ਮੁੱਖ ਮੰਤਰੀ ਨੂੰ ਮਿਲਣ ਦੀ ਉਡੀਕ ’ਚ ਹਲਕਾ ਧੂਰੀ ਦੇ ਸਰਪੰਚ
ਧੂਰੀ, 14 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਲੰਬੀ ਹੋ ਰਹੀ ਉਡੀਕ ਤੋਂ ਹਲਕਾ ਧੂਰੀ ਦੇ ਸਰਪੰਚਾਂ ਵਿੱਚ ਨਿਰਾਸ਼ਾ ਦਾ ਆਲਮ ਹੈ। ਯਾਦ ਰਹੇ ਕਿ ਪਿਛਲੇ ਕਈ ਮਹੀਨਿਆਂ ਤੋਂ ਬਲਾਕ ਪੰਚਾਇਤ ਯੂਨੀਅਨ ਦੀ ਅਗਵਾਈ ਹੇਠ ਬਹੁਗਿਣਤੀ ਸਰਪੰਚ ਹਲਕਾ ਧੂਰੀ ਦੇ ਨੁਮਾਇੰਦੇ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਰੂ-ਬ-ਰੂ ਹੋ ਕੇ ਪੰਚਾਇਤਾਂ ਨੂੰ ਦਰਪੇਸ਼ ਮਸਲਿਆਂ ਨੂੰ ਸਿੱਧੇ ਤੌਰ ’ਤੇ ਰੱਖਣ ਦੇ ਇਛੁੱਕ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਪੰਚਾਂ ਨਾਲ ਭਾਵੇਂ ਇੱਕ ਓਐੱਸਡੀ ਦੋ ਮੀਟਿੰਗਾਂ ਕਰ ਚੁੱਕੇ ਹਨ ਪਰ ਸਰਪੰਚ ਮੁੱਖ ਮੰਤਰੀ ਨੂੰ ਹਲਕੇ ਦੇ ਨੁਮਾਇੰਦੇ ਵਜੋਂ ਮਿਲਣ ਦੇ ਹੱਕ ਦਾ ਹਵਾਲਾ ਦੇ ਰਹੇ ਹਨ। ਮੁੱਖ ਮੰਤਰੀ ਨੂੰ ਮਿਲਣ ਲਈ ਇੱਕ ਹਫ਼ਤਾ ਪਹਿਲਾਂ ਬਲਾਕ ਦੇ ਕਈ ਸਰਪੰਚਾਂ ਨੇ ਉਨ੍ਹਾਂ ਦੇ ਕਰੀਬੀ ਸਮਝੇ ਜਾਂਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨਾਲ ਲੱਡਾ ਵਿੱਚ ਮੁਲਾਕਾਤ ਕੀਤੀ ਜਿਨ੍ਹਾਂ ਨੇ ਦੋ ਚਾਰ ਦਿਨਾਂ ਵਿੱਚ ਹੀ ਮੁੱਖ ਮੰਤਰੀ ਨਾਲ ਮਿਲਾਉਣ ਦਾ ਭਰੋਸਾ ਦਿੱਤਾ ਸੀ। ਸਰਪੰਚ ਹਰਜੀਤ ਸਿੰਘ ਬੁਗਰਾ ਨੇ ਕਿਹਾ ਕਿ ਅਫ਼ਸਰਸ਼ਾਹੀ ਕੋਲ ਆਪਣੇ ਮਸਲੇ ਰੱਖਦੇ ਹਨ ਪਰ ਉਹ ਗੰਭੀਰ ਮਾਮਲਿਆਂ ਨੂੰ ਹਲਕੇ ਵਿੱਚ ਲੈ ਰਹੇ ਹਨ। ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਜਗਸੀਰ ਸਿੰਘ ਜੱਗਾ ਭੋਜੋਵਾਲੀ ਨੇ ਦੱਸਿਆ ਕਿ ਨਵੀਆਂ ਪੰਚਾਇਤਾਂ ਬਣਨ ਮਗਰੋਂ ਹਾਲੇ ਤੱਕ ਆਪਣੇ ਨੁਮਾਇੰਦੇ ਨੂੰ ਨਾ ਮਿਲ ਸਕਣ ਦੇ ਮਾਮਲੇ ’ਤੇ ਉਨ੍ਹਾਂ ਨੂੰ ਪਿੰਡਾਂ ’ਚ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਤਣਜ਼ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੁੱਖ ਮੰਤਰੀ ਤੇ ਸਰਪੰਚਾਂ ਦਰਮਿਆਨ ਮੀਟਿੰਗ ਦੀ ਤਿਆਰੀ: ਘਰਾਚੋਂ
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੇ ਦੱਸਿਆ ਕਿ ਸਰਪੰਚਾਂ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਲਈ ਓਐੱਸਡੀ ਨਾਲ ਗੱਲ ਹੋਈ ਸੀ ਅਤੇ ਮੁੱਖ ਮੰਤਰੀ ਤੇ ਸਰਪੰਚਾਂ ਦਰਮਿਆਨ ਮੀਟਿੰਗ ਕਰਵਾਉਣ ਦੀ ਤਿਆਰੀ ਹੈ। ਉਨ੍ਹਾਂ ਦੱਸਿਆ ਕਿ ਬਾਰਾਂ-ਬਾਰਾਂ ਕਰਕੇ ਹਲਕੇ ਦੀਆਂ 74 ਪੰਚਾਇਤਾਂ ਦੇ ਸਰਪੰਚਾਂ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਦੀ ਤਜਵੀਜ਼ ਹੈ।