ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਨਜ਼ਰਅੰਦਾਜ਼ ਕੀਤਾ: ਕੇਜਰੀਵਾਲ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 8 ਮਈ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਕਸਬਾ ਲੋਹੀਆਂ ਖਾਸ ਅਤੇ ਨਕੋਦਰ ਵਿੱਚ ਰੋਡ ਸ਼ੋਅ ਕੀਤਾ।
ਇਸ ਦੌਰਾਨ ਸ੍ਰੀ ਕੇਜਰੀਵਾਲ ਨੇ ਇਲਾਕਾ ਵਾਸੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ 60 ਸਾਲਾਂ ਤੋਂ ਅਤੇ ਭਾਜਪਾ ਆਗੂ 10 ਸਾਲਾਂ ਤੋਂ ਪੰਜਾਬ ਨਾਲ ਧੱਕਾ ਤੇ ਬੇਇਨਸਾਫੀ ਕਰਦੇ ਆ ਰਹੇ ਹਨ। ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਕੀਤੇ ਗਏ ਘਾਣ ਕਾਰਨ ਹੀ ਇਸ ਸਮੇਂ ਹਰ ਪੰਜਾਬੀ ਇਕ ਲੱਖ ਰੁਪਏ ਦਾ ਕਰਜ਼ਈ ਬਣ ਗਿਆ ਹੈ। ਉਨ੍ਹਾਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ‘ਆਪ’ ਉਮੀਦਵਾਰ ਨੂੰ ਜਿਤਾਉਣ ਦਾ ਹੋਕਾ ਦਿੱਤਾ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਅਜਿਹੀ ਇਮਾਨਦਾਰ ਸਰਕਾਰ ਆਈ ਹੈ, ਜਿਸ ਨੇ ਆਪਣੇ ਸਵਾ ਸਾਲ ਦੇ ਕਾਰਜਕਾਲ ਦੌਰਾਨ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਿੱਤਾ ਹੈ।
ਇਸ ਦੌਰਾਨ ਕੇਜਰੀਵਾਲ ਤੇ ਭਗਵੰਤ ਮਾਨ ਅੱਜ ਨਿਰਮਲ ਕੁਟੀਆ ਸੀਚੇਵਾਲ ਵਿਖੇ ਨਤਮਸਤਕ ਹੋਏ। ਇੱਥੇ ਉਨ੍ਹਾਂ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਵੀ ਕੀਤੀ। ਸੰਤ ਸੀਚੇਵਾਲ ਨੇ ਦੋਵੇਂ ਮੁੱਖ ਮੰਤਰੀਆਂ ਨੂੰ ਵਾਤਾਵਰਨ ਦਾ ਏਜੰਡਾ ਸੌਂਪਦਿਆਂ ਕਿਹਾ ਕਿ ਜੇਕਰ ਚਿੱਟੀ ਵੇਈਂ ਵਿੱਚ ਸਾਫ ਪਾਣੀ ਛੱਡਿਆ ਜਾਵੇ ਤਾਂ ਦੋਆਬੇ ਵਿੱਚ ਧਰਤੀ ਹੇਠਲੇ ਪਾਣੀ ‘ਚ ਵੱਡੇ ਪੱਧਰ ‘ਤੇ ਸੁਧਾਰ ਹੋ ਸਕਦਾ ਹੈ। ਹੜ੍ਹਾਂ ਦੀ ਰੋਕਥਾਮ ਵਾਸਤੇ ਉਨ੍ਹਾਂ ਦਰਿਆ ਦੇ ਧੁੱਸੀ ਬੰਨ੍ਹ ਉੱਪਰ ਗਿੱਦੜਪਿੰਡੀ ਤੋਂ ਲੈ ਕੇ ਫਿਲੌਰ ਤੱਕ ਪੱਕੀ ਸੜਕ ਬਣਾਉਣ ਦੀ ਤਜਵੀਜ਼ ਵੀ ਰੱਖੀ। ਇਸ ਦੌਰਾਨ ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਸਤਲੁਜ ਦਰਿਆ ਕੰਢੇ ਵੱਸਦੇ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਭਗਵੰਤ ਮਾਨ ਨੂੰ ਮੰਗ ਪੱਤਰ ਸੌਪਿਆ।
ਮੁੱਖ ਮੰਤਰੀ ਵੱਲੋਂ ਚੌਗਿਰਦਾ ਤੇ ਪਾਣੀ ਬਚਾਉਣ ਲਈ ਮੁਹਿੰਮ ਵਿੱਢਣ ਦਾ ਐਲਾਨ
ਨਵਾਂਸ਼ਹਿਰ/ਗੜ੍ਹਸ਼ੰਕਰ (ਲਾਜਵੰਤ ਸਿੰਘ/ਜੋਗਿੰਦਰ ਸਿੰਘ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣ ਵਾਲੀਆਂ ਨਸਲਾਂ ਵਾਸਤੇ ਪਾਣੀ ਬਚਾਉਣ ਲਈ ਧਰਤੀ ਹੇਠ ਪਾਣੀ ਜ਼ੀਰਨ ਦੇ ਨਾਲ-ਨਾਲ ਸੂਬੇ ਦੀ ਬਨਸਪਤੀ ਤੇ ਜੰਗਲੀ ਜੀਵਾਂ ਨੂੰ ਬਚਾਉਣ ਲਈ ਵੱਡੀ ਪੱਧਰ ‘ਤੇ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਹੈ।
ਇੱਥੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਿੰਬਲੀ ਵਿੱਚ ਚਿੱਟੀ ਵੇਈਂ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ ਤੇ ਸੰਤਾਂ ਦੀ ਪਵਿੱਤਰ ਧਰਤੀ ਹੈ, ਜਿਨ੍ਹਾਂ ਸਾਨੂੰ ਵਾਤਾਵਰਨ ਦੀ ਸੰਭਾਲ ਦਾ ਰਾਹ ਦਿਖਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਸੂਬਾ ਸਰਕਾਰ, ਪੰਜਾਬ ਦੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਵੱਡੀ ਪੱਧਰ ‘ਤੇ ਮੁਹਿੰਮ ਵਿੱਢੇਗੀ। ਉਨ੍ਹਾਂ ਲੋਕਾਂ ਨੂੰ ਇਸ ਕਾਰਜ ਲਈ ਸਹਿਯੋਗ ਦੇਣ ਅਤੇ ਇਸ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ, ”ਸਾਡੇ ਗੁਰੂ ਸਾਹਿਬਾਨਾਂ ਨੇ ਹਵਾ ਦੀ ਤੁਲਨਾ ਅਧਿਆਪਕ, ਪਾਣੀ ਦੀ ਪਿਤਾ ਤੇ ਧਰਤੀ ਦੀ ਮਾਂ ਨਾਲ ਕੀਤੀ ਹੈ, ਪਰ ਬਦਕਿਸਮਤੀ ਦੀ ਗੱਲ ਹੈ ਕਿ ਅਸੀਂ ਗੁਰੂ ਸਾਹਿਬਾਨ ਦੇ ਸ਼ਬਦਾਂ ਦਾ ਮਾਣ ਨਹੀਂ ਰੱਖ ਸਕੇ ਤੇ ਇਨ੍ਹਾਂ ਬਹੁਮੁੱਲੇ ਸਰੋਤਾਂ ਨੂੰ ਪਲੀਤ ਕਰ ਦਿੱਤਾ ਹੈ।” ਵਾਤਾਵਰਨ ਦੇ ਮਸਲਿਆਂ ਨੂੰ ਜਾਣ-ਬੁੱਝ ਕੇ ਨਜ਼ਰਅੰਦਾਜ਼ ਕਰਨ ਲਈ ਵਿਰੋਧੀ ਧਿਰਾਂ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਣੀ, ਹਵਾ ਤੇ ਧਰਤੀ ਦੀ ਕੋਈ ਵੋਟ ਨਾ ਹੋਣ ਕਾਰਨ ਸਿਆਸੀ ਆਗੂਆਂ ਨੇ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਹੈ, ਪਰ ਸੂਬੇ ਵਿੱਚ ‘ਆਪ’ ਸਰਕਾਰ ਬਣਨ ਮਗਰੋਂ ਵਾਤਾਵਰਨ ਨੂੰ ਬਚਾਉਣ ਲਈ ਲਗਾਤਾਰ ਕਦਮ ਉਠਾਏ ਗਏ ਹਨ। ਸ੍ਰੀ ਮਾਨ ਨੇ ਕਿਹਾ ਕਿ ਇਸ ਸਮੇਂ ਪੰਜਾਬ ਆਪਣੇ ਕੋਲ ਉਪਲਬਧ ਨਹਿਰੀ ਪਾਣੀ ‘ਚੋਂ ਸਿਰਫ਼ 33 ਤੋਂ 34 ਫੀਸਦ ਦੀ ਵਰਤੋਂ ਕਰ ਰਿਹਾ ਹੈ, ਜਿਸ ਨੂੰ ਆਉਣ ਵਾਲੇ ਦਿਨਾਂ ਵਿੱਚ ਵਧਾਇਆ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਪਹਿਲੇ ਪੜਾਅ ਵਿੱਚ ਨਹਿਰੀ ਪਾਣੀ ਦੀ ਵਰਤੋਂ ਨੂੰ ਵਧਾ ਕੇ 60 ਫੀਸਦ ਕਰੇਗਾ, ਜਿਸ ਨਾਲ ਕੁੱਲ 14 ਲੱਖ ਟਿਊਬਵੈੱਲਾਂ ‘ਚੋਂ ਤਕਰੀਬਨ ਚਾਰ ਲੱਖ ਟਿਊਬਵੈੱਲ ਬੰਦ ਹੋ ਸਕਣਗੇ। ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿਹੜੇ ਪਿੰਡ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਜੁੜਨ ਦੇ ਇੱਛੁਕ ਹਨ, ਉਨ੍ਹਾਂ ਬਾਰੇ ਕੈਬਨਿਟ ਵੱਲੋਂ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਗੜ੍ਹਸ਼ੰਕਰ ਬਾਈਪਾਸ ਨੂੰ ਅਪਗਰੇਡ ਅਤੇ ਮਜ਼ਬੂਤ ਕਰਨ ਦਾ ਐਲਾਨ ਵੀ ਕੀਤਾ