ਮੌਸਮੀ ਤਬਦੀਲੀ ਅਤੇ ਬਦਲ ਰਹੇ ਮੌਨਸੂਨ ਹਾਲਾਤ
ਡਾ. ਲਖਵੀਰ ਕੌਰ ਧਾਲੀਵਾਲ*, ਡਾ. ਪਵਨੀਤ ਕੌਰ ਕਿੰਗਰਾ**
ਮੌਨਸੂਨ ਨੂੰ ਭਾਰਤ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ, ਜਿੱਥੇ ਆਰਥਿਕਤਾ ਅਜੇ ਵੀ ਖੇਤੀਬਾੜੀ ’ਤੇ ਨਿਰਭਰ ਕਰਦੀ ਹੈ। ਖੇਤੀ ਉਤਪਾਦਨ ਵਿਚ ਮੌਨਸੂਨ ਦਾ ਮਹੱਤਵਪੂਰਨ ਯੋਗਦਾਨ ਹੈ। ਦੇਸ਼ ਦੇ ਕਰੀਬ 50 ਫ਼ੀਸਦੀ ਤੋਂ ਉੱਪਰ ਲੋਕ ਖੇਤੀ ਨਾਲ ਜੁੜੇ ਹੋਏ ਹਨ। ਦੇਸ਼ ਦਾ 63 ਫ਼ੀਸਦੀ ਹਿੱਸਾ ਫ਼ਸਲਾਂ ਦੀ ਬਿਜਾਈ ਲਈ ਸਿਰਫ਼ ਮੌਨਸੂਨ ’ਤੇ ਨਿਰਭਰ ਹੈ। ਪਿਛਲੇ ਕਈ ਸਾਲਾਂ ਤੋਂ ਮੌਨਸੂਨ ਵਰਖਾ ਦੀ ਮਾਤਰਾ ਅਤੇ ਵੰਡ, ਮੌਨਸੂਨ ਦੇ ਆਉਣ ਅਤੇ ਵਾਪਸੀ ਦੀਆਂ ਤਰੀਕਾਂ ਵਿੱਚ ਤਬਦੀਲੀਆਂ ਖੇਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ। ਮੌਨਸੂਨ ਵਰਖਾ ਦੀ ਵੰਡ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵੱਖ ਵੱਖ ਹੈ। ਸਾਡੇ ਦੇਸ਼ ਦੀ ਔਸਤਨ ਮੌਨਸੂਨ ਵਰਖਾ 870 ਮਿਲੀਮੀਟਰ ਹੈ ਅਤੇ ਪੰਜਾਬ ਦੀ ਔਸਤਨ ਮੌਨਸੂਨ ਵਰਖਾ 467 ਮਿਲੀਮੀਟਰ ਹੈ। ਦੇਸ਼ ਦਾ 30 ਫ਼ੀਸਦੀ ਹਿੱਸਾ ਜ਼ਿਆਦਾਤਰ ਸੋਕੇ ਦੀ ਮਾਰ ਹੇਠ ਰਹਿੰਦਾ ਹੈ।
ਮੌਨਸੂਨ ਪੌਣਾਂ ਅਜਿਹੀਆਂ ਰੁੱਤਵਾਰ ਪੌਣਾਂ ਹਨ ਜੋ ਰੁੱਤ ਬਦਲਣ ਨਾਲ ਆਪਣੀ ਦਿਸ਼ਾ ਬਦਲ ਲੈਂਦੀਆਂ ਹਨ। ਗਰਮੀ ਰੁੱਤ ਦੀ ਆਮਦ ਤੋਂ ਬਾਅਦ, ਉੱਤਰ-ਪੱਛਮੀ ਭਾਰਤ ਵਿਚ ਪੱਛਮੀ ਪੌਣਾਂ ਦੀ ਜਗ੍ਹਾ ਪੂਰਬੀ ਪੌਣਾਂ ਲੈ ਲੈਂਦੀਆਂ ਹਨ। ਅਪਰੈਲ, ਮਈ ਅਤੇ ਜੂਨ ਦੇ ਮਹੀਨਿਆਂ ਵਿਚ ਉੱਤਰ-ਪੱਛਮੀ ਭਾਰਤ ਵਿਚ ਬਹੁਤ ਗਰਮੀ ਪੈਂਦੀ ਹੈ, ਜਿਸ ਕਾਰਨ ਉੱਤਰ-ਪੱਛਮੀ ਭਾਰਤ ਅਤੇ ਨਾਲ ਲਗਦੇ ਪਾਕਿਸਤਾਨੀ ਇਲਾਕਿਆਂ ਵਿਚ ਹਵਾ ਦਾ ਦਬਾਅ ਘਟ ਜਾਂਦਾ ਹੈ। ਪਰ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਤਾਪਮਾਨ ਘੱਟ ਹੁੰਦਾ ਹੈ, ਜਿਸ ਕਾਰਨ ਉੱਥੇ ਹਵਾ ਦਾ ਦਬਾਅ ਵਧ ਜਾਂਦਾ ਹੈ। ਪੌਣਾਂ ਵੱਧ ਦਬਾਅ ਤੋਂ ਘੱਟ ਦਬਾਅ ਦੇ ਖੇਤਰ ਵੱਲ ਜਾਂਦੀਆਂ ਹਨ, ਇਸ ਲਈ ਗਰਮੀ ਦੀ ਰੁੱਤ ਵਿਚ ਇਹ ਪੌਣਾਂ ਸਮੁੰਦਰ ਤੋਂ ਧਰਤੀ ਵੱਲ ਨੂੰ ਚੱਲਦੀਆਂ ਹਨ। ਸਮੁੰਦਰ ਤੋਂ ਉੱਠਣ ਕਾਰਨ ਇਨ੍ਹਾਂ ਵਿਚ ਨਮੀ ਚੰਗੀ ਮਾਤਰਾ ਵਿਚ ਹੁੰਦੀ ਹੈ ਅਤੇ ਇਹ ਸਾਰੇ ਦੇਸ਼ ਵਿੱਚ ਬਾਰਸ਼ ਲਿਆਉਂਦੀਆਂ ਹਨ।
ਭਾਰਤੀ ਮੌਨਸੂਨ ਨੂੰ ਪ੍ਰਭਾਵਿਤ ਕਰਨ ਵਾਲੇ ਸਥਾਨਕ ਤੇ ਆਲਮੀ ਕਈ ਕਾਰਨ ਹਨ। ਮੌਨਸੂਨ ਵੱਡੇ ਪੈਮਾਨੇ ’ਤੇ ਮੌਸਮ ਦੇ ਪੈਟਰਨਾਂ ਜਿਵੇਂ ਕਿ ਐਲਨੀਨੋ ਦੱਖਣੀ ਓਸੀਲੇਸ਼ਨ ਅਤੇ ਹਿੰਦਮਹਾਂਸਾਗਰ ਦੱਖਣੀ ਡਾਈਪੋਲ ਦੁਆਰਾ ਵੀ ਪ੍ਰਭਾਵਿਤ ਹੁੰਦਾ ਹੈ। ਇੱਕ ਐਲਨੀਨੋ ਘਟਨਾ ਦੇ ਦੌਰਾਨ ਭੂ-ਮੱਧ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਮੁੰਦਰ ਦੀ ਸਤ੍ਵਾ ਦਾ ਤਾਪਮਾਨ ਆਮ ਨਾਲੋਂ ਵੱਧ ਹੁੰਦਾ ਹੈ ਜਿਸ ਕਾਰਨ ਵਾਯੂਮੰਡਲ ਦੇ ਸਰਕੂਲੇਸ਼ਨ ਪੈਟਰਨਾਂ ਵਿਚ ਤਬਦੀਲੀਆਂ ਆ ਸਕਦੀਆਂ ਹਨ। ਮੌਨਸੂਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਨਾਂ ਵਿਚੋਂ ਸਭ ਤੋਂ ਅਹਿਮ ਐਲਨੀਨੋ ਨੂੰ ਮੰਨਿਆ ਜਾਂਦਾ ਹੈ। ਆਮ ਤੌਰ ’ਤੇ ਹਰ ਤਿੰਨ ਤੋਂ ਅੱਠ ਸਾਲਾਂ ਦੇ ਵਕਫ਼ੇ ’ਤੇ ਸਮੁੰਦਰ ਅਤੇ ਜਲਵਾਯੂ ਵਿੱਚ ਇਹ ਉਥਲ-ਪੁਥਲ ਹੁੰਦੀ ਹੈ। ਪ੍ਰਸ਼ਾਤ ਮਹਾਂਸਾਗਰ ਦੇ ਪੂਰਬੀ ਹਿੱਸੇ ਨੂੰ ਇਸ ਦਾ ਉਤਪਤੀ ਸਥਾਨ ਮੰਨਿਆ ਜਾਂਦਾ ਹੈ ਅਤੇ ਇਸ ਦਾ ਪ੍ਰਭਾਵ ਧਰਤੀ ਦੇ ਹਰ ਹਿੱਸੇ ਉੱਪਰ ਦੇਖਿਆ ਜਾਂਦਾ ਹੈ। ਐਲਨੀਨੋ ਦੇ ਬਿਲਕੁੱਲ ਉਲਟ ਇੱਕ ਪ੍ਰਕਿਰਿਆ ਹੈ ਜਿਸ ਨੂੰ ਲਾ-ਨੀਨਾ ਕਿਹਾ ਜਾਂਦਾ ਹੈ, ਜਿਸ ਦੌਰਾਨ ਪ੍ਰਸ਼ਾਤ ਮਹਾਂਸਾਗਰ ਦੇ ਮੱਧ ਅਤੇ ਪੱਛਮੀ ਭਾਗਾਂ ਵਿੱਚ ਸਤ੍ਵਾ ਦਾ ਤਾਪਮਾਨ ਔਸਤਨ ਨਾਲੋਂ ਘਟ ਜਾਂਦਾ ਹੈ। ਐਲਨੀਨੋ ਅਤੇ ਲਾ-ਨੀਨਾ ਕਾਰਨ ਧਰਤੀ ਉਪਰ ਹਵਾ ਦੇ ਦਬਾਅ ਵਿੱਚ ਹੋਣ ਵਾਲੇ ਉਤਾਰ ਚੜ੍ਹਾ ਨੂੰ ਐਨਸੋ (ENSOO) ਕਿਹਾ ਜਾਂਦਾ ਹੈ। ਇਹ ਤਿੰਨ ਤੱਤ ਐਲਨੀਨੋ, ਲਾ-ਨੀਨਾ ਅਤੇ ਐਨਸੋ ਭਾਰਤੀ ਮੌਨਸੂਨ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਆਮ ਤੌਰ ’ਤੇ ਐਲਨੀਨੋ ਸਾਲਾਂ ਦੌਰਾਨ ਭਾਰਤੀ ਮੌਨਸੂਨ ਕਮਜ਼ੋਰ ਰਹਿੰਦੀ ਹੈ ਅਤੇ ਲਾ-ਨੀਨਾ ਸਾਲਾਂ ਦੌਰਾਨ ਹੜ੍ਹਾਂ ਵਰਗੀ ਸਥਿਤੀ ਹੋ ਜਾਂਦੀ ਹੈ। ਹਿੰਦਮਹਾਂਸਾਗਰ ਦੱਖਣੀ ਡਾਈਪੋਲ (IOD) ਇੱਕ ਹੋਰ ਜਲਵਾਯੂ ਪੈਟਰਨ ਹੈ ਜੋ ਭਾਰਤੀ ਮੌਨਸੂਨ ਨੂੰ ਪ੍ਰਭਾਵਿਤ ਕਰਦਾ ਹੈ।
ਜਲਵਾਯੂ ਪਰਿਵਰਤਨ ਦਾ ਮੌਨਸੂਨ ’ਤੇ ਪ੍ਰਭਾਵ: ਪਿਛਲੇ ਕੁਝ ਕੁ ਸਾਲਾਂ ਦੌਰਾਨ ਮੌਨਸੂਨ ਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੇ ਮੌਨਸੂਨ ਸੀਜ਼ਨ ਦੀ ਬਾਰਸ਼ ਨੂੰ ਵਧੇਰੇ ਅਨਿਯਮਤ ਕਰ ਦਿੱਤਾ ਹੈ। ਭਾਵੇਂ ਮੌਨਸੂਨ ਸੀਜਨ ਦੌਰਾਨ ਬਾਰਸ਼ ਦੀ ਸਮੁੱਚੀ ਮਾਤਰਾ ਵਿੱਚ ਕੋਈ ਜ਼ਿਆਦਾ ਕਮੀਂ ਨਹੀਂ ਆਈ ਪਰ ਬਾਰਸ਼ ਦੇ ਸਮੇਂ ਅਤੇ ਵੰਡ ਵਿਚ ਵਧੇਰੇ ਤਬਦੀਲੀਆਂ ਆਈਆਂ ਹਨ। ਪੁਰਾਣੇ ਸਮਿਆਂ ਵਿੱਚ ਮੌਨਸੂਨ ਸੀਜਨ ਕੇਵਲ ਜੂਨ ਤੋਂ ਸਤੰਬਰ ਤੱਕ ਹੀ ਚੱਲਦਾ ਸੀ ਪਰ ਹੁਣ ਕਈ ਵਾਰ ਇਹ ਸੀਜਨ ਖ਼ਤਮ ਵੀ ਅਕਤੂਬਰ ਵਿੱਚ ਹੁੰਦਾ ਹੈ। ਇਹ ਸਭ ਜਲਵਾਯੂ ਪਰਿਵਰਤਨ ਕਰ ਕੇ ਹੋ ਸਕਦੀ ਹੈ ਕਿਉਂਕਿ ਗਲੋਬਲ ਤਾਪਮਾਨ ਵਿਚ ਵਾਧਾ ਵਾਯੂਮੰਡਲ ਵਿਚ ਸਰਕੂਲੇਸ਼ਨ ਪੈਟਰਨ ਨੂੰ ਬਦਲ ਸਕਦਾ ਹੈ। ਇਸ ਤੋਂ ਇਲਾਵਾ, ਜ਼ਮੀਨ ਦੀ ਵਰਤੋਂ ਅਤੇ ਹੋਰ ਮਨੁੱਖੀ ਗਤੀਵਿਧੀਆਂ ਵਿਚ ਤਬਦੀਲੀਆਂ ਵੀ ਮੌਨਸੂਨ ਨੂੰ ਪ੍ਰਭਾਵਿਤ ਕਰਦੀਆਂ ਹਨ।
ਪੰਜਾਬ ਵਿਚ ਮੌਨਸੂਨ ਸਬੰਧੀ ਤੱਥ: ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅਨੁਸਾਰ ਪੰਜਾਬ ਵਿੱਚ ਸੰਨ 1901-2022 ਦੌਰਾਨ 35 ਸਾਲ ਘੱਟ ਬਾਰਸ਼ ਵਾਲੇ ਰਿਕਾਰਡ ਕੀਤੇ ਗਏ। ਪੰਜਾਬ ਵਿਚ ਪਿਛਲੇ ਦੋ ਦਹਾਕਿਆਂ ਵਿੱਚ ਘੱਟ ਮੌਨਸੂਨ ਬਾਰਸ਼ ਵਾਲੇ ਸਾਲਾਂ ਦੀ ਗਿਣਤੀ ਵਧੀ ਹੀ ਹੈ। ਸੰਨ 2000-2022 ਬਹੁਤੇ ਸਾਲਾਂ ਵਿਚ ਬਾਰਸ਼ ਸਾਧਾਰਨ (19 ਫ਼ੀਸਦੀ) ਤੋਂ ਘੱਟ ਰਿਕਾਰਡ ਕੀਤੀ ਗਈ। ਕੁੱਲ ਮਿਲਾ ਕੇ ਇਸ ਅਰਸੇ ਦੌਰਾਨ ਘੱਟ ਬਾਰਸ਼ ਵਾਲੇ ਸਾਲਾਂ ਦੀ ਗਿਣਤੀ 10 ਸੀ ਜਿਨ੍ਹਾਂ ਵਿਚੋਂ 2014 (50 ਫ਼ੀਸਦੀ ਘੱਟ), 2012 (46 ਫ਼ੀਸਦੀ ਘੱਟ), ਅਤੇ 2004 (44 ਫ਼ੀਸਦੀ) ਸਾਲਾਂ ਵਿੱਚ ਸੋਕੇ ਵਾਲੇ ਹਾਲਾਤ ਪੈਦਾ ਹੋ ਗਏ ਸਨ।
