ਮੈਗਾਵਾਟ ਯੂਨਿਟ ਦੇ ਨਿਰਮਾਣ ਲਈ ਰੁੱਖ ਕੱਟੇ ਜਾਣ ’ਤੇ ਚਿੰਤਾ ਪ੍ਰਗਟਾਈ
ਪੱਤਰ ਪ੍ਰੇਰਕ
ਯਮੁਨਾਨਗਰ, 22 ਅਪਰੈਲ
ਇੱਥੋਂ ਦੇ ਸਰ ਛੋਟੂ ਰਾਮ ਥਰਮਲ ਪਾਵਰ ਪਲਾਂਟ ਨੇੜੇ ਜਿਸ ਥਾਂ ’ਤੇ 800 ਮੈਗਾਵਾਟ ਦੀ ਨਵੀਂ ਯੂਨਿਟ ਸਥਾਪਤ ਕੀਤੀ ਜਾਣੀ ਹੈ, ਉੱਥੇ ਇਸ ਵੇਲੇ ਹਜ਼ਾਰਾਂ ਰੁੱਖ ਲਗਾਏ ਗਏ ਹਨ। ਨਵੀਂ ਯੂਨਿਟ ਦੇ ਨਿਰਮਾਣ ਲਈ 8500 ਰੁੱਖ ਕੱਟਣ ਦਾ ਪ੍ਰਸਤਾਵ ਹੈ, ਜਿਸ ਲਈ ਬਿਜਲੀ ਨਿਗਮ ਨੇ ਜੰਗਲਾਤ ਵਿਭਾਗ ਤੋਂ ਇਜਾਜ਼ਤ ਲੈਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ । ਰੁੱਖਾਂ ਦੇ ਕੱਟਣ ਦੀ ਖ਼ਬਰ ’ਤੇ ਵਾਤਾਵਰਨ ਪ੍ਰੇਮੀਆਂ ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਮੁਤਾਬਕ ਵਾਤਾਵਰਨ ਵਿੱਚ ਵਧ ਰਹੇ ਅਸੰਤੁਲਨ ਕਾਰਨ ਹਰ ਰੋਜ਼ ਨਵੇਂ ਨੁਕਸਾਨਦੇਹ ਪ੍ਰਭਾਵ ਸਾਹਮਣੇ ਆ ਰਹੇ ਹਨ । ਯਮੁਨਾਨਗਰ ਦੇ ਗ੍ਰੀਨਮੈਨ ਪ੍ਰੋਫੈਸਰ ਐੱਸਐੱਲ ਸੈਣੀ ਦਾ ਕਹਿਣਾ ਹੈ ਕਿ ਹਾਲ ਵਿੱਚ ਹੀ ਜੰਮੂ-ਕਸ਼ਮੀਰ ਖੇਤਰ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ। ਹਿਮਾਚਲ ਅਤੇ ਉਤਰਾਖੰਡ ਵਿੱਚ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਅਜਿਹੇ ਹਾਦਸੇ ਆਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਭ ਕੁਝ ਜਾਣਦੇ ਹੋਏ, ਬਿਨਾਂ ਸੋਚੇ-ਸਮਝੇ ਹਜ਼ਾਰਾਂ ਰੁੱਖਾਂ ਨੂੰ ਇਸ ਤਰ੍ਹਾਂ ਕੱਟਣ ਦਾ ਫੈਸਲਾ ਲੈਣਾ ਠੀਕ ਨਹੀਂ ਹੈ। ਵਾਤਾਵਰਨ ਪ੍ਰੇਮੀ ਅਤੇ ਸਿੱਖਿਆ ਸ਼ਾਸਤਰੀ ਗੋਬਿੰਦ ਸਿੰਘ ਭਾਟੀਆ ਦਾ ਕਹਿਣਾ ਹੈ ਕਿ ਭਾਵੇਂ ਇਹ ਪਾਵਰ ਪਲਾਂਟ ਬਿਜਲੀ ਪੈਦਾ ਕਰੇਗਾ ਜਿਸ ਦਾ ਲਾਭ ਸੂਬੇ ਦੇ ਲੋਕਾਂ ਨੂੰ ਹੋਵੇਗਾ, ਪਰ ਵਾਤਾਵਰਨ ਦੀ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਹਜ਼ਾਰਾਂ ਰੁੱਖਾਂ ਦੀ ਬਲੀ ਦੇਣਾ ਵਿਵਹਾਰਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰੁੱਖ ਲਗਾਉਣ ਵਰਗੇ ਪ੍ਰੋਗਰਾਮ ਸਾਲ ਦੇ 365 ਦਿਨ ਚਲਾਏ ਜਾਂਦੇ ਹਨ ਪਰ ਇੱਕੋ ਵਾਰ 8500 ਰੁੱਖ ਕੱਟਣ ਦਾ ਫੈਸਲਾ ਬਹੁਤ ਹੀ ਨਿਰਾਸ਼ਾਜਨਕ ਲਗ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ’ਤੇ ਨਜ਼ਰਸਾਨੀ ਕਰਕੇ ਕੋਈ ਵਿਚਲਾ ਰਸਤਾ ਲੱਭਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਜਿਸ ਨਾਲ ਤਰੱਕੀ ਵੀ ਹੋਵੇ ਅਤੇ ਵਾਤਾਵਰਨ ਵੀ ਬਚ ਸਕੇ ।