ਮੋਟਰਸਾਈਕਲ ਖੋਹਣ ਆਇਆ ਲੁਟੇਰਾ ਜ਼ਖ਼ਮੀ
ਪੱਤਰ ਪ੍ਰੇਰਕ
ਤਰਨ ਤਾਰਨ, 29 ਦਸੰਬਰ
ਸਰਹੱਦੀ ਖੇਤਰ ਦੇ ਪਿੰਡ ਰਾਮਖਾਰਾ ਨੇੜੇ ਬੀਤੀ ਸ਼ਾਮ ਇਕ ਰਾਹਗੀਰ ਨੂੰ ਲੁੱਟਣ ਵਾਲੇ ਦੋ ਹਥਿਆਰਬੰਦ ਲੁਟੇਰਿਆਂ ’ਚੋਂ ਇਕ ਲੁਟੇਰਾ ਰਾਹਗੀਰ ਵੱਲੋਂ ਹੱਥੋਪਾਈ ਕਰਨ ’ਤੇ ਆਪਣੀ ਹੀ ਰਾਈਫ਼ਲ ’ਚੋਂ ਗੋਲੀ ਚੱਲਣ ’ਤੇ ਜ਼ਖ਼ਮੀ ਹੋ ਗਿਆ। ਗੋਲੀ ਲੁਟੇਰੇ ਦੇ ਪੈਰ ’ਤੇ ਲੱਗੀ ਅਤੇ ਲੁਟੇਰੇ ਆਪਣੀ ਡਬਲ ਬੈਰਲ ਗੰਨ ਮੌਕੇ ’ਤੇ ਸੁੱਟ ਕੇ ਫਰਾਰ ਹੋ ਗਏ।
ਰਾਹਗੀਰ ਮਨਪ੍ਰੀਤ ਸਿੰਘ ਵਾਸੀ ਪੁੰਨੀਆਂ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਇਲਾਕੇ ਦੇ ਪਿੰਡ ਮਨਾਵਾਂ ਤੋਂ ਆਪਣੇ ਘਰ ਨੂੰ ਪਰਤ ਰਿਹਾ ਸੀ। ਉਸ ਨੂੰ ਵਲਟੋਹਾ ਵਾਲੇ ਪਾਸਿਓਂ ਇਕ ਮੋਟਰ ਸਾਈਕਲ ’ਤੇ ਆਏ ਦੋ ਲੁਟੇਰਿਆਂ ਰੋਕ ਲਿਆ| ਲੁਟੇਰੇ ਉਸ ਨੂੰ ਗੋਲੀ ਮਾਰਨ ਲੱਗੇ ਤਾਂ ਉਸ ਨੇ ਆਪਣਾ ਬਚਾਅ ਕਰਨ ਲਈ ਰੋਕਣ ਦੀ ਕੋਸ਼ਿਸ਼ ਕੀਤੀ।
ਇਸੇ ਦੌਰਾਨ ਦੋਹਾਂ ਧਿਰਾਂ ਦਰਮਿਆਨ ਹੱਥੋਪਾਈ ਹੋਣ ’ਤੇ ਲੁਟੇਰਿਆਂ ਦੀ ਰਾਈਫਲ ਦੀ ਗੋਲੀ ਇਕ ਲੁਟੇਰੇ ਦੇ ਪੈਰ ’ਤੇ ਲੱਗ ਗਈ। ਥਾਣਾ ਪੱਟੀ ਸਦਰ ਦੇ ਏਐੱਸਆਈ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਪੱਟੀ ਸਦਰ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ।
ਲੁਟੇਰਿਆਂ ਨੇ ਦੋ ਰਾਹਗੀਰਾਂ ਨੂੰ ਜ਼ਖਮੀ ਕੀਤਾ
ਇਕ ਹੋਰ ਸੂਚਨਾ ਅਨੁਸਾਰ ਬੀਤੀ ਸ਼ਾਮ ਹੀ ਚਾਰ ਲੁਟੇਰਿਆਂ ਨੇ ਪੱਟੀ ਇਲਾਕੇ ਦੇ ਪਿੰਡ ਬਾਹਮਣੀਵਾਲਾ ਨੇੜੇ ਦੋ ਰਾਹਗੀਰਾਂ ਨੂੰ ਦਾਤਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਘਰਾਂ ਆਦਿ ਤੇ ਪਲੰਬਰ ਦਾ ਕੰਮ ਕਰਦੇ ਜ਼ਖ਼ਮੀ ਹੋਏ ਹਰਮਨਪ੍ਰੀਤ ਸਿੰਘ ਵਾਸੀ ਗੰਡੀਵਿੰਡ ਸਰਾਂ ਅਤੇ ਉਸਦਾ ਸਾਥੀ ਹਰਪ੍ਰੀਤ ਸਿੰਘ ਵਾਸੀ ਉਬੋਕੇ ਪੱਟੀ ਸ਼ਹਿਰ ਤੋਂ ਆਪਣਾ ਕੰਮ ਖਤਮ ਕਰਕੇ ਇਕ ਮੋਟਰ ਸਾਈਕਲ ਤੇ ਘਰਾਂ ਨੂੰ ਪਰਤ ਰਹੇ ਸਨ। ਲੁਟੇਰੇ ਰਾਹਗੀਰਾਂ ਦਾ ਮੋਟਰਸਾਈਕਲ ਖੋਹ ਕੇ ਲੈ ਗਏ। ਇਸ ਸਬੰਧੀ ਥਾਣਾ ਪੱਟੀ ਸਿਟੀ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ।