ਯੂਰੀਆ ਖਾਦ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ
ਲਹਿਰਾਗਾਗਾ, 24 ਦਸੰਬਰ
ਇੱਥੇ ਯੂਰੀਆ ਖਾਦ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਸੁਦੇਵ ਸਿੰਘ ਲਹਿਲ ਤੇ ਲਖਵਿੰਦਰ ਸਿੰਘ ਨੇ ਕਿਹਾ ਕਿ ਯੂਰੀਆ ਖਾਦ ਬਾਜ਼ਾਰ ਵਿੱਚ ਹਰੇਕ ਖਾਦ ਡੀਲਰ ਕੋਲ ਪਈ ਹੈ ਪਰ ਜਦੋਂ ਕੋਈ ਖਾਦ ਲੈਣ ਜਾਂਦਾ ਹੈ ਤਾਂ ਉਸ ਨੂੰ ਜਵਾਬ ਦੇ ਦਿੱਤਾ ਜਾਂਦਾ ਹੈ। ਜਦੋਂ ਕਿ ਜਿਹੜਾ ਕਿਸਾਨ ਨਾਲ ਦਵਾਈ ਜਾਂ ਹੋਰ ਵਸਤੂ ਲੈਂਦਾ ਹੈ ਤਾਂ ਉਸ ਨੂੰ ਯੂਰੀਆ ਖਾਦ ਮਿਲ ਜਾਂਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੇ ਕਿਸਾਨ ਸੁਸਾਇਟੀਆਂ ਦੇ ਮੈਂਬਰ ਨਹੀਂ ਉਨ੍ਹਾਂ ਨੂੰ ਫਾਲਤੂ ਸਾਮਾਨ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਤਾਂ ਜਥੇਬੰਦੀ ਵੱਲੋਂ ਖੇਤੀਬਾੜੀ ਦਫਤਰ ਅਤੇ ਐੱਸਡੀਐੱਮ ਦਫਤਰ ਅੱਗੇ ਧਰਨੇ ਲਾਏ ਜਾਣਗੇ। ਦੂਜੇ ਪਾਸੇ ਚੀਫ ਖੇਤੀਬਾੜੀ ਅਫਸਰ ਸੰਗਰੂਰ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਕੋਈ ਵੀ ਦੁਕਾਨਦਾਰ ਯੂਰੀਆ ਖਾਦ ਨਾਲ ਹੋਰ ਸਾਮਾਨ ਨਹੀਂ ਵੇਚ ਸਕਦਾ। ਜੇਕਰ ਕੋਈ ਜਬਰੀ ਸਾਮਾਨ ਵੇਚਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।