ਮੇਅਰ ਦੀ ਕੁਰਸੀ ਲਈ ਦੌੜ ’ਚ ਤਿੰਨ ਮਹਿਲਾ ਕੌਂਸਲਰ ਅੱਗੇ
ਗਗਨਦੀਪ ਅਰੋੜਾਲੁਧਿਆਣਾ, 8 ਜਨਵਰੀ
ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਤੋਂ ਬਾਅਦ ਨਗਰ ਨਿਗਮ ’ਚ ਮੇਅਰ ਦੇ ਅਹੁਦੇ ਸਬੰਧੀ ਸਸਪੈਂਸ ਖਤਮ ਹੋ ਗਿਆ ਹੈ, ਹੁਣ ਸਾਫ ਹੋ ਗਿਆ ਹੈ ਕਿ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੇਅਰ ਦੀ ਕੁਰਸੀ ’ਤੇ ਮਹਿਲਾ ਬੈਠੇਗੀ ਜਿਸ ਸਬੰਧੀ ਸਰਕਾਰ ਵੱਲੋਂ ਐਲਾਨ ਹੋ ਗਿਆ ਹੈ। ਇਸ ਐਲਾਨ ਦੇ ਨਾਲ ਹੀ ਮਹਿਲਾ ਕੌਂਸਲਰਾਂ ਵਿੱਚ ਵੀ ਮੇਅਰ ਦੀ ਕੁਰਸੀ ’ਤੇ ਬੈਠਣ ਦੀ ਦੋੜ ਸ਼ੁਰੂ ਹੋ ਗਈ ਹੈ। ਇਸ ਦੌੜ ਵਿੱਚ ਸਭ ਤੋਂ ਅੱਗੇ ਤਿੰਨ ਨਾਂ ਚੱਲ ਰਹੇ ਹਨ ਜਿਸ ਵਿੱਚ ਪ੍ਰਿੰਸੀਪਲ ਇੰਦਰਜੀਤ ਕੌਰ, ਅੰਮ੍ਰਿਤ ਵਰਸ਼ਾ ਰਾਮਪਾਲ ਤੇ ਨਿਧੀ ਗੁਪਤਾ ਸ਼ਾਮਲ ਹਨ। ਤਿੰਨੋਂ ਹੀ ਆਪਣੇ ਪੱਧਰ ’ਤੇ ਪਾਰਟੀ ਆਲ ਕਮਾਨ ਦੇ ਲੀਡਰਾਂ ਦੇ ਨਾਲ ਸੰਪਰਕ ਕਰ ਰਹੀਆਂ ਹਨ ਤਾਂ ਜੋ ਮੇਅਰ ਦੀ ਕੁਰਸੀ ਉਨ੍ਹਾਂ ਦੇ ਹਵਾਲੇ ਹੋ ਸਕੇ।
ਭਾਰਤ ਦਾ ਮਾਨਚੈਸਟਰ ਕਹੇ ਜਾਣ ਵਾਲੇ ਲੁਧਿਆਣਾ ਦੇ ਵਿਕਾਸ ਦੀ ਕਮਾਨ ਇਸ ਵਾਰ ਔਰਤ ਦੇ ਮੋਢਿਆਂ ’ਤੇ ਹੋਵੇਗੀ। ਮਹਿਲਾ ਮੇਅਰ ਦੇ ਲਈ ਕੁਰਸੀ ਰਾਖਵੀ ਹੋਣ ਤੋਂ ਬਾਅਦ ‘ਆਪ’ ਦੇ ਮਰਦ ਕੌਂਸਲਰਾਂ ਦੇ ਚਿਹਰੇ ਨਿਰਾਸ਼ ਹੋ ਗਏ ਹਨ। ਹਾਲਾਂਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਜ਼ਰੂਰ ਪੁਰਸ਼ਾ ਲਈ ਹੋਣਗੇ ਜਿਸ ਵਿੱਚ ਇੱਕ ਜਨਰਲ ਕੈਟਾਗਿਰੀ ਤੇ ਇੱਕ ਐਸਸੀ ਕੈਟਾਗਿਰੀ ਦੇ ਕੌਂਸਲਰ ਨੂੰ ਮੌਕਾ ਦਿੱਤਾ ਜਾ ਸਕਦਾ ਹੈ।
ਨਗਰ ਨਿਗਮ ਚੋਣਾਂ ਤੋਂ ਬਾਅਦ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਹੀਂ ਮਿਲਿਆ ਪਰ ‘ਆਪ’ ਵੱਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਸ ਵਾਰ ਲੁਧਿਆਣਾ ਦਾ ਮੇਅਰ ‘ਆਪ’ ਦਾ ਹੀ ਹੋਵੇਗਾ ਅਤੇ ਇਸ ਬਾਰੇ ਜਲਦੀ ਹੀ ਐਲਾਨ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਮੇਅਰ ਬਣਨ ਲਈ ਕਈ ਦਾਅਵੇਦਾਰ ਸਾਹਮਣੇ ਆਏ ਸਨ। ਕਈ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਜਿਸ ਵਿੱਚ ਸਭ ਤੋਂ ਵੱਡਾ ਨਾਮ ਰਾਕੇਸ਼ ਪਰਾਸ਼ਰ ਦਾ ਸੀ ਜੋ ਕਿ ਸਭ ਤੋਂ ਪੁਰਾਣੇ ਕੌਂਸਲਰ ਅਤੇ ਵਿਧਾਇਕ ਅਸ਼ੋਰ ਪਰਾਸ਼ਰ ਪੱਪੀ ਦੇ ਭਰਾ ਹਨ। ਇਸ ਤੋਂ ਇਲਾਵਾ ਵਿਧਾਇਕ ਮਦਨ ਲਾਲ ਬੱਗਾ ਆਪਣੇ ਪੁੱਤਰ ਅਮਨ ਬੱਗਾ ਨੂੰ ਮੇਅਰ ਬਣਾਉਣ ਦੇ ਸੁਪਨੇ ਲੈ ਰਹੇ ਸਨ। ਪਰ ਮੰਗਲਵਾਰ ਨੂੰ ਸਾਰੇ ਸਸਪੈਂਸ ਨੂੰ ਖਤਮ ਕਰਦੇ ਹੋਏ ’ਆਪ’ ਨੇ ਮੇਅਰ ਦੀ ਕੁਰਸੀ ਮਹਿਲਾ ਲਈ ਰਾਖਵੀ ਕਰਨ ਦਾ ਐਲਾਨ ਕਰ ਦਿੱਤਾ ਜਿਸ ਮਗਰੋਂ ਮਹਿਲਾ ਕੌਂਸਲਰਾਂ ਵਿੱਚ ਮੇਅਰ ਬਣਨ ਲਈ ਸੀਨੀਅਰ ਕੌਂਸਲਰ ਵੱਜੋਂ ਅੰਮ੍ਰਿਤਵਰਸ਼ਾ ਰਾਮਪਾਲ ਦਾ ਚੱਲ ਰਿਹਾ ਹੈ, ਜੋ ਪਹਿਲਾਂ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਹਨ। ਅੰਮ੍ਰਿਤਾ ਵਰਸ਼ਾ ਰਾਮਪਾਲ ਪਹਿਲਾਂ ਤਿੰਨੋਂ ਵਾਰ ਕਾਂਗਰਸ ਪਾਰਟੀ ਦੀ ਟਿਕਟ ਦੇ ਕੌਂਸਲਰ ਜਿੱਤਦੇ ਆਏ ਹਨ। ਇਸ ਵਾਰ ਉਹ ‘ਆਪ’ ਦੀ ਟਿਕਟ ’ਤੇ ਜਿੱਤੇ ਹਨ। ਦੂਜਾ ਨਾਂ ਨਿਧੀ ਗੁਪਤਾ ਦਾ ਹੈ, ਜੋ ‘ਆਪ’ ਦੇ ਵਾਲੰਟਿਅਰ ਹਨ। ਇਸ ਤੋਂ ਇਲਾਵਾ ਪ੍ਰਿੰਸੀਪਲ ਇੰਦਰਜੀਤ ਕੌਰ ਵੀ ਮੇਅਰ ਦੀ ਕੁਰਸੀ ਦੇ ਦਾਅਵੇਦਾਰਾਂ ਵਿੱਚ ਮਜ਼ਬੂਤ ਉਮੀਦਵਾਰ ਹਨ। ਉਹ ਵੀ ਲੰਮੇ ਸਮੇਂ ਤੋਂ ‘ਆਪ’ ਨਾਲ ਜੁੜੇ ਹੋਏ ਹਨ ਤੇ ਵਾਲੰਟਿਰਅ ਵਜੋਂ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਪਹਿਲੀ ਵਾਰ ਕੌਂਸਲਰ ਬਣੀ ਮਹਿਕ ਟੀਨਾ ਦੇ ਸਮਰਥਕਾਂ ਨੇ ਵੀ ਮੇਅਰ ਬਣਾਉਣ ਲਈ ਮੰਗ ਕੀਤੀ ਹੈ। ਮੇਅਰ ਬਣਾਉਣ ਲਈ ਹਾਲੇ ‘ਆਪ’ ਨੂੰ ਦੋ ਹੋਰ ਕੌਂਸਲਰਾਂ ਦੀ ਲੋੜ ਪਵੇਗੀ, ਉਸ ਤੋਂ ਬਾਅਦ ਹੀ ਮੇਅਰ ਬਣਾਇਆ ਜਾ ਸਕਦਾ ਹੈ।