ਯੂਕਰੇਨ ਨੂੰ ਸੰਯੁਕਤ ਰਾਸ਼ਟਰ ਦੇ ਸ਼ਾਸਨ ਅਧੀਨ ਰੱਖਿਆ ਜਾਵੇ: ਪੂਤਿਨ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਨਾਲ ਸ਼ਾਂਤੀ ਸਮਝੌਤੇ ਦਾ ਹੱਲ ਲੱਭਣ ਲਈ ਸ਼ੁੱਕਰਵਾਰ ਨੂੰ ਗੁਆਂਢੀ ਮੁਲਕ ਨੂੰ ਸੰਯੁਕਤ ਰਾਸ਼ਟਰ ਦੇ ਅਧੀਨ ਰੱਖਣ ਦੀ ਤਜਵੀਜ਼ ਪੇਸ਼ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਪੂਤਿਨ ਦਾ ਇਹ ਬਿਆਨ ਜੰਗ ਦੇ ਟੀਚਿਆਂ ਨੂੰ ਹਾਸਲ ਕਰਨ ਦੇ ਉਨ੍ਹਾਂ ਦੇ ਅਹਿਦ ਨੂੰ ਦਰਸਾਉਂਦਾ ਹੈ।
ਪੂਤਿਨ ਨੇ ਰੂਸੀ ਪਰਮਾਣੂ ਪਣਡੁੱਬੀ ਦੇ ਅਮਲੇ ਨੂੰ ਸੰਬੋਧਨ ਕਰਦਿਆਂ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦਾ ਕਾਰਜਕਾਲ ਪਿਛਲੇ ਸਾਲ ਖ਼ਤਮ ਹੋ ਗਿਆ ਹੈ ਅਤੇ ਉਨ੍ਹਾਂ ਕੋਲ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਕਰਨ ਦਾ ਅਧਿਕਾਰ ਨਹੀਂ ਹੈ। ਯੂਕਰੇਨ ਦੇ ਸੰਵਿਧਾਨ ਮੁਤਾਬਕ ਜਦੋਂ ਦੇਸ਼ ’ਚ ਮਾਰਸ਼ਲ ਲਾਅ ਲਾਗੂ ਹੋਵੇ ਤਾਂ ਆਮ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ ਹਨ।
ਪੂਤਿਨ ਨੇ ਦਾਅਵਾ ਕੀਤਾ ਕਿ ਯੂਕਰੇਨ ਦੀ ਮੌਜੂਦਾ ਸਰਕਾਰ ਨਾਲ ਕਿਸੇ ਵੀ ਸਮਝੌਤੇ ਨੂੰ ਉਸ ਦੇ ਜਾਨਸ਼ੀਨਾਂ ਵੱਲੋਂ ਚੁਣੌਤੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਬਾਹਰੀ ਅਥਾਰਿਟੀ ਅਧੀਨ ਹੀ ਨਵੀਆਂ ਚੋਣਾਂ ਕਰਾਈਆਂ ਜਾ ਸਕਦੀਆਂ ਹਨ ਅਤੇ ਸੰਯੁਕਤ ਰਾਸ਼ਟਰ ਤੋਂ ਵਧੀਆ ਹੋਰ ਕੋਈ ਸੰਗਠਨ ਨਹੀਂ ਹੈ। -ਏਪੀ