ਮੌਸਮ ਦਾ ਮਿਜ਼ਾਜ: ਢਾਬੀ-ਗੁੱਜਰਾਂ ਬਾਰਡਰ ’ਤੇ ਉਸਾਰੇ ਜਾਣ ਲੱਗੇ ਸ਼ੈੱਡ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 26 ਦਸੰਬਰ
ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਢਾਬੀ ਗੁਜਰਾਂ ਬਾਰਡਰ ’ਤੇ ਕਿਸਾਨੀ ਮੰਗਾਂ ਮਨਵਾਉਣ ਲਈ ਅੰਦੋਲਨ ਦੇ ਚੱਲਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ੁਰੂ ਕੀਤੇ ਮਰਨ ਵਰਤ ਦੌਰਾਨ ਜਿੱਥੇ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ, ਉੱਥੇ ਅੰਦੋਲਨ ਵੀ ਪੂਰੀ ਤਰ੍ਹਾਂ ਭਖ ਗਿਆ ਹੈ। ਕਿਸਾਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਪ੍ਰਬੰਧਕਾਂ ਨੂੰ ਅਪੀਲ ਕਰ ਕੇ ਸਪੱਸ਼ਟ ਕਰਨਾ ਪਿਆ ਕਿ ਡੱਲੇਵਾਲ ਠੀਕ ਹਨ। ਇਸ ਦੌਰਾਨ ਪਿੰਡ ਸਧਾਰਨਪੁਰ ਦੇ ਵਾਸੀਆਂ ਨੇ ਬਾਰਡਰ ਉੱਤੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵੱਡਾ ਸ਼ੈੱਡ ਢਾਬੀ ਗੁੱਜਰਾਂ ਬਾਰਡਰ ਉੱਤੇ ਫਿੱਟ ਕਰਵਾ ਦਿੱਤਾ ਹੈ। ਸੋਮਵਾਰ ਨੂੰ ਬਾਰਡਰ ’ਤੇ ਹੋਈ ਬਰਸਾਤ ਮਗਰੋਂ ਪ੍ਰਬੰਧਕਾਂ ਨੇ ਧਰਨੇ ਵਾਲੀ ਥਾਂ ’ਤੇ ਕਿਸਾਨਾਂ ਦੇ ਦਿਨੋਂ-ਦਿਨ ਵਧਦੇ ਇਕੱਠ ਨੂੰ ਦੇਖਦਿਆਂ ਸਟੇਜ ਦੇ ਸਾਹਮਣੇ ਲੋਹੇ ਦਾ ਵੱਡਾ ਸ਼ੈੱਡ ਬਣਾਇਆ ਹੈ ਜਿਸ ਵਿੱਚ 5 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਸ ਤੋਂ ਇਲਾਵਾ ਲੰਗਰ ਅਤੇ ਰਾਸ਼ਣ ਰੱਖਣ ਵਾਸਤੇ ਸ਼ੈੱਡ ਉਸਾਰੇ ਜਾ ਰਹੇ ਹਨ। ਇਸ ਦੌਰਾਨ ਸਧਾਰਨਪੁਰ ਵਾਸੀ ਗੁਰਜਿੰਦਰ ਸਿੰਘ, ਗੁਰਜੰਟ ਸਿੰਘ ਸਧਾਰਨਪੁਰ, ਜਸਵਿੰਦਰ ਸਿੰਘ, ਗੋਵਿੰਦਪ੍ਰੀਤ ਸਿੰਘ, ਦਵਿੰਦਰ ਸਿੰਘ ਤੇ ਰਾਜੂ ਸਿੰਘ ਨੇ ਦੱਸਿਆ ਕਿ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਪਿੰਡ ਵਾਸੀਆਂ ਵੱਲੋਂ ਵਿਸ਼ਾਲ ਪੱਕਾ ਸ਼ੈੱਡ ਤਿਆਰ ਕੀਤਾ ਗਿਆ ਸੀ। ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਉਹ ਸ਼ੈੱਡ ਲਿਆ ਕੇ ਗੁਰਦੁਆਰਾ ਸਾਹਿਬ ਵਿੱਚ ਰੱਖ ਦਿੱਤਾ ਗਿਆ ਸੀ। ਹੁਣ ਢਾਬੀ ਗੁੱਜਰਾਂ ਬਾਰਡਰ ਉੱਤੇ ਕਿਸਾਨਾਂ ਦੀ ਵਧਦੀ ਆਮਦ ਨੂੰ ਦੇਖ ਕੇ ਫਿਟਿੰਗ ਕੀਤੀ ਜਾ ਰਹੀ ਹੈ ਤਾਂ ਕਿ ਬਰਸਾਤ ਤੇ ਹੱਡ ਚੀਰਵੀਂ ਠੰਢ ਵਿੱਚ ਕਿਸਾਨਾਂ ਨੂੰ ਦਿੱਕਤ ਨਾ ਆਵੇ। ਇਸੇ ਦੌਰਾਨ ਕਿਸਾਨ ਆਗੂ ਰਾਜ ਸਿੰਘ ਥੇੜੀ ਤੇ ਦਿਲਬਾਗ ਸਿੰਘ ਹਰੀਗੜ੍ਹ, ਯਾਦਵਿੰਦਰ ਸਿੰਘ ਬੂਰੜ ਨੇ ਸਧਾਰਨਪੁਰ ਵਾਸੀਆਂ ਦਾ ਸਵਾਗਤ ਕੀਤਾ ਹੈ।
ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਹਰਿਆਣਾ ਸਰਕਾਰ ਹਰਿਆਣਾ ਨੇ ਢਾਬੀ ਗੁਜਰਾਂ ਬਾਰਡਰ ’ਤੇ ਪਹੁੰਚਣ ਵਾਲੇ ਕਿਸਾਨਾਂ ਨੂੰ ਰੋਕਣ ਵਾਸਤੇ ਹਰਿਆਣਾ ਨੂੰ ਪੰਜਾਬ ਨਾਲ ਜੋੜਨ ਵਾਲੀਆਂ ਲਿੰਕ ਅਤੇ ਮੁੱਖ ਸੜਕਾਂ ਉੱਤੇ ਸੁਰੱਖਿਆ ਪ੍ਰਬੰਧ ਵਧਾਉਣ ਦੇ ਬਾਵਜੂਦ ਹਰਿਆਣਾ ਤੋਂ ਕਿਸਾਨ ਮੋਰਚੇ ਵਿੱਚ ਸ਼ਮੂਲੀਅਤ ਕਰ ਰਹੇ ਹਨ। ਇਸ ਬਾਰਡਰ ਉੱਤੇ ਪਹੁੰਚ ਰਹੀਆਂ ਔਰਤਾਂ ਵਿੱਚ 80 ਸਾਲਾਂ ਦੀ ਇੱਕ ਬਜ਼ੁਰਗ ਔਰਤ ਨੇ ਸ਼ਮੂਲੀਅਤ ਕਰਕੇ ਦਰ ਸਰਕਾਰ ਖਿਲਾਫ ਆਪਣਾ ਰੋਸ ਜ਼ਾਹਿਰ ਕਰਦਿਆਂ ਕਿਸਾਨ ਆਗੂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਹੈ। ਦੋਵੇਂ ਲੱਤਾਂ ਤੋਂ ਅਪਾਹਜ ਇਲੈਕਟ੍ਰਾਨਿਕ ਵਹੀਕਲ ਰਾਹੀਂ ਬਾਰਡਰ ’ਤੇ ਪਹੁੰਚੇ ਵਿਅਕਤੀ ਨੇ ਭਰੇ ਮਨ ਨਾਲ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਸਰਕਾਰ ਵੱਲੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਉਹ ਇੱਥੇ ਆਇਆ ਹੈ।