ਮੁੱਖ ਮੰਤਰੀ ਦਫ਼ਤਰ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਧੂਰੀ, 24 ਦਸੰਬਰ
ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਵਿੱਚ ਅੱਜ ਓਐੱਸਡੀ ਰਾਜਵੀਰ ਸਿੰਘ ਨੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਹਲਕਾ ਧੂਰੀ ਦੇ ਪਿੰਡ ਬੇਨੜਾ ਤੋਂ ਸਰਪੰਚ ਗੋਪਾਲ ਕ੍ਰਿਸ਼ਨ ਤੇ ਹੋਰਨਾਂ ਨੇ ਬੇਨੜਾ-ਫਤਿਹਗੜ੍ਹ ਛੰਨਾ ਸੜਕ ਬਣਾਉਣ, ਬੇਨੜਾ-ਸਾਰੋਂ, ਬੇਨੜਾ-ਪੇਧਨੀ, ਬੇਨੜਾ-ਕੱਕੜਵਾਲ, ਬੇਨੜਾ-ਮਾਨਵਾਲਾ ਸੜਕਾਂ 18 ਫੁੱਟੀਆਂ ਕਰਨ, ਪਸ਼ੂ ਡਿਸਪੈਂਸਰੀ ਨੂੰ ਅਪਗਰੇਡ ਕਰਨ, ਪਿੰਡ ’ਚੋਂ ਲੰਘਦੀ ਡਰੇਨ ਨੂੰ ਪੱਕਾ ਕਰਨ ਦੀ ਮੰਗ ਕੀਤੀ। ਨੰਬਰਦਾਰ ਯੂਨੀਅਨ ਪੰਜਾਬ ਦੇ ਮੈਂਬਰਾਂ ਮਾਸਟਰ ਜਗਤਾਰ ਸਿੰਘ, ਨਿਰਮਲ ਸਿੰਘ ਬੇਨੜਾ ਅਤੇ ਕੇਸਰ ਸਿੰਘ ਨੇ ਨੰਬਰਦਾਰਾਂ ਨੂੰ ਜੱਦੀ-ਪੁਸ਼ਤੀ ਨੰਬਰਦਾਰੀ ਦੇਣ, ਮਾਣਭੱਤੇ ’ਚ ਵਾਧਾ ਅਤੇ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦੀ ਮੰਗ ਕੀਤੀ। ਪਿੰਡ ਦੁਗਨੀ ਤੋਂ ਮੁਸਲਿਮ ਭਾਈਚਾਰੇ ਨੇ ਧਰਮਸ਼ਾਲਾ ਬਣਾਉਣ ਸਮੇਤ ਹੋਰ ਮੰਗਾਂ ਰੱਖੀਆਂ ਅਤੇ ਪਿੰਡ ਹਸ਼ਨਪੁਰ ਦੇ ਲੋਕਾਂ ਨੇ ਓਐੱਸਡੀ ਨਾਲ ਮੁਲਾਕਾਤ ਕੀਤੀ। ਧੂਰੀ ਦੇ ਇੱਕ ਮੁਹੱਲੇ ’ਚ ਲੱਗ ਰਹੇ ਟਾਵਰ ਦਾ ਵਿਰੋਧ ਕਰਦੇ ਲੋਕਾਂ ਨੇ ਓਐੱਸਡੀ ਕੋਲ ਤਿੱਖਾ ਰੋਸ ਜਿਤਾਇਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਵਿੱਚ ਬਦਲੀਆਂ ਲਈ ਵੀ ਕਈ ਮੁਲਾਜ਼ਮਾਂ ਨੇ ਆਪੋ-ਆਪਣੀ ਮੰਗ ਰੱਖੀ। ਓਐਸਡੀ ਰਾਜਵੀਰ ਸਿੰਘ ਨੇ ਕਿਹਾ ਕਿ ਪਿੰਡਾਂ ਨੂੰ ਗ੍ਰਾਂਟਾਂ ਦੇਣ ਲਈ ਉਨ੍ਹਾਂ ਤੋਂ ਤਜਵੀਜ਼ਾਂ ਮੰਗੀਆਂ ਗਈਆਂ ਹਨ ਅਤੇ ਪਿਛਲੇ ਦਿਨੀਂ ਜੋ ਤਰਜੀਹੀ ਤਜਵੀਜ਼ਾਂ ਪੁੱਜੀਆਂ ਹਨ ਉਨ੍ਹਾਂ ’ਤੇ ਅਮਲੀ ਤੌਰ ’ਤੇ ਕੰਮ ਹੋ ਰਿਹਾ ਹੈ। ਇਸ ਮੌਕੇ ਦਫ਼ਤਰ ਟੀਮ ਮੈਂਬਰ ਰਮਨਦੀਪ ਸਿੰਘ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਘਨੌਰ, ਹਰਪ੍ਰੀਤ ਸਿੰਘ ਗਿੱਲ, ਟਰੇਡ ਵਿੰਗ ਆਗੂ ਪੁਸਪਿੰਦਰ ਸ਼ਰਮਾ ਅਤੇ ਹੋਰ ਆਗੂ ਵਰਕਰ ਹਾਜ਼ਰ ਸਨ।