ਮੁੱਖ ਸਕੱਤਰ ਨੇ ਪੰਜਾਬੀ ’ਚ ਜਾਰੀ ਕੀਤਾ ਬਦਲੀਆਂ ਦਾ ਪੱਤਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਅਪਰੈਲ
ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਨੂੰ ਭੇਜੇ ਗਏ ਦੋ ਪੱਤਰਾਂ ਦਾ ਅਸਰ ਹੋ ਗਿਆ ਹੈ। ਮੁੱਖ ਸਕੱਤਰ ਕੇਏਪੀ ਸਿਨਹਾ ਵੱਲੋਂ ਅੱਜ ਪਹਿਲੀ ਵਾਰ ਪੰਜਾਬੀ ਵਿੱਚ ਪੱਤਰ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਭਾਸ਼ਾ ਵਿਭਾਗ ਦੇ ਡਾਇਰੈਕਟਰ ਤੱਕ ਲਗਾਤਾਰ ਆਮ ਲੋਕਾਂ ਵੱਲੋਂ ਇਹ ਜਾਣਕਾਰੀ ਪੁੱਜਦੀ ਕੀਤੀ ਜਾ ਰਹੀ ਸੀ ਕਿ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਹਰੇਕ ਪੱਤਰ (ਨਿਯੁਕਤੀਆਂ/ਤਾਇਨਾਤੀਆਂ) ਅੰਗਰੇਜ਼ੀ ਵਿੱਚ ਜਾਰੀ ਹੁੰਦਾ ਹੈ। ਇਸ ਕਰ ਕੇ ਪੰਜਾਬ ਭਰ ’ਚ ਅਫ਼ਸਰਸ਼ਾਹੀ ਅਤੇ ਹੋਰ ਮੁਲਾਜ਼ਮਾਂ ’ਤੇ ਇਸ ਦਾ ਗ਼ਲਤ ਪ੍ਰਭਾਵ ਪੈ ਰਿਹਾ ਹੈ। ਇਸ ਮਗਰੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਜਾਰੀ ਕਰਦਿਆਂ ਰਾਜ ਭਾਸ਼ਾ ਐਕਟ-2008 ਦੇ ਮੱਦੇਨਜ਼ਰ ਸਾਰਾ ਕੰਮ ਪੰਜਾਬੀ ਵਿੱਚ ਕਰਨ ਲਈ ਕਿਹਾ ਸੀ। ਇਸ ਸਬੰਧੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਵੱਲੋਂ ਲਗਾਤਾਰ ਦੂਜਾ ਪੱਤਰ ਜਾਰੀ ਹੋਣ ਮਗਰੋਂ ‘ਪੰਜਾਬੀ ਟ੍ਰਿਬਿਊਨ’ ਵਿੱਚ ਵਿਸ਼ੇਸ਼ ਰਿਪੋਰਟ ਵੀ ਪ੍ਰਕਾਸ਼ਿਤ ਹੋਈ ਤਾਂ ਅੱਜ ਪੱਤਰ ਨੰਬਰ 354/4-4-2025 ਆਈਏਐੱਸ ਪਰਮਿੰਦਰਪਾਲ ਸਿੰਘ, ਆਈਏਐੱਸ ਰਾਹੁਲ ਚਾਬਾ ਤੇ ਪੀਸੀਐੱਸ ਅਨਿਲ ਗੁਪਤਾ ਦੀਆਂ ਬਦਲੀਆਂ ਤੇ ਤਾਇਨਾਤੀਆਂ ਦਾ ਪੱਤਰ ਅੰਗਰੇਜ਼ੀ ਦੀ ਥਾਂ ਪੰਜਾਬੀ ’ਚ ਜਾਰੀ ਕੀਤਾ ਗਿਆ। ਸਰਕਾਰ ਦੇ ਮੁੱਖ ਸਕੱਤਰ ਵੱਲੋਂ ਪੰਜਾਬੀ ’ਚ ਪੱਤਰ ਜਾਰੀ ਕਰਨ ਨਾਲ ਪੰਜਾਬ ਦੇ ਅਧਿਕਾਰੀਆਂ ਨੂੰ ਪੰਜਾਬੀ ’ਚ ਕੰਮ ਕਰਨ ਲਈ ਪਾਬੰਦ ਹੋਣਾ ਪਵੇਗਾ, ਕਿਉਂਕਿ ਹੁਣ ਤੱਕ ਇਹੀ ਕਿਹਾ ਜਾਂਦਾ ਰਿਹਾ ਹੈ ਕਿ ਪੰਜਾਬ ’ਚ ਪੰਜਾਬੀ ਲਾਗੂ ਕਰਨ ਤੋਂ ਅਫ਼ਸਰ ਹੀ ਟਾਲ਼ਾ ਵੱਟਦੇ ਹਨ। ਇਸੇ ਕਰ ਕੇ ਛੋਟੇ ਅਧਿਕਾਰੀ ਵੀ ਪੰਜਾਬੀ ’ਚ ਕੰਮ ਕਰਨ ਤੋਂ ਕਿਨਾਰਾ ਕਰ ਜਾਂਦੇ ਹਨ।