ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੇਰੀ ਚੇਤਨਾ ਨਿੱਜ ਤੋਂ ਪਰ ਦਾ ਸਫ਼ਰ ਹੈ

06:35 AM Aug 06, 2023 IST

ਡਾ. ਵਨੀਤਾ

ਮੈਂ ਸ਼ਾਇਰਾ ਹਾਂ ਅਤੇ ਮੇਰੇ ਸੱਤ ਕਾਵਿ ਸੰਗ੍ਰਹਿ ਹੁਣ ਤੱਕ ਪ੍ਰਕਾਸ਼ਿਤ ਹੋ ਚੁੱਕੇ ਹਨ ਜੋ ‘ਕਵਿਤਾ ਦੇ ਨਾਲ-ਨਾਲ’ ਵਿਚ ਪਿਛਲੇ ਸਾਲ ਨਵਯੁਗ ਤੋਂ ਇਕੱਠੇ ਛਪੇ ਹਨ। ਮੈਂ ਰਿਟਾਇਰਡ ਪ੍ਰੋਫੈਸਰ, ਆਲੋਚਕ, ਅਨੁਵਾਦਕ, ਸੰਪਾਦਕ ਅਤੇ ਆਮ ਜਿਹੀ ਘਰੇਲੂ ਔਰਤ ਹਾਂ। ਵਿਸ਼ਵੀ ਚੇਤਨਾ, ਉਤਰ-ਆਧੁਨਿਕਤਾ, ਸੂਫ਼ੀਵਾਦ, ਗੁਰਬਾਣੀ ਅਧਿਐਨ, ਨਾਰੀਵਾਦ ਅਤੇ ਆਲੋਚਨਾਤਮਕ ਲੇਖ ਮੇਰੇ ਮੂਲ ਸਰੋਕਾਰ ਹਨ। ਮੈਂ 14 ਵਰ੍ਹਿਆਂ ਦੀ ਉਮਰ ਵਿਚ ਪਹਿਲੀ ਕਵਿਤਾ ਲਿਖੀ ‘ਡੁੱਲ੍ਹ ਡੁੱਲ੍ਹ ਪੈਂਦੀਆਂ ਅੱਖਾਂ’ ਜੋ ਗੁਰਬਖਸ਼ ਸਿੰਘ ਹੋਰਾਂ ਦੇ ਪ੍ਰੀਤਲੜੀ ਵਿਚ ਛਪੀ। ਮੈਂ 15 ਸਾਲ ਦੀ ਉਮਰ ਵਿਚ ਕਵਿਤਾ ‘ਪ੍ਰਦਰਸ਼ਨੀ’ ਲਿਖੀ ਜੋ ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਵੀ ਹੋਈ। ਬਚਪਨ ਦੀਆਂ ਇਨ੍ਹਾਂ ਦੋ ਕਵਿਤਾਵਾਂ ਦਾ ਜ਼ਿਕਰ ਕਰਨ ਦਾ ਮੇਰਾ ਮਕਸਦ ਸਿਰਫ਼ ਇਹੀ ਹੈ ਕਿ ਇਨ੍ਹਾਂ ਵਿਚ ਸਮਾਜਿਕ ਅਨਿਆਂ ਅਤੇ ਔਰਤਾਂ ਨਾਲ ਹੁੰਦੇ ਦੁਰਵਿਹਾਰ, ਉਨ੍ਹਾਂ ਨੂੰ ਵਸਤ ਸਮਝ ਕੇ ਕੀਤੇ ਜਾਂਦੇ ਕੁਕਰਮਾਂ (ਜਿਹੜੀ ਵਹਿਸ਼ਤ ਹੁਣ ਹੋਰ ਵੀ ਦੂਣੀ ਸਵਾਈ ਹੋ ਚੁੱਕੀ ਹੈ, ਇਸ ਤੋਂ ਕੋਈ ਵੀ ਅੱਖ ਅਣਜਾਣ ਨਹੀਂ) ਬਾਰੇ ਮੇਰੀ ਕਲਮ ਮਾਸੂਮ ਉਮਰੇ ਕੁਰਲਾਉਂਦੀ ਸੀ ਤੇ ਅੱਜ ਵੀ ਉਹੀ ਦੁਹਾਈ ਮਚਾਉਂਦੀ ਪਿਆਰ/ਕਰੁਣਾ ਦੀ ਗੁਹਾਰ ਲਗਾਉਂਦੀ ਆ ਰਹੀ ਹੈ। ਮਸਲਨ:
ਕੀ ‘ਤੂੰ’ ਮੇਰੇ ਰਾਹਾਂ ਦਾ ਸਾਂਝੀਵਾਲ ਬਣੇਗਾ??
ਜੇ ‘ਤੂੰ’ ਮੇਰਾ ਸਾਂਝੀਵਾਲ ਬਣੇ?
ਤਾਂ ਮੈਂ ਇਨ੍ਹਾਂ ਨੂੰ ਦੱਸ ਦਿਆਂਗੀ
ਇਨਸਾਫ਼ ਕੀ ਹੁੰਦਾ ਏ
ਹਸਰਤ ਕਿਵੇਂ ਮੂੰਹੋਂ ਕੱਢੀਦੀ ਏ
ਪਰ ਮੈਂ ਜਾਣਦੀ ਹਾਂ
ਕਿ ਤੂੰ ਅੱਖਾਂ ਚੋਂ ਡੁੱਲ੍ਹ ਡੁੱਲ੍ਹ ਪੈਂਦੀ ਗੱਲ ਮੇਰੀ
ਅਜੇ ਵੀ ਸਮਝੀ ਨਹੀਂ।

ਮੈਂ ਯਥਾਰਥ ਅਤੇ ਸੁਪਨਿਆਂ ਨੂੰ ਨਾਲੋ-ਨਾਲ ਨਿਹਾਰਦੀ ਰਹੀ ਹਾਂ। ‘ਪ੍ਰਦਰਸ਼ਨੀ’ ਕਵਿਤਾ ਵੀ ਔਰਤ ਦੀ ਉਸ ਹਕੀਕਤ ਨੂੰ ਪੇਸ਼ ਕਰਦੀ ਹੈ ਜਿਸ ਨੂੰ ਦਰਿੰਦਗੀ ਅੱਜ ਵੀ ਨੋਚ ਰਹੀ ਹੈ:
ਇਹ ਖ਼ੂਬਸੂਰਤ ਨਗਨ ਚਿਤਰ ਨਹੀਂ
ਇਨ੍ਹਾਂ ਵਿਚ ਹਕੀਕਤ ਦੀ ਬਦਸੂਰਤੀ ਵੀ ਝਲਕਦੀ ਏ
ਇਨ੍ਹਾਂ ਦੇ ਚੁੱਪ ਜ਼ਖਮਾਂ ਦੇ ਰਿਸਦੇ ਸੀਨੇ ’ਚ
ਕੁਚਲੇ ਅਹਿਸਾਸ ਦੇ ਨਿਸ਼ਾਨ ਬਾਕੀ ਨੇ।
ਵਿਸ਼ਵ ਦੀ ਅੱਧੀ ਆਬਾਦੀ ਔਰਤਾਂ ਦੀ ਹੈ। ਜਿਹੜੀ ਅੱਧੀ ਮਰਦਾਂ ਦੇ ਹਿੱਸੇ ਆਈ ਉਸ ਵਿਚੋਂ ਬਹੁਤੇਰੀ ਹਾਸ਼ੀਆਗਤ, ਦਲਿਤ-ਦਮਿਤ, ਮਜ਼ਲੂਮ ਤੇ ਨਸ਼ਿਆਂ ਅਤੇ ਅਪੰਗਤਾ ਦੇ ਸ਼ਿਕਾਰ (ਜਿਨ੍ਹਾਂ ਦੀ ਹਾਲਤ ਸਭ ਤੋਂ ਵੱਧ ਤਰਸਯੋਗ ਹੈ) ਨੂੰ ਸਿਰਫ਼ ਚੰਦ ਕੁ ਸੱਤਾਧਾਰੀ ਨਪੀੜ ਬੈਠੇ ਹਨ। ਇਹ ਸੱਤਾਧਾਰੀ ਧਿਰ ਨਿੱਜ ਤੋਂ ਲੈ ਕੇ ਕਾਰਪੋਰੇਟ ਤੇ ਸਰਕਾਰੀ, ਰਾਜਸੀ ਅਦਾਰਿਆਂ ’ਤੇ ਬੈਠੀ ਤਮਾਮ ਦੁਨੀਆਂ ’ਤੇ ਰਾਜ ਕਰਦੀ ਅਜਿਹੇ ਵਰਤਾਰੇ ਵਰਤਾਉਂਦੀ ਹੈ ਜਿਨ੍ਹਾਂ ਵਿਰੁੱਧ ਮੇਰੀ ਕਲਮ ਬਚਪਨ ਤੋਂ ਹੁਣ ਤੱਕ ਕਦੇ ਸੰਕੇਤਕ ਤੇ ਕਦੇ ਪ੍ਰਤੀਕਾਤਮਕ ਤੌਰ ਉੱਤੇ ਆਵਾਜ਼ ਉਠਾਉਂਦੀ ਆ ਰਹੀ ਹੈ। ਕਵਿਤਾ ਦੀ ਆਪਣੀ ਲੱਜ਼ਤ ਤੇ ਕਾਵਿ ਯੋਗਤਾ ਹੁੰਦੀ ਹੈ, ਨਹੀਂ ਤਾਂ ਇਸ ਵਤੀਰੇ ਲਈ ਖ਼ਬਰਾਂ, ਅਖ਼ਬਾਰ, ਮੀਡੀਆ, ਸਾਹਿਤ ਦੀਆਂ ਹੋਰ ਵਿਧਾਵਾਂ ਅਤੇ ਸਮਾਜਿਕ ਕਾਰਕੁਨ ਆਪੋ-ਆਪਣੀ ਭੂਮਿਕਾ ਨਿਭਾਉਂਦੇ ਰਹਿੰਦੇ ਹਨ।
ਮੈਂ ਆਪਣੀ ਕਵਿਤਾ ਵਿਚ ਕਾਵਿਕ ਅਨੁਭਵਾਂ ਰਾਹੀਂ ਨਾਰੀ ਚੇਤਨਾ ਅਤੇ ਪ੍ਰਤੀਰੋਧ ਤੇ ਮਾਨਵੀ ਚੇਤਨਾ ਦੀ ਹੀ ਨਹੀਂ ਸਗੋਂ ਵਿਸ਼ਵ ਚੇਤਨਾ ਦੇ ਵਰਤਾਰਿਆਂ ਬਾਰੇ ਵੀ ਗੱਲ ਕੀਤੀ। ਮੈਂ ਇਕ ਪੁਸਤਕ ‘ਪੰਜਾਬੀ ਨਾਰੀ ਕਾਵਿ’ ਸੰਪਾਦਿਤ ਕੀਤੀ ਜਿਸ ਵਿਚ ਨਾਰੀ ਕਾਵਿ ਦੀ ਪੈਰਾਡਿਗਮੈਟਿਕ ਅਤੇ ਟੈਕਸਚੁਅਲ ਵਿਕਾਸ ਬਾਰੇ ਗੱਲ ਕੀਤੀ। ਇਹ ਵੀ ਸੱਚ ਹੈ ਕਿ ਕਵਿਤਾ ਦੀ ਹੋਂਦ ‘ਆਦਮ ਹੱਵਾ’ ਤੋਂ ਭਾਵੇਂ ਆਰੰਭ ਹੋਈ ਹੋਵੇਗੀ ਪਰ ਨਾਰੀ ਲੇਖਨ ਪੰਜਾਬੀ ਵਿਚ ਵੀਹਵੀਂ ਸਦੀ ਦੀ ਉਪਜ ਹੈ। ਇਸ ਤੋਂ ਪਹਿਲਾਂ ਦੋ-ਚਾਰ ਸ਼ਾਇਰਾਵਾਂ ਅਤੇ ਲੋਕ ਗੀਤਾਂ ਨੂੰ ਛੱਡ ਕੇ ਨਾਰੀ ਲੇਖਨ ਹੋਂਦ ਵਿਚ ਨਹੀਂ ਆਇਆ ਸੀ। ਇਸ ਤੋਂ ਇਹ ਮਤਲਬ ਹਰਗਿਜ਼ ਨਹੀਂ ਕੱਢ ਲੈਣਾ ਚਾਹੀਦਾ ਕਿ ਉਹ ‘ਕਾਵਿਕ ਪ੍ਰਗਟਾਵਾ’ (ਐਕਸਪ੍ਰੈਸ਼ਨ) ਕਰਨ ਦੇ ਸਮਰੱਥ ਨਹੀਂ ਸੀ ਸਗੋਂ ਇਸ ਦਮਿਤ ਹੋਂਦ ਕਾਰਨ ਨਾਰੀ ਲੇਖਨ ਵਿਚ ਦਮਿਤ ਯਥਾਰਥ ਅਤੇ ਪ੍ਰਤੀਰੋਧ ਦੀ ਸੁਰ ਭਾਰੂ ਰਹੀ ਹੈ। ਇਹ ਮੇਰਾ ਸੁਭਾਅ ਕਹਿ ਲਉ ਜਾਂ ਚੇਤਨਤਾ ਕਿ ਮੈਂ ਸਿੱਧੇ ਤੌਰ ’ਤੇ ਅਜੋਕੀਆਂ ਸਥਿਤੀਆਂ, ਵਿਸ਼ਵੀਕਰਨ ਜਾਂ ਸਮਾਜਿਕ ਅਨਿਆਂ ਨੂੰ ਕਦੇ ਵਿਸ਼ੇ ਦੇ ਤੌਰ ’ਤੇ ਨਾ ਲੈ ਕੇ ਇਕ ਵੱਖਰੀ ਤਰ੍ਹਾਂ ਦੇ ਅਨੁਭਵ ਤੇ ਅਹਿਸਾਸ ਵਿਚੋਂ ਸਿਰਜਣਾਤਮਕ ਕਾਰਜ ਕੀਤਾ ਹੈ ਜੋ ਹਰ ਕਵੀ ਦਾ ਆਪੋ-ਆਪਣਾ ਮਿਜਾਜ਼ ਤੇ ਸ਼ੈਲੀ ਵੀ ਹੁੰਦੀ ਹੈ। ਪਰ ਇਹ ਪ੍ਰਕਿਰਿਆ ਤੇ ਸਮਾਜਿਕ ਵਰਤਾਰਾ ਕਵਿਤਾ ਵਿਚ ਆਪਣੇ ਪ੍ਰਭਾਵ ਜ਼ਰੂਰ ਉਲੀਕ ਜਾਂਦਾ ਹੈ। ਅਸੀਂ ਇਸ ਤੋਂ ਬਿਨਾਂ ਸਿਰਜਣਾਤਮਕ ਕਾਰਜ ਕਰ ਹੀ ਨਹੀਂ ਸਕਦੇ। ਕਵਿਤਾ ਦੇ ਸਿਧਾਂਤਕ ਮਸਲਿਆਂ ਬਾਰੇ ਗੱਲਬਾਤ ਨਾ ਕਰਦਿਆਂ ਮੈਂ ਇਨ੍ਹਾਂ ਸਰੋਕਾਰਾਂ ਅਤੇ ਅਨਿਆਂ ਬਾਰੇ ਆਪਣੀ ਕਵਿਤਾ ਵਿਚ ਕਿਵੇਂ ਸੋਚਦੀ ਹਾਂ ਉਸ ਦੀਆਂ ਕੁਝ ਉਦਾਹਰਣਾਂ ਨਾਲ-ਨਾਲ ਸਾਂਝੀਆਂ ਕਰਨ ਦਾ ਯਤਨ ਕਰਾਂਗੀ:
ਜਦੋਂ ਭਾਸ਼ਾ ਹੋਣ ਲੱਗੇ ਮੇਰੇ ’ਤੇ ਹਾਵੀ
ਤਾਂ ਮੇਰਾ ਜੀਅ ਕਰਦੈ
ਮੈਂ ਸਾਰੀ ਭਾਸ਼ਾ ਤੇ ਉਸਦਾ ਵਿਆਕਰਣ ਭੁੱਲ ਜਾਵਾਂ
ਤੇ ਗੱਲਾਂ ਕਰਾਂ ਉਸ ਭਾਸ਼ਾ ਵਿਚ
ਜਿਸ ਵਿਚ ਵਣ ਤ੍ਰਿਣ ਰੁੱਖਾਂ ਦੇ ਫੁੱਲ-ਫਲ
ਅਸਮਾਨ ’ਚ ਤਾਰੇ, ਚੰਨ ਤੇ ਸਮੁੰਦਰ
ਧਰਤੀ ਤੇ ਸੂਰਜ ਆਪਸ ਵਿਚ ਗੱਲਾਂ ਕਰਦੇ। (ਮੰਦਰ ਸਪਤਕ)
ਕੁਝ ਚਿਰ ਪਹਿਲਾਂ ਵਿਸ਼ਵ ਦੀਆਂ ਦੋ ‘ਮਹਾਂ ਜੰਗਾਂ’ ਨੇ ਸਾਡੇ ਸਮਾਜਿਕ ਅਤੇ ਰਾਜਸੀ ਵਿਚਾਰਾਂ ਵਿਚ ਨਵੀਂ ਤਰ੍ਹਾਂ ਦੇ ਸਮੱਸਿਆਕਾਰ ਪੈਦਾ ਕੀਤੇ ਹਨ ਜਿਸ ਨਾਲ ਨਵੀਂ ਤਰ੍ਹਾਂ ਦੀ ਵਿਚਾਰਧਾਰਕ ਵੰਡ (ਪੋਲਰਾਈਜੇਸ਼ਨ) ਸਾਹਮਣੇ ਆਈ। ਇਹ ਪਹਿਲਾਂ ਦੋ ਮਹਾਂ ਸ਼ਕਤੀਆਂ ਵਿਚ ਵਾਪਰੀ ਤੋਂ ਵੱਖਰੀ ਹੈ ਜਿਸ ਦੇ ਸਿੱਟੇ ਰੂਸ-ਯੂਕਰੇਨ ਤੇ ਵਿਸ਼ਵ ਵਿਚ ਫੈਲੀਆਂ ਹੋਰ ਜੰਗਾਂ ਹੋਣ ਜਿਵੇਂ ਚੀਨ, ਕੋਰੀਆ, ਅਫ਼ਗਾਨਿਸਤਾਨ ਜਾਂ ਇਜ਼ਰਾਈਲ ਤੇ ਫਲਸਤੀਨ ਹੋਣ। ਇਨ੍ਹਾਂ ਸਭਨਾਂ ਜੰਗਾਂ ਨੇ ਮਨੁੱਖ ਅੰਦਰ ਤੀਜੇ ਮਹਾਂ ਯੁੱਧ ਦਾ ਖ਼ੌਫ਼ ਡੂੰਘੀ ਤਰ੍ਹਾਂ ਪਾ ਦਿੱਤਾ ਹੈ ਜਿਨ੍ਹਾਂ ਬਾਰੇ ਮੈਂ ‘ਤੀਜਾ ਮਹਾਂਯੁੱਧ’ ਜਿਹੀਆਂ ਕਵਿਤਾਵਾਂ ਵੀ ਲਿਖੀਆਂ। ‘ਜੰਗ’ ਸਾਡੇ ਵਰਤਾਰੇ ਅਤੇ ਵਿਸ਼ਵ ਭਰ ਵਿਚ ਇਕ ਮੁਸਲਸਲ ਚਿਹਨਿਕ ਬਣ ਗਿਆ ਹੈ। ਮੈਂ ਇਸ ‘ਚਿਹਨਿਕ’ ਨੂੰ ਸਮਾਜ ਅਤੇ ਵਿਸ਼ਵੀ-ਰਾਜਸੀ ਵਿਚਾਰ ਦੇ ਸਮੁੱਚੇ ਅਨੁਭਵ ਨੂੰ ਮਹਿਸੂਸ ਕਰਦਿਆਂ, ਅਜਿਹੀਆਂ ਭਿਆਨਕ ਸਥਿਤੀਆਂ ਤੋਂ ਫ਼ਿਕਰਮੰਦ ਹਕੀਕੀ ਸਥਿਤੀਆਂ ਨੂੰ ਸਮਝਦਿਆਂ ਇਉਂ ਪੇਸ਼ ਕੀਤਾ ਹੈ:
ਜੰਗ ਵਿਚ ਕਵਿਤਾ ਕੁਝ ਨਹੀਂ ਕਰਦੀ
ਕੇਵਲ ਵੇਖਦੀ ਹੈ
ਸੁਣਦੀ ਹੈ ਤੇ ਸੋਚਦੀ ਹੈ
ਮਹਿਸੂਸ ਕਰਦੀ ਹੈ ਬੜੀ ਸ਼ਿੱਦਤ ਨਾਲ
ਉਸ ਤਬਾਹੀ ਨੂੰ ਜੋ ਹੁੰਦੀ ਖ਼ਤਰਨਾਕ ਹਥਿਆਰਾਂ ਨਾਲ
ਪਰ ਹਥਿਆਰ ਨਹੀਂ ਹੁੰਦੇ ਖ਼ਤਰਨਾਕ...
ਜੰਗ ਵਿਚ ਹਥਿਆਰ ਤੋਂ ਵੱਧ ਖ਼ਤਰਨਾਕ ਹੁੰਦੀ ਹੈ
ਮੱਥੇ ਦੀ ਸੋਚ,
ਅੱਖ ਵਿਚ ਬਰਬਾਦੀ ਉੱਪਰ, ਤਬਾਹੀ ਉੱਪਰ
ਜਿੱਤ ਦਾ ਜਸ਼ਨ
ਵਿਚਾਰਾਂ ਵਿਚ ਤਬਾਹੀ ਦਾ, ਆਤੰਕਤਾ ਦਾ ਜਹਾਦ
ਹਰਾਉਣ ਦਾ ਸਵਾਦ
ਅਜਿਹੇ ਸਮਿਆਂ ਵਿਚ ਕਵਿਤਾ, ਬੇਬਸ ਆਪਣੇ ਮਿੱਧੇ ਫੁੱਲਾਂ ਦੀਆਂ
ਕੀਮਾ ਹੋਈਆਂ ਅਸਥੀਆਂ, ਤਲੀ ’ਤੇ ਚੁੱਕ
ਧਰਦੀ ਸੰਗੀਨ ਸਾਹਵੇਂ, ਬਾਰੂਦ ਸਾਹਵੇਂ, ਖ਼ਰੂਦ ਸਾਹਵੇਂ। (ਖ਼ਰਜ ਨਾਦ)
ਮੈਂ ਭਾਵੇਂ ਦੋ ਮਹਾਂ ਵਿਸ਼ਵ ਯੁੱਧਾਂ ਤੇ ਭਾਰਤ ਵੰਡ ਦੇ ਦੁਖਾਂਤ ਜਿਹੀਆਂ ਜੰਗਾਂ ਨਹੀਂ ਵੇਖੀਆਂ, ਪਰ ਉਸ ਤੋਂ ਬਾਅਦ ਦੇ ਸਮੇਂ ਵਿਚ ਚੀਨ ਜਾਂ ਪਾਕਿਸਤਾਨ ਨਾਲ ਹੋਈਆਂ ਜੰਗਾਂ ਤੇ ਵਿਸ਼ਵ ਭਰ ਵਿਚ ਅਜਿਹੀਆਂ ਹੋ ਰਹੀਆਂ ਜੰਗਾਂ ਤੋਂ ਫ਼ਿਕਰਮੰਦ ਹਾਂ, ਵਿਆਕੁਲ ਹਾਂ ਜਿਸ ਨਾਲ ਮੌਤ ਦਾ ਮਹਾਂ ਤਾਂਡਵ, ਆਰਥਿਕ ਤਹਿਸ-ਨਹਿਸ, ਬਚੇ ਪਰਿਵਾਰਾਂ ਦੇ ਤਣਾਓ ਆਦਿ ਤੁਹਾਡੇ ਅੰਦਰ ਖੌਰੂ ਮਚਾਉਂਦੇ ਹਨ ਅਤੇ ਸੱਤਾ ਦਾ ਰਾਖਸ਼ ‘ਇਨਸਾਨੀਅਤ’ ਨੂੰ ਮੁੜ ਅਜਨਬੀਪਣ ਦੇ ਮੋੜ ’ਤੇ ਸੁਆਰਥੀ ਤੇ ਕਮਜ਼ਰਫ ਬਣਾਉਂਦਾ ਜਾ ਰਿਹਾ ਹੈ। ਔਰਤ ਕੇਵਲ ਨਿੱਜੀ ਪੀੜੀ-ਦੁੱਖ-ਦਰਦ ਦੀ ਗਾਥਾ ਹੀ ਨਹੀਂ ਰਹਿੰਦੀ। ਪਰਿਵਾਰ ਦੀ ਸੰਚਾਲਕ ਹੋਣ ਕਾਰਨ ਉਹ ਸਾਰੇ ਰਿਸ਼ਤੇ ਨਾਤਿਆਂ ਅਤੇ ਸੱਭਿਆਚਾਰ ਵਿਚ ਆਈਆਂ ਤ੍ਰੇੜਾਂ ਦਾ ਖਮਿਆਜ਼ਾ ਤੇ ਨਵੇਂ ਪੂੰਜੀਵਾਦ ਦੇ ਅਸਰਾਤ ਵੀ ਆਪਣੀਆਂ ਭਵਿੱਖੀ ਨਸਲਾਂ ਵਿਚੋਂ ਮਹਿਸੂਸ ਕਰ ਰਹੀ ਹੈ। ਤੀਜੇ ਮਹਾਂਯੁੱਧ ਦੀਆਂ ਕੁਝ ਸਤਰਾਂ ਇਉਂ ਹਨ:
ਤੀਜਾ ਮਹਾਂਯੁੱਧ ਡਰਾਉਂਦਾ ਨਹੀਂ ਭਰਮਾਉਂਦਾ ਹੈ
ਦੇਹ ਨੂੰ ਨਾ ਕਰਦਾ ਜ਼ਖਮੀ ਸਗੋਂ ਮਘਾਉਂਦਾ ਤੇ ਉਕਸਾਉਂਦਾ ਹੈ
ਇਸ ਜ਼ੰਗ ਖਾਧੀ ਆਤਮਾ ਭਟਕਾਉਂਦੀ ਰੂਹਾਂ ਨੂੰ- ਜ਼ੰਗਾਲਦੀ ਸੋਚ ਨੂੰ
ਤੇ ਲਾਉਂਦੀ ਰੋਗ ਲਾਲਸਾਵਾਂ ਦਾ, ਕਾਮਨਾਵਾਂ ਦਾ
ਤੇ ਖਲਾਅ ਵਿਚ ਲਟਕਿਆ ਮਨੁੱਖ, ਤੀਜੇ ਮਹਾਂਯੁੱਧ ਦੀ ਆਮਦ ਤੋਂ ਫ਼ਿਕਰਮੰਦ
ਕਰ ਗਿਆ ਪ੍ਰਵੇਸ਼ ਨਵੀਂ ਸਦੀ ਵਿਚ
ਨਵੀਂ ਸਦੀ... ਜਿਸ ਵਿਚ ਸ਼ਿਵ ਨੇਤਰ, ਵਿਚਾਰਕ ਮਹਾਂ ਸ਼ਕਤੀ
ਸਾਰੇ ਵਿਸ਼ਵ ਵਿਚ ਉਡਾਅ ਰਹੀ ਗੁਬਾਰੇ ਅਮਨ ‘ਪੀਸ’ ਦੇ
ਦਿਨ ਮਨਾਉਂਦੀ ਹਰ ਚੀਜ਼ ਦੇ
ਕਰਦੀ ਐਲਾਨ ਸੁੱਖਾਂ ਦਾ ਅਮਨ ਦਾ
ਰੱਖਦੀ ਰੀਮੋਟ, ਆਪਣੇ ਹੱਥ ਵਿਚ। (ਖਰਜ ਨਾਦ)
ਮੇਰੀ ਕਵਿਤਾ ਦੀ ਭੋਇੰ ਨਿੱਜ, ਮਾਂ-ਬਾਪ, ਘਰ-ਪਰਿਵਾਰ ਤੋਂ ਸਫ਼ਰ ਤੈਅ ਕਰਦੀ ਹੌਲੀ-ਹੌਲੀ ਪਰ, ਸਮਾਜ-ਸੱਭਿਆਚਾਰ, ਦੇਸ਼-ਵਿਦੇਸ਼, ਵਿਸ਼ਵ ਨੂੰ ਖੰਘਾਲਦੀ ਉਨ੍ਹਾਂ ਦੀਆਂ ਸਮਾਜਿਕ, ਆਰਥਿਕ ਤੇ ਰਾਜਨੀਤਿਕ ਤਹਿਆਂ ਫਰੋਲਣ ਵਿਚ ਵਧੇਰੇ ਦਿਲਚਸਪੀ ਲੈਣ ਲੱਗੀ। ਮੇਰਾ ਕਾਵਿ-ਸਫ਼ਰ 14 ਵਰ੍ਹਿਆਂ ਦੀ ਉਮਰ ਤੋਂ ਭਾਵੇਂ ਸ਼ੁਰੂ ਹੋਇਆ, ਪਰ ਮੇਰੀ ਪਹਿਲੀ ਕਾਵਿ ਪੁਸਤਕ 1984-85 ਵਿਚ ਪ੍ਰਕਾਸ਼ਿਤ ਹੋਈ। 1974 ਵਿਚ ਸ਼ਾਦੀ ਉਪਰੰਤ ਭਾਵੇਂ ਸੰਗੀਤ ਵਿਚ ਐਮ.ਏ. ਸਾਂ, ਪਰ ਘਰ ਗ੍ਰਹਿਸਤੀ ਦੀ ਚਾਰਦੀਵਾਰੀ ਤੱਕ ਹੀ ਮਹਿਦੂਦ ਰਹੀ। ਜੋ ਕੁਝ ਮਹਿਸੂਸ ਕਰਦੀ ਕਾਗਜ਼ਾਂ, ਡਾਇਰੀਆਂ ਵਿਚ ਉਲੀਕ ਦਿੰਦੀ ਪਰ ਸਾਹਿਤ ਪੜ੍ਹਨ-ਲਿਖਣ ਜਾਂ ਸੰਗੀਤਕ ਮਾਹੌਲ ਨਾ ਹੋਣ ਕਾਰਨ 18-20 ਵਰ੍ਹੇ ਅਸਾਹਿਤਕ ਮਾਹੌਲ ਵਿਚ ਗੁਜ਼ਾਰੇ ਤੇ ਇਕ ਦਿਨ ਮੇਰੀ ਭੂਆ ਸ਼ਰਨ ਮੱਕੜ ਦੇ ਉੱਦਮ ਨਾਲ ਡਾ. ਸੁਤਿੰਦਰ ਸਿੰਘ ਨੂਰ ਨੂੰ ਸੰਪਰਕ ਕਰਕੇ ਐਮ.ਏ. ਪੰਜਾਬੀ (ਨਾਨ ਕਾਲਜੀਏਟ) ਲਈ ਘਰ ਵਾਲਿਆਂ ਨੂੰ ਮਨਾ ਲਿਆ ਤੇ ਇਉਂ ਆਪਣੇ ਕਾਵਿ ਸਿਰਜਣ, ਅਧਿਐਨ ਤੇ ਅਧਿਆਪਨ ਦੀ ਨਾਰੀਵਾਦੀ ਅਸਮਿਤਾ ਦਾ ਇਹ ਮੇਰਾ ਨਾਰੀ ‘ਸੂਝਬੂਝ’ ਵਾਲਾ ਪਹਿਲਾ ਕਿਲ੍ਹਾ ਫ਼ਤਹਿ ਕਰ ਲਿਆ ਸੀ। ਇਸ ਵਿਚ ਪੇਕੇ-ਸਹੁਰੇ ਮੈਂ ਸਭਨਾਂ ਨੂੰ ਰਾਜ਼ੀ ਕਰ ਲਿਆ ਸੀ। ਇਉਂ ਨਾਰੀ ਸ਼ਕਤੀ ਤੇ ਨਾਰੀ ਸੁਸ਼ਕਤੀਕਰਨ ਦੀ ਇਹ ਮੇਰੀ ਪਹਿਲੀ ਪੁਲਾਂਘ ਸੀ ਜਿਸ ਤੋਂ ਮੈਂ ਨਾਰੀਵਾਦ, ਉਤਰ ਸਥਿਤੀਆਂ ਤੇ ਵਿਸ਼ਵੀ ਮਾਨਵੀ ਸਰੋਕਾਰਾਂ ਬਾਰੇ ਵੱਧ ਤੋਂ ਵਧੀਕ ਸੁਚੇਤ ਹੁੰਦੀ ਗਈ। ਉਪਰੋਕਤ ਕਾਵਿ ਸਿਰਜਣਾ ਇਸ ਸਾਹਿਤਕ ਜਗਤ ਨਾਲ ਸੰਵਾਦ ਤੇ ਅਧਿਐਨ ਦੇ ਸਿੱਟੇ ਸਨ। ਸਮਝ ਸਕੀ ਕਿ ਵਿਸ਼ਵੀ ਚੇਤਨਾ ਦੇ ਦੌਰ ਵਿਚ ਸਮਾਜਵਾਦ ਪਹਿਲਾਂ ਹੀ ਢਹਿ-ਢੇਰੀ ਹੋ ਚੁੱਕਿਆ ਹੈ ਤੇ ਪੂੰਜੀਵਾਦ ਵਿਸ਼ਵੀ ਸੱਤਾ ਨੂੰ ਫੈਲਾਉਣ ਦੇ ਆਹਰ ਵਿਚ ਹੈ ਤੇ ਉਸ ਦੌਰ ਤੋਂ ਹੁਣ ਤੱਕ ਜਦੋਂ ਕਲਾਸਿਕਲ ਕੈਪਟਲਿਜ਼ਮ ਦਾ ਦੌਰ ਵੀ ਖ਼ਤਮ ਹੋ ਚੁੱਕਿਆ ਹੈ, ਨਵ-ਪੂੰਜੀਵਾਦ ਮਸਨੂਈ ਬੁੱਧੀ (Artificial Intelligence) ਤੇ ਕਈ ਹੋਰ ਤਰੀਕਿਆਂ ਨਾਲ ਮੰਡੀ ’ਤੇ ਕਾਬਜ਼ ਹੋ ਰਿਹਾ ਹੈ ਤਾਂ ਅਜਿਹੇ ਰੁਝਾਨ ਜਿਸ ਵਿਚ ਪੁਰਾਣਾ ਨਵੇਂ ਨੂੰ ਸਵੀਕਾਰ ਵੀ ਨਹੀਂ ਕਰਦਾ ਤੇ ਨਵਾਂ ਆਪਣੀ ਸੱਤਾ ਦੇ ਜ਼ੋਰ ਕਾਬਜ਼ ਹੁੰਦਾ ਚਲਿਆ ਜਾਂਦੈ, ਵਿਚ ਅਜਿਹੀਆਂ ਕਵਿਤਾਵਾਂ ਹੋਂਦ ਵਿਚ ਆਈਆਂ:
ਪੂੰਜੀਵਾਦ
ਅਜਿਹੀ ਵਾਸ਼ਿੰਗ ਮਸ਼ੀਨ
ਜੋ ਧੁਲਾਈ ਕਰਦੀ ਤੇ ਸਫਾਈ ਵੀ
ਇਕ ਆਪਣੇ ਖੋਲ ਵਿਚ ਰਲਾਅ ਕੇ ਗਲੋਬ
ਦਿੰਦੀ ਸੁੱਖ ਆਰਾਮ
ਇਹ ਤਾਂ ਕੱਪੜੇ ਹੀ ਭਾਂਤ ਭਾਂਤ ਦੇ
ਹੁੰਦੇ ਆਪਸ ਵਿਚ ਖੋਲ ਅੰਦਰ ਗੁੱਥਮ ਗੁੱਥਾ
ਉਲਝਦੇ ਇਕ ਦੂਜੇ ਸੰਗ
ਉਹ ‘ਪਾਰਖੂ’ ਜਾਣਦਾ
ਕਿਵੇਂ ਇਹਨਾਂ ਦਾ ਕਰਨਾ ਨਿਪਟਾਰਾ
ਉਹ ਜਾਣਦਾ ਕਿਵੇਂ ਭਾਂਤ-ਭਾਂਤ ਦੇ ਕੱਪੜਿਆਂ ਦਾ ਕਰਨਾ ਨਿਤਾਰਾ
ਉਹਨਾਂ ਦਾ ਰੰਗ-ਢੰਗ, ਟੈਕਸਚਰ ਜਾਣਦਾ ਸਭਨਾਂ ਦੀ ਵਿਚਾਰਧਾਰਾ। (ਮੰਦਰ ਸਪਤਕ)
ਵਿਸ਼ਵੀ ਚੇਤਨਾ ਹੀ ਇਸ ਕਵਿਤਾ ਨੂੰ ਕਟਾਖ਼ਸ਼ੀ ਬਣਾ ਰਹੀ ਹੈ ਜਿਸ ਵਿਚ ਕਾਵਿਕ ਭਾਸ਼ਾ ਅਤੇ ਭਾਵ ਸਿੱਧੀ ਬਿਆਨ/ਬਿਰਤਾਂਤ ਦੀ ਬਜਾਏ ਵਧੇਰੇ ਮਹੱਤਵਯੋਗ ਹਨ। ਅਜਿਹੇ ਕਾਵਿਕ ਕਾਰਜ ਵਿਚ ਮੈਂ ਹਮੇਸ਼ਾ ਨਵੇਂ ਬਿੰਬਾਂ, ਪ੍ਰਤੀਕਾਂ, ਚਿਹਨਿਕਾਂ ਦੀ ਭਾਲ ਵਿਚ ਰਹਿੰਦੀ ਹਾਂ ਜਿਸ ਵਿਚ ਸ਼ਾਇਰ ਬਹੁ-ਦਿਸ਼ਾਵੀ ਸਬੰਧਾਂ ਨਾਲ ਜੁੜਦਾ ਹੈ। ਆਲਮੀ ਵਰਤਾਰੇ ਨੇ ਸਾਨੂੰ ਕਹਿ ਲਉ ਕਿ ਇਕੋ ਵੇਲੇ ਸਮਾਨਾਂਤਰ ਸੱਚਾਂ ਵੱਲੋਂ ਸੁਚੇਤ ਕੀਤਾ ਹੈ ਜਿਸ ਨੂੰ ਮੈਂ ‘ਆਪੋ ਆਪਣਾ ਸੱਚ’ ਕਵਿਤਾ ਰਾਹੀਂ ਵੀ ਪੇਸ਼ ਕਰਨ ਦਾ ਯਤਨ ਕੀਤਾ ਸੀ। ਇਉਂ ਨਿੱਜ ਤੋਂ ਪਰ, ਸਮਾਜ ਸੱਭਿਆਚਾਰ ਅਤੇ ਭੌਤਿਕ ਤੋਂ ਪਰਾ-ਭੌਤਿਕ ਅਤੇ ਅਜੋਕੇ ਤਕਨਾਲੋਜੀ ਦੇ ਵਰਤਾਰਿਆਂ ਤੋਂ ਸੁਚੇਤ ਮੇਰੀ ਕਵਿਤਾ ਹਰ ਦ੍ਰਿਸ਼ ਤੇ ਕਿਆਸੇ ਮਹਿਸੂਸੇ ਅਦ੍ਰਿਸ਼ਾਂ ਨੂੰ ਸਿਰਜਣਾ ਰਾਹੀਂ ਆਪਣੇ ਕਾਵਿ ਸੰਗ੍ਰਹਿਆਂ ਤੇ ਬਾਕੀ ਸਾਹਿਤਕ ਵਿਧਾਵਾਂ ਵਿਚ ਤਾਂ ਉਲੀਕਿਆ ਹੀ, ਪਰ ਜਿਵੇਂ ਮੈਂ ਕਿਹਾ ਕਿ ਮੈਨੂੰ ਵਿਸ਼ਵੀ ਸਮਾਜਾਂ ਖ਼ਾਸਕਰ ਭਾਰਤੀ ਤੇ ਪੰਜਾਬੀ ਸਮਾਜ ਦੀ ਔਰਤ ਬਾਰੇ ਵੱਧ ਸੁਚੇਤ ਕੀਤਾ। ਇਸੇ ਲਈ ਕਦੇ ਮੈਂ ਸੀਤਾ, ਯਸ਼ੋਧਰਾ, ਦ੍ਰੋਪਦੀ, ਸ਼ੰਕੁਤਲਾ ਤੇ ਅਹਿੱਲਿਆ ਜਿਹੀਆਂ ਮਿੱਥਾਂ ਅਤੇ ਕਦੇ ਰਾਧਾ ਤੇ ਰੁਕਮਣੀ ਜਿਹੀਆਂ ਮਿੱਥਾਂ ਦੇ ਰੂਪਾਂਤਰਣ ਨਾਲ ਬਹੁਤ ਸਾਰਾ ਅਜਿਹਾ ਕਾਵਿ ਸਿਰਜਿਆ ਜਿਸ ਨਾਲ ਔਰਤ ਦੀ ਹੋਣੀ, ਉਸ ਦੀ ਹੋਂਦ, ਅਸਤਿਤਵ ਆਦਿ ਨੂੰ ਚਿਹਨਿਤ ਕਰਦਿਆਂ ਕੁਝ ਯਾਦਗਾਰੀ ਕਵਿਤਾਵਾਂ ਹੋਂਦ ਵਿਚ ਆਈਆਂ, ਖ਼ਾਸਕਰ ‘ਯਸ਼ੋਧਰਾ’, ‘ਮੈਂ ਸ਼ੰਕੁਤਲਾ ਨਹੀਂ’ ਅਤੇ ‘ਅਹਿੱਲਿਆ’। ਇਹ ਕਵਿਤਾਵਾਂ ਵਿਸ਼ਵ ਦੇ ਨਾਰੀਵਾਦ ਨਾਲ ਦਮ ਭਰਦੀਆਂ ਸੰਵਾਦ ਰਚਾਉਣ ਦਾ ਜੇਰਾ ਰੱਖਦੀਆਂ ਹਨ। ਮੈਂ ਆਪਣੇ ਕਾਵਿਕ ਅਨੁਭਵਾਂ ਵਿਚ ਜਦੋਂ ਨਾਰੀ ਪ੍ਰਤੀਰੋਧ ਤੇ ਨਾਰੀ ਚੇਤਨਾ ਦੀ ਗੱਲ ਕਰਦੀ ਹਾਂ ਤਾਂ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਉਸ ਦਾ ‘ਮੁਕਤੀਕਰਨ’ ਹੋ ਗਿਆ ਹੈ ਜਾਂ ਉਹ ਕੇਵਲ ਪ੍ਰਤੀਰੋਧ ਹੀ ਕਰ ਰਹੀ ਹੈ। ਇਹ ਜੰਗ ਦਾ ਚਿਹਨਿਕ ਨਿਰੰਤਰ ਜਾਰੀ ਹੈ, ਪਰ ਇਸ ਜੰਗ ਦੇ ਪਿਛੋਕੜ ਵਿਚ ਉਹ ਨਾਰੀ-ਮਰਦ ਦੀ Binary opposition ਦੀ ਗੱਲ ਕਰਦੀ ਹੈ ਜਿਸ ਦਾ ਸੁਪਨਾ ਇਕ ਖੁਸ਼ਹਾਲ ਘਰ-ਵਿਸ਼ਵ ਦੀ ਸਿਰਜਣਾ ਹੈ ਤੇ ‘ਵਿਚੋਂ ਮਾਰ ਕੱਢੀਆਂ ਬੁਰਾਈਆਂ’ ਦਾ ਸੰਘਰਸ਼ ਜਾਰੀ ਹੈ। ਤਾਂ ਹੀ ਉਹ ਆਖਦੀ ਹੈ:
ਮੇਰੀ ਜੰਗ ਆਦਮੀ ਨਾਲ ਨਹੀਂ
ਉਸਦੇ ਮੱਥੇ ’ਚ ਫੁੰਕਾਰਦੇ ਸੱਪ ਨਾਲ ਹੈ।
ਇਸ ਜੰਗ ਪਿੱਛੇ ਪਿਆਰ ਤੇ ਕਰੁਣਾ ਦੀ ਚੇਤਨਾ ਕਾਰਜਸ਼ੀਲ ਹੈ। ਇਨ੍ਹਾਂ ਸੱਤ ਕਾਵਿ ਸੰਗ੍ਰਹਿਆਂ ਤੋਂ ਬਾਅਦ ਅਣਪ੍ਰਕਾਸ਼ਿਤ ਤਕਰੀਬਨ ਦੋ ਸੰਗ੍ਰਹਿਆਂ ਦਾ ਮਸੌਦਾ ਅਜੇ ਪਿਆ ਹੈ ਜਿਨ੍ਹਾਂ ਵਿਚ ਓਹੀ ਬਚਪਨ ਤੋਂ ‘ਹਕੀਕਤ ਤੇ ਸੁਪਨਿਆਂ’ ਦੀ ਭੋਇੰ ਤੇ ਔਰਤ ਪਿਆਰ ਦੇ ਬੀਜ ਬੀਜਦੀ ਆਸ ਵਿਚ ਹੈ ਕਿ ਸ਼ਾਇਦ ਸਮੂਹਿਕ ਸਮਾਜਿਕ ਚੇਤਨਾ ਵਿਚ ਆਦਮੀ ਤੇ ਔਰਤ ਇਕ ‘ਮਾਨਵ’ ਵਜੋਂ ਅਜਿਹੀ ਪੌਂਦ ਲਗਾਉਣਗੇ ਜਿਸ ਨਾਲ ਅਸੀਂ ਵੱਧ ਸੁਚੇਤ ਹੋ ਕੇ ਜ਼ਾਲਮ ਤਾਕਤਾਂ ਤੇ ਸੱਤਾਧਾਰੀ ਤਾਕਤਾਂ ਦੇ ਵਿਰੋਧ ਵਿਚ ਕੁਝ ਅਜਿਹਾ ਸਿਰਜ ਸਕੀਏ ਜਿਵੇਂ ਹਾਲ ਹੀ ਵਿਚ ਕਿਰਸਾਨੀ ਅੰਦੋਲਨ ਵਿਚ ਪੰਜਾਬੀ ਔਰਤਾਂ-ਮਰਦਾਂ ਰੂਪ-ਰੰਗ, ਜਾਤੀ-ਵਰਣ, ਅਮੀਰੀ-ਗ਼ਰੀਬੀ ਦੀ ਰੇਖਾ ਤੋਂ ਉੱਪਰ ਉੱਠ ਕੇ ਇਕ ਆਵਾਜ਼ ਵਿਚ ਹਰੀਆਂ-ਪੀਲੀਆਂ ਚੁੰਨੀਆਂ ਤੇ ਪੱਗਾਂ ਦਾ ਸੈਲਾਬ ਉਫ਼ਾਨ ’ਤੇ ਲਿਆਂਦਾ ਸੀ, ਮੈਂ ‘ਫੈਜ਼ ਅਹਿਮਦ ਫੈਜ਼’ ਨੂੰ ਸੰਬੋਧਤ ਕਵਿਤਾ ਦੀ ਸਿਰਜਣਾ ਕੀਤੀ। ਕਵਿਤਾ ਨੇ ਕੇਵਲ ਸੰਕੇਤ ਕਰਨੇ ਹੁੰਦੇ ਹਨ, ਇਹ ਤਾਂ ਪਾਠਕ ਅਤੇ ਸ੍ਰੋਤੇ ਹਨ ਜਿਨ੍ਹਾਂ ਨੇ ਇਨ੍ਹਾਂ ਵਿਚੋਂ ਅਣਲਿਖੇ, ਅਣਕਹੇ ਦੇ ਇਸ਼ਾਰਿਆਂ ਨੂੰ ਸਮਝਣਾ ਤੇ ਉਸ ਦੇ ਬਿਰਤਾਂਤ ਸਮਝਣੇ ਹੁੰਦੇ ਹਨ। ਅੱਜ ਦੇ ਹਾਲਾਤ ਵਿਚੋਂ ਲੰਘਦਿਆਂ ਮੇਰੀ ਕਵਿਤਾ ਇਹ ਸੋਚਦੀ ਹੈ ਕਿ:
ਪੱਥਰ ਨੂੰ ਪੱਥਰ ਨਾਲ ਰਗੜਿਆਂ
ਸੁਭਾਵਿਕ ਹੈ ਚਿੰਗਾੜਿਆਂ ਦਾ ਪੈਦਾ ਹੋਣਾ।
ਤੇ ਨਾਲ ਹੀ ਇਹ ਵੀ ਮਹਿਸੂਸ ਕਰਦੀ ਹੈ ਕਿ ਅੰਨ੍ਹੀ ਵਹਿਸ਼ਤ ਤੇ ਹਾਬੜੀ ਸੱਤਾ ਨੂੰ ਵੰਗਾਰਿਆ ਜਾ ਸਕੇ। ਕਿਸਾਨੀ ਸੰਘਰਸ਼ ਹੋਵੇ ਜਾਂ ਕਵੀਆਂ ਨਾਲ ਅਚੇਤ ਵਿਚ ਹੁੰਦਾ ਸੰਵਾਦ, ਇਹ ਸਭ ਮੇਰੀ ਕਵਿਤਾ ਦਾ ਪੋਰਟਰੇਟ ਬਣ ਜਾਂਦੇ ਹਨ। ਉਸ ਵਿਚ ਆਲਮੀ ਚੇਤਨਾ ਵਧੇਰੇ ਉੱਭਰ ਕੇ ਸਾਹਮਣੇ ਆ ਰਹੀ ਹੈ।
ਬਾਕੀ ਮੈਂ ਜਾਂ ਮੇਰੀ ਕਵਿਤਾ ਤਾਂ ਕੀ, ਮੈਂ ਇਉਂ ਸੋਚਦੀ ਹਾਂ ਕਿ ਕਦੇ ਵੀ ਕੋਈ ਕਵਿਤਾ ਮੁਕੰਮਲ ਨਹੀਂ ਹੁੰਦੀ। ਜੇਕਰ ਇਉਂ ਹੁੰਦਾ ਤਾਂ ਇਕੋ ਨਜ਼ਮ ਸ਼ਾਇਦ ਬਥੇਰੀ ਹੁੰਦੀ। ਮੇਰੇ ਖਿਆਲ ਵਿਚ ਇਹੀ ਸਿਰਜਣਾ ਦੀ ਸ਼ਿੱਦਤ ਹੈ ਤੇ ਕਵੀ ਦਾ ਅਧੂਰਾਪਣ ਕਿਉਂਕਿ ਉਸ ਦਾ ਆਖਰੀ ਵਾਕ ਹਮੇਸ਼ਾ ਅਧੂਰਾ ਹੀ ਰਹਿੰਦਾ ਹੈ। ਇਸੇ ਲਈ ਕਵਿਤਾ ਨੂੰ ਮੈਂ ਕਦੇ (।) ਡੰਡੀ ਨਹੀਂ ਲਗਾਈ। ਉਹ ਕਾਮਾ (,) ’ਤੇ ਹੀ ਰੁਕ ਜਾਂਦੀ ਹੈ ਤੇ ਆਖ਼ਰੀ ਵਾਕ ਮੇਰੇ ਅੱਗੇ ਹਮੇਸ਼ਾ ਸਵਾਲੀਆ ਨਿਸ਼ਾਨ ਬਣ ਮੂੰਹ ਅੱਡੀ ਖੜ੍ਹਾ ਰਹਿੰਦਾ ਹੈ।
ਈ-ਮੇਲ: vanitapoet@gmail.com
Advertisement

Advertisement