ਮੰਡੀਆਂ ’ਚ ਚੁਕਾਈ ਨਾ ਹੋਣ ਕਾਰਨ ਕਣਕ ਦੇ ਅੰਬਾਰ ਲੱਗੇ
ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਅਪਰੈਲ
ਸੰਗਰੂਰ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ ਲਗਪਗ 8.47 ਲੱਖ ਮੀਟਰਕ ਟਨ ਕਣਕ ਦੀ ਫਸਲ ਦੀ ਆਮਦ ਹੋ ਚੁੱਕੀ ਹੈ ਜਿਸ ’ਚੋਂ 8.42 ਲੱਖ ਮੀਟਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਭਾਵੇਂ ਕਿ ਕਣਕ ਦੀ ਆਮਦ ਤੋਂ ਬਾਅਦ ਨਾਲੋਂ ਨਾਲ ਖਰੀਦ ਦਾ ਕੰਮ ਜਾਰੀ ਹੈ ਪਰ ਲਿਫਟਿੰਗ ਦਾ ਕੰਮ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ ਜਿਸ ਕਾਰਨ ਖਰੀਦ ਹੋ ਚੁੱਕੀ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ 2 ਲੱਖ 94 ਹਜ਼ਾਰ 356 ਮੀਟਰਕ ਟਨ ਕਣਕ ਅੱਜ ਤੱਕ ਲਿਫਟਿੰਗ ਤੋਂ ਵਾਂਝੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੀਂਹ ਕਾਰਨ ਮੰਡੀਆਂ ਵਿੱਚ ਫ਼ਸਲ ਭਿੱਜ ਗਈ ਸੀ ਅਤੇ ਹੁਣ ਜੇਕਰ ਮੌਸਮ ਖਰਾਬ ਹੁੰਦਾ ਹੈ ਤਾਂ ਲਿਫ਼ਟਿੰਗ ਨਾ ਹੋਣ ਕਾਰਨ ਫ਼ਸਲ ਮੰਡੀਆਂ ਵਿੱਚ ਭਿੱਜ ਸਕਦੀ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀਆਂ ਕੁੱਲ 171 ਅਨਾਜ ਮੰਡੀਆਂ ਵਿਚ ਹੁਣ ਤੱਕ 8 ਲੱਖ 47 ਹਜ਼ਾਰ 800 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿਚੋਂ 8 ਲੱਖ 42 ਹਜ਼ਾਰ 569 ਮੀਟਰਕ ਟਨ ਕਣਕ ਦੀ ਖਰੀਦ ਹੋਈ ਹੈ। ਖਰੀਦ ਹੋ ਚੁੱਕੀ ਕਣਕ ’ਚੋ ਹੁਣ ਤੱਕ 5 ਲੱਖ 48 ਹਜ਼ਾਰ 213 ਮੀਟਰਕ ਟਨ ਕਣਕ ਦੀ ਲਿਫਟਿੰਗ ਹੋਈ ਹੈ ਜਦੋਂ ਕਿ 2 ਲੱਖ 94 ਹਜ਼ਾਰ 356 ਮੀਟਰਕ ਟਨ ਕਣਕ ਦੀ ਲਿਫਟਿੰਗ ਨਹੀਂ ਹੋਈ ਜੋ ਕਿ ਅਨਾਜ ਮੰਡੀਆਂ ’ਚ ਖੁੱਲ੍ਹੇ ਆਸਮਾਨ ਹੇਠ ਪਈ ਹੈ। ਹੁਣ ਤੱਕ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਵੱਖ -ਵੱਖ ਖਰੀਦ ਏਜੰਸੀਆਂ ਵਲੋਂ 6 ਲੱਖ 31 ਹਜ਼ਾਰ 834 ਮੀਟਰਕ ਟਨ ਕਣਕ ਖਰੀਦ ਕੀਤੀ ਹੈ ਜਿਸ ਵਿਚੋਂ ਪਨਗਰੇਨ ਵਲੋਂ ਸਭ ਤੋਂ ਵੱਲ 2 ਲੱਖ 59 ਹਜ਼ਾਰ 579 ਮੀਟਰਕ ਟਨ, ਮਾਰਕਫੈਡ ਵਲੋਂ 1 ਲੱਖ 85 ਹਜ਼ਾਰ 360 ਮੀਟਰਕ ਟਨ, ਪਨਸਪ ਵਲੋਂ 1 ਲੱਖ 21 ਹਜ਼ਾਰ 800 ਮੀਟਰਕ ਟਨ, ਵੇਅਰਹਾਊਸ ਵਲੋਂ 65095 ਮੀਟਰਕ ਟਨ ਕਣਕ ਖਰੀਦ ਕੀਤੀ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਵਪਾਰੀਆਂ ਵਲੋਂ ਹੁਣ ਤੱਕ 2 ਲੱਖ 10 ਹਜ਼ਾਰ 735 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਅਨਾਜ ਮੰਡੀਆਂ ਵਿੱਚ ਆਪਣੀ ਫਸਲ ਲਿਆਉਣ ਵਾਲੇ ਕਿਸਾਨਾਂ ਨੂੰ ਹਰ ਸੁਵਿਧਾ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਮਿਆਰੀ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਸੁਚੱਜੀ ਲਿਫਟਿੰਗ ਅਤੇ ਸਰਕਾਰ ਵੱਲੋਂ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਦਾਇਗੀ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।