ਪੰਜਾਬ ਵਿਚ ਸਾਧਾਰਨ ਨਾਲੋਂ ਘੱਟ ਮੌਨਸੂਨ ਬਾਰਸ਼ ਵਾਲੇ ਸਾਲ: ਆਮ ਕਰ ਕੇ ਮੌਨਸੂਨ ਪੰਜਾਬ ਵਿਚ 30 ਜੂਨ (+3-4 ਦਿਨ) ਨੂੰ ਪਹੁੰਚਦੀ ਸੀ ਪਰ ਕੁਝ ਸਾਲਾਂ ਜਿਵੇਂ 2002, 2017 ਅਤੇ 2019 ਵਿੱਚ ਇਹ 15 ਦਿਨ ਦੇਰੀ ਨਾਲ ਪਹੁੰਚੀ। 2020, 2021, 2022 ਅਤੇ 2023 ਦੌਰਾਨ ਮੌਨਸੂਨ ਆਪਣੇ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਈ। ਮੌਨਸੂਨ ਦੀ ਵਾਪਸੀ ਆਮ ਕਰ ਕੇ 15 ਸਤੰਬਰ ਦੇ ਨੇੜੇ ਹੁੰਦੀ ਸੀ ਪਰ ਪਿਛਲੇ ਕੁਝ ਸਾਲਾਂ ਦੌਰਾਨ ਇਹ ਦੇਖਣ ਵਿਚ ਆਇਆ ਹੈ ਕਿ ਮੌਨਸੂਨ ਦੀ ਵਾਪਸੀ ਕਈ ਵਾਰ ਅਕਤੂਬਰ ਵਿਚ ਹੀ ਹੋਈ ਹੈ। ਆਈਐੱਮਡੀ ਨੇ ਹੁਣ ਸਾਰੇ ਦੇਸ਼ ਲਈ ਮੌਨਸੂਨ ਦੇ ਆਉਣ ਅਤੇ ਵਾਪਸ ਜਾਣ ਦੀਆਂ ਦੀਆਂ ਨਵੀਆਂ ਤਰੀਕਾਂ ਦਿੱਤੀਆਂ ਹਨ। ਆਈ.ਐੱਮ.ਡੀ (2020) ਦੀ ਇੱਕ ਹੋਰ ਰਿਪੋਰਟ ਮੁਤਾਬਿਕ ਪਿਛਲੇ 30 ਸਾਲਾਂ (1989-2018) ਦਾ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ ਮੌਨਸੂਨ ਬਾਰਸ਼ ਦਾ ਪੰਜਾਬ ਵਿੱਚ ਜੂਨ ਅਤੇ ਸਤੰਬਰ ਵਿਚ ਵਾਧਾ ਰਿਕਾਰਡ ਕੀਤਾ ਗਿਆ ਹੈ ਜਦੋਂਕਿ ਜੁਲਾਈ ਅਤੇ ਅਗਸਤ ਵਿਚ ਬਾਰਸ਼ ਘੱਟ ਰਹੀ ਹੈ।
ਖੇਤੀ ਉਤਪਾਦਨ ਤੇ ਪ੍ਰਭਾਵ: ਮੌਨਸੂਨ ਭਾਰਤ ਵਿਚ ਖੇਤੀਬਾੜੀ ਲਈ ਮਹੱਤਵਪੂਰਨ ਹੈ। ਬਦਲ ਰਹੇ ਬਾਰਸ਼ ਦੇ ਪੈਟਰਨ ਅਤੇ ਤਾਪਮਾਨ ਵਿਚ ਤਬਦੀਲੀਆਂ ਫ਼ਸਲਾਂ ਦੀ ਪੈਦਾਵਾਰ ਨੂੰ ਪ੍ਰਭਾਵਿਤ ਕਰਨਗੇ। ਮੌਨਸੂਨ ਸਾਡੇ ਦੇਸ਼ ਦੇ ਕਈ ਹਿੱਸਿਆਂ ਵਿਚ ਪਾਣੀ ਦਾ ਮੁੱਖ ਸਰੋਤ ਹੈ। ਖੇਤੀਬਾੜੀ ਖੇਤਰ ਜੀਡੀਪੀ ਵਿਚ ਲਗਪਗ 18 ਫ਼ੀਸਦੀ ਯੋਗਦਾਨ ਪਾਉਂਦਾ ਹੈ। ਅਰਥ-ਸ਼ਾਸਤਰ ਮਾਹਿਰਾਂ ਅਨੁਸਾਰ ਬਾਰਸ਼ ਵਿੱਚ 1 ਫ਼ੀਸਦੀ ਕਮੀ ਨਾਲ ਜੀਡੀਪੀ 0.35 ਫ਼ੀਸਦੀ ਘਟ ਜਾਂਦੀ ਹੈ। ਦੇਸ਼ ’ਚ ਸਾਉਣੀ ਦੀਆਂ ਫ਼ਸਲਾਂ ਦੱਖਣ-ਪੱਛਮੀ ਮੌਨਸੂਨ ’ਤੇ ਹੀ ਨਿਰਭਰ ਕਰਦੀਆਂ ਹਨ।
ਧਰਤੀ ਹੇਠਲੇ ਪਾਣੀ ਦੇ ਪੱਧਰ ’ਤੇ ਅਸਰ: ਸੋਕੇ ਵਾਲੇ ਹਾਲਾਤ ਵਿੱਚ ਫ਼ਸਲਾਂ ਦੀ ਸਿੰਜਾਈ ਲਈ ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਮਾੜੀ ਮੌਨਸੂਨ ਵਾਲੀ ਸਥਿਤੀ ਵਿਚ ਗਰਾਊਂਡ ਵਾਟਰ ਰੀਚਾਰਜ ਨਹੀਂ ਹੁੰਦਾ ਜਿਸ ਕਾਰਨ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ। ਪੰਜਾਬ ਦੇ ਪਹਿਲਾਂ ਹੀ 150 ਬਲਾਕਾਂ ਵਿਚੋਂ 117 ਬਲਾਕ ਡਾਰਕ ਜ਼ੋਨ ਬਣ ਗਏ ਹਨ।
ਕਣਕ ਦੀ ਬਿਜਾਈ ’ਤੇ ਅਸਰ: ਆਮ ਕਰ ਕੇ ਦੇਖਿਆ ਹੈ ਕਿ ਅਕਤੂਬਰ ਮਹੀਨੇ ਵਿਚ ਬੇਮੌਸਮੀ ਬਾਰਸ਼ਾਂ ਜਾਂ ਮੌਨਸੂਨ ਦੀ ਦੇਰੀ ਨਾਲ ਵਾਪਸੀ (2019 ਵਿਚ ਵਾਪਸੀ 10 ਅਕਤੂਬਰ ਅਤੇ 2021 ਵਿਚ 8 ਅਕਤੂਬਰ ਅਤੇ ਸਤੰਬਰ, 2022 ਵਿਚ ਅਖਰੀਲੇ ਹਫ਼ਤੇ ਬਾਰਸ਼) ਕਾਰਨ ਪੰਜਾਬ ਵਿਚ ਝੋਨੇ ਦੀ ਕਟਾਈ ਲੇਟ ਹੋ ਗਈ ਸੀ। ਝੋਨੇ ਦੀ ਲੇਟ ਕਟਾਈ ਕਾਰਨ ਵੀ ਕਣਕ ਦੀ ਬਿਜਾਈ ਦਾ ਸਮਾਂ ਵਿਚ ਵੀ ਸਮਾਂ ਥੋੜ੍ਹਾ ਰਹਿ ਜਾਂਦਾ ਹੈ।
*ਜਲਵਾਯੂ ਪਰਿਵਰਤਨ, **ਖੇਤੀ ਮੌਸਮ ਸਕੂਲ, ਪੀਏਯੂ, ਲੁਧਿਆਣਾ।
ਸੰਪਰਕ: 94636-64096