ਟ੍ਰਿਬਿਊਨ ਨਿਊਜ਼ ਸਰਵਿਸਲੁਧਿਆਣਾ, 8 ਜਨਵਰੀਸਥਾਨਕ ਪੁਲੀਸ ਨੇ ਏਟੀਐੱਮ ਨਾਲ ਫੇਰਬਦਲ ਕਰਕੇ ਖਾਤਾਧਾਰਕਾਂ ਦੇ ਪੈਸੇ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਏਟੀਐੱਮ ਅੰਦਰ ਪੱਤੀ ’ਤੇ ਟੇਪ ਲਾ ਕੇ ਚੋਰੀ ਕਰਦੇ ਸਨ।ਅੱਜ ਜਦੋਂ ਤਿੰਨੇ ਮੁਲਜ਼ਮ ਮਸ਼ੀਨ ਵਿੱਚੋਂ ਪੈਸੇ ਕਢਾਉਣ ਲਈ ਆਏ ਤਾਂ ਏਟੀਐੱਮ ਦੀ ਦੇਖਭਾਲ ਕਰਨ ਵਾਲੇ ਨੂੰ ਇਸ ਦਾ ਪਤਾ ਲੱਗ ਗਿਆ ਤੇ ਉਸ ਨੇ ਬਾਹਰੋਂ ਸ਼ਟਰ ਬੰਦ ਕਰ ਦਿੱਤਾ। ਕਰਮਚਾਰੀ ਨੇ ਤੁਰੰਤ ਇਸ ਦੀ ਖ਼ਬਰ ਥਾਣਾ ਡਿਵੀਜਨ ਨੰਬਰ 7 ਦੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਰਾਮ, ਸੰਜੂ ਤੇ ਮਮਤਾ ਵਾਸੀ ਨੂਰਮਹਿਲ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।ਸ਼ਿਕਾਇਤਕਰਤਾ ਵਿਪਨ ਚੰਦਰ ਨੇ ਦੱਸਿਆ ਕਿ ਉਸ ਦਾ ਤਾਜਪੁਰ ਰੋਡ ’ਤੇ ਟਾਈਲਾਂ ਦਾ ਸ਼ੋਅਰੂਮ ਹੈ ਤੇ ਇਥੇ ਇੱਕ ਪ੍ਰਾਈਵੇਟ ਬੈਂਕ ਦਾ ਏਟੀਐੱਮ ਵੀ ਲੱਗਿਆ ਹੋਇਆ ਹੈ। ਮਸ਼ੀਨ ਦੀ ਸਾਂਭ-ਸੰਭਾਲ ਵੀ ਉਹੀ ਕਰਦਾ ਹੈ, ਜਿਸ ਲਈ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਵੀ ਲਗਾਏ ਹਨ। ਸ਼ਾਮ 4 ਵਜੇ ਦੇ ਕਰੀਬ ਉਨ੍ਹਾਂ ਦੇ ਕਰਮਚਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਕੋਈ ਵਿਅਕਤੀ ਏਟੀਐੱਮ ਤੋਂ ਪੈਸੇ ਕਢਵਾਉਣ ਗਿਆ ਤਾਂ ਖਾਤੇ ਵਿੱਚੋਂ ਇੱਕ ਹਜ਼ਾਰ ਰੁਪਏ ਕੱਟੇ ਗਏ ਪਰ ਏਟੀਐੱਮ ’ਚੋਂ ਪੈਸੇ ਨਹੀਂ ਨਿਕਲੇ। ਜਦੋਂ ਉਸ ਨੇ ਜਾ ਕੇ ਏਟੀਐੱਮ ਦੀ ਜਾਂਚ ਕੀਤੀ ਤਾਂ ਪੈਸੇ ਨਿਕਲਣ ਵਾਲੀ ਥਾਂ ’ਤੇ ਇੱਕ ਪੱਤੀ ਲਾ ਕੇ ਰਾਹ ਡੱਕਿਆ ਹੋਇਆ ਸੀ। ਪੱਤੀ ਬਾਹਰ ਕੱਢੀ ਤਾਂ ਇੱਕ ਹਜ਼ਾਰ ਰੁਪਏ ਵੀ ਨਿਕਲ ਆਏ। ਇਸ ਮਗਰੋਂ ਉਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇੱਕ ਔਰਤ ਤੇ ਦੋ ਵਿਅਕਤੀ ਉਥੇ ਟੇਪ ਨਾਲ ਪੱਤੀ ਲਗਾ ਕੇ ਗਏ ਸਨ। ਉਕਤ ਵਿਅਕਤੀ ਜਦੋਂ ਮੁੜ ਏਟੀਐੱਮ ਕੋਲ ਗਏ ਤਾਂ ਉਨ੍ਹਾਂ ਬਾਹਰ ਖੜ੍ਹੇ ਨੌਜਵਾਨ ਨੂੰ ਫੜ ਲਿਆ ਤੇ ਏਟੀਐੱਮ ਦਾ ਸ਼ਟਰ ਬੰਦ ਕਰ ਦਿੱਤਾ ਤੇ ਪੁਲੀਸ ਨੂੰ ਸੂਚਿਤ ਕੀਤਾ। ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ ਲਾਲ ਰੰਗ ਦੀ ਟੇਪ, ਏਟੀਐੱਮ ਕਾਰਡ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ।