ ਵਿੱਚ 10.40 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਇਨ੍ਹਾਂ ਵਿਕਾਸ ਕਾਰਜਾਂ ਵਿੱਚ ਸਕੂਲਾਂ ਵਿੱਚ ਨਵੇਂ ਕਲਾਸ ਰੂਮ, ਇਮਾਰਤ ਦੀ ਮੁਰੰਮਤ, ਪੀਣ ਵਾਲੇ ਪਾਣੀ ਦੀ ਸਹੂਲਤ, ਸਕੂਲਾਂ ਦਾ ਨਵੀਨੀਕਰਨ ਅਤੇ ਚਾਰਦੀਵਾਰੀ ਆਦਿ ਕਾਰਜ ਸ਼ਾਮਲ ਹੈ। ਇਸ ਮੌਕੇ ਵਿਧਾਇਕ ਦਾ ਕਹਿਣਾ ਸੀ ਕਿ ਇਹ ਪਹਿਲੀ ਅਜਿਹੀ ਸਰਕਾਰ ਹੈ, ਜੋ ਸਰਕਾਰੀ ਸਕੂਲਾਂ ਦਾ ਜ਼ਮੀਨੀ ਪੱਧਰ ’ਤੇ ਵਿਕਾਸ ਅਤੇ ਸੁਧਾਰ ਕਰ ਰਹੀ ਹੈ। ਪਠਾਣਮਾਜਰਾ ਨੇ ਹੋਰ ਕਿਹਾ ਕਿ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਵਿਧਾਇਕ ਹਰਮੀਤ ਪਠਾਣਮਾਜਰਾ ਨੇ ਇਹ ਵੀ ਕਿਹਾ ਕਿ ਲੰਬਾ ਸਮਾਂ ਰਾਜ ਭੋਗਣ ਵਾਲੀਆਂ ਪਾਰਟੀਆਂ ਨੇ ਖੁਦ ਤਾਂ ਕੁਝ ਕੀਤਾ ਨਹੀਂ, ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਕਰਵਾ ਰਹੀ ਹੈ ਤਾਂ ਨੁਕਤਾਚੀਨੀ ਵਧੇਰੇ ਕੀਤੀ ਜਾ ਰਹੀ ਹੈ। ਹਲਕੇ ਸਨੌਰ ਦੀ ਗੱਲ ਕਰਦਿਆਂ ਵਿਧਾਇਕ ਨੇ ਕਿਹਾ ਕਿ ਇਸ ਹਲਕੇ ਤੋਂ ਕੱਦਾਵਾਰ ਆਗੂਆਂ ਵੱਲੋਂ ਨੁਮਾਇੰਦਗੀ ਕਰਨ ਦੇ ਬਾਵਜੂਦ ਵੀ ਇਸ ਖੇਤਰ ਦਾ ਕੋਈ ਸੁਧਾਰ ਨਹੀਂ ਕੀਤਾ ਗਿਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹਲਕੇ ਦੀ ਨੁਹਾਰ ਬਦਲਣ ਲਈ ਵਚਨਬੱਧ ਹੈ। ਇਸ ਮੌਕੇ ਪੀਏ ਗੁਰਪ੍ਰੀਤ ਸਿੰਘ ਗੁਰੀ, ਸਤਪਾਲ ਪੂਨੀਆ ਅਤੇ ਮੀਡੀਆ ਸਲਾਹਕਾਰ ਰਾਕੇਸ਼ ਕੁਮਾਰ ਸਮੇਤ ਹੋਰ ਵੀ ਮੌਜੂਦ ਸਨ।
ਸਮਾਣਾ (ਸੁਭਾਸ਼ ਚੰਦਰ): ਸਰਕਾਰੀ ਪ੍ਰਾਇਮਰੀ ਸਕੂਲਾਂ ਪਿੰਡ ਬੀਬੀਪੁਰ ਤੇ ਪਿੰਡ ਘਿਉਰਾ ਵਿੱਚ ਵਿਸ਼ੇਸ਼ ਸਮਾਗਮ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਵਜੋਂ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੇ ਪੀਏ ਗੁਰਦੇਵ ਸਿੰਘ ਟਿਵਾਣਾ ਤੇ ਸੀਨੀਅਰ ‘ਆਪ’ ਆਗੂ ਹਰਜਿੰਦਰ ਸਿੰਘ ਮਿੰਟੂ ਨੇ ਸ਼ਿਰਕਤ ਕੀਤੀ ਤੇ ਕਰਵਾਏ ਕੰਮਾ ਦਾ ਉਦਘਾਟਨ ਕੀਤਾ। ਇਸ ਮੌਕੇ ਸਰਪੰਚ ਦੇਵੀਲਾਲ, ਸੀਐੱਚਟੀ ਗੁਰਤੇਜ ਸਿੰਘ, ਜਸਪਾਲ ਸਿੰਘ, ਚਮਕੌਰ ਸਿੰਘ ਤੇ ਵਿਰਕਮ ਬਖਸ਼ੀ ਆਦਿ ਹਾਜ਼ਰ ਸਨ